ਫਿਨਲੈਂਡ ਟ੍ਰੇਨਿੰਗ: ਸਟੇਟ ਤੇ ਨੈਸ਼ਨਲ ਐਵਾਰਡੀ ਅਧਿਆਪਕ ਨਿਰਾਸ਼
ਮਨੋਜ ਸ਼ਰਮਾ
ਬਠਿੰਡਾ, 1 ਫਰਵਰੀ
ਪੰਜਾਬ ਸਰਕਾਰ ਵੱਲੋਂ ਫਿਨਲੈਂਡ ਟ੍ਰੇਨਿੰਗ ਦਾ ਦੂਜਾ ਪੜਾਅ ਸ਼ੁਰੂ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਲਈ ਅਪਲਾਈ ਕਰਨ ਵਾਸਤੇ 2 ਫਰਵਰੀ ਸ਼ਾਮ 5 ਵਜੇ ਤੱਕ ਈ ਪੋਰਟਲ ਖੁੱਲ੍ਹਾ ਰੱਖਿਆ ਗਿਆ ਹੈ ਪਰ ਫਿਰ ਵੀ ਐਲੀਮੈਂਟਰੀ ਟੀਚਰ ਟ੍ਰੇਨਿੰਗ ਪ੍ਰਾਪਤ ਸਟੇਟ ਐਵਾਰਡੀ ਅਧਿਆਪਕਾਂ ਦੀ ਉਮਰ ਹੱਦ ਟੱਪਣ ਕਾਰਨ ਉੱਚ ਸਿੱਖਿਆ ਵਾਲੇ ਵਿਦੇਸ਼ੀ ਟੂਰ ਲਈ ਜਾਣਾ ਦੂਰ ਦੀ ਗੱਲ ਜਾਪ ਰਹੀ ਹੈ। ਸਿੱਖਿਆ ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ ਵਿੱਚ ਸਟੇਟ ਤੇ ਨੈਸ਼ਨਲ ਐਵਾਰਡੀ ਅਧਿਆਪਕਾਂ ਨੂੰ ਉਮਰ ਛੋਟ ਨਹੀਂ ਦਿੱਤੀ ਗਈ। ਭਾਵੇਂ, ਜੋ ਅਧਿਆਪਕ ਇਸ ਟ੍ਰੇਨਿੰਗ ਲਈ ਅਪਲਾਈ ਕਰਦੇ ਹਨ, ਉਨ੍ਹਾਂ ਨੂੰ ਸਟੇਟ ਜਾਂ ਨੈਸ਼ਨਲ ਐਵਾਰਡ ਹੋਣ ’ਤੇ ਵਾਧੂ ਨੰਬਰ ਮਿਲਦੇ ਹਨ ਪਰ ਈਟੀਟੀ (ਐਲੀਮੈਂਟਰੀ ਟੀਚਰ ਟ੍ਰੇਨਿੰਗ) ਅਧਿਆਪਕਾਂ ਲਈ ਉਮਰ ਸੀਮਾ 43 ਸਾਲ ਰੱਖੀ ਗਈ ਹੈ। ਇਸ ਕਾਰਨ ਕਈ ਐਵਾਰਡ ਜੇਤੂ ਅਧਿਆਪਕ ਅਯੋਗ ਹੋ ਗਏ ਹਨ। ਉਮਰ ਹੱਦ ਸਬੰਧੀ ਬਠਿੰਡਾ ਜ਼ਿਲ੍ਹੇ ਦੇ ਇਕਲੌਤੇ ਨੈਸ਼ਨਲ ਐਵਾਰਡੀ ਅਧਿਆਪਕ ਰਾਜਿੰਦਰ ਸਿੰਘ (ਸਰਕਾਰੀ ਪ੍ਰਾਇਮਰੀ ਸਕੂਲ ਕੋਠੇ ਇੰਦਰ ਸਿੰਘ) ਨੇ ਨਿਰਾਸ਼ਾ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਉਹ 45 ਤੋਂ ਉੱਪਰ ਹਨ ਅਤੇ ਪੰਜਾਬ ਸਰਕਾਰ ਵੱਲੋਂ ਉਮਰ ਛੋਟ ਨਾ ਮਿਲਣ ਕਰ ਕੇ ਉਹ ਇਸ ਟ੍ਰੇਨਿੰਗ ਦਾ ਹਿੱਸਾ ਨਹੀਂ ਬਣ ਸਕਣਗੇ। ਇਸੇ ਤਰ੍ਹਾਂ ਬਠਿੰਡਾ ਦੇ ਸਟੇਟ ਐਵਾਰਡੀ ਅਧਿਆਪਕ ਸੁਖਪਾਲ ਸਿੰਘ ਨਥਾਣਾ ਅਤੇ ਨਿਰਭੈ ਸਿੰਘ ਵੀ ਉਮਰ ਸੀਮਾ ਕਾਰਨ ਅਯੋਗ ਹੋ ਗਏ ਹਨ। ਇਨ੍ਹਾਂ ਅਧਿਆਪਕਾਂ ਨੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਜਿਨ੍ਹਾਂ ਅਧਿਆਪਕਾਂ ਨੇ ਅਧਿਆਪਨ ਖੇਤਰ ਵਿੱਚ ਸ਼ਲਾਘਾਯੋਗ ਯੋਗਦਾਨ ਪਾਇਆ ਹੈ, ਉਨ੍ਹਾਂ ਨੂੰ ਪਹਿਲ ਦੇ ਆਧਾਰ ’ਤੇ ਮੌਕਾ ਮਿਲਣਾ ਚਾਹੀਦਾ ਹੈ।