ਪਲਾਸਟਿਕ ਦਾ ਸਾਮਾਨ ਵੇਚਣ ’ਤੇ ਦੁਕਾਨਦਾਰ ਨੂੰ ਜੁਰਮਾਨਾ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 30 ਨਵੰਬਰ
ਨਗਰ ਕੌਂਸਲ ਦੇ ਕਾਰਜਕਾਰੀ ਅਧਿਕਾਰੀ ਅਭੈ ਯਾਦਵ ਨੇ ਦੱਸਿਆ ਕਿ ਕੌਮਾਂਤਰੀ ਗੀਤਾ ਮਹਾਉਤਸਵ ਵਿਚ ਪਲਾਸਟਿਕ ਦੀਆਂ ਐਨਕਾਂ ਆਦਿ ਦੀ ਵਰਤੋਂ ਕਰਨ ’ਤੇ 500 ਰੁਪਏ ਦਾ ਜੁਰਮਾਨਾ ਕੀਤਾ ਗਿਆ। ਪ੍ਰਸ਼ਾਸਨ ਨੇ ਇਸ ਦੁਕਾਨਦਾਰ ਨੂੰ ਨੋਟਿਸ ਕਰਦਿਆਂ ਕਿਹਾ ਕਿ ਜੇਕਰ ਇਸ ਮੇਲੇ ਮੌਕੇ ਪਲਾਸਟਿਕ ਦੀ ਵਰਤੋਂ ਕੀਤੀ ਗਈ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਐੱਨਪੀਈਓ ਅਭੈ ਯਾਦਵ ਨੇ ਕੌਮਾਂਤਰੀ ਗੀਤਾ ਮਹਾਉਤਸਵ ਦੇ ਸ਼ਿਲਪਕਾਰੀ ਤੇ ਸਰਸ ਮੇਲੇ ਦਾ ਨਿਰੀਖਣ ਕੀਤਾ। ਇਸ ਤੋਂ ਪਹਿਲਾਂ ਉਨ੍ਹਾਂ ਨੇ ਤਿਉਹਾਰ ਵਿਚ ਖਾਣ-ਪੀਣ ਵਾਲੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਤੇ ਪਲਾਸਟਿਕ, ਡਿਸਪੋਜੇਬਲ ਗਲਾਸ ਤੇ ਕੱਪਾਂ ਦੀ ਵਰਤੋਂ ਦੀ ਜਾਂਚ ਕੀਤੀ। ਇੱਕ ਦੁਕਾਨਦਾਰ ਕੋਲੋਂ ਇਹ ਸਭ ਕੁਝ ਮਿਲਣ ’ਤੇ ਉਸ ਨੂੰ ਪੰਜ ਸੌ ਰੁਪਏ ਜੁਰਮਾਨਾ ਵੀ ਕੀਤਾ ਗਿਆ ਤੇ ਡਿਸਪੋਜੇਬਲ ਕੱਪਾਂ ਤੇ ਗਲਾਸਾਂ ਵਿਚ ਚਾਹ-ਪਾਣੀ ਸਪਲਾਈ ਕਰਨ ਵਾਲੇ ਦੁਕਾਨਦਾਰਾਂ ਨੂੰ ਨੋਟਿਸ ਵੀ ਜਾਰੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਨੇਹਾ ਸਿੰਘ ਦੇ ਹੁਕਮਾਂ ਅਨੁਸਾਰ ਕੌਮਾਂਤਰੀ ਗੀਤਾ ਮਹਾਉਤਸਵ ਨੂੰ ਪਲਾਸਟਿਕ ਮੁਕਤ ਕਰਨ ਤੇ ਸਫਾਈ ਵੱਲ ਵਿਸ਼ੇਸ਼ ਧਿਆਨ ਦੇਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਇਸ ਸਬੰਧੀ ਟੀਮਾਂ ਨਿਯੁਕਤ ਗਈਆਂ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਤੇ ਕੇਡੀਬੀ ਨੇ ਕੌਮਾਂਤਰੀ ਮਹਾਉਤਸਵ ਵਿਚ ਸਫ਼ਾਈ ਨੂੰ ਲੈ ਕੇ ਸਖ਼ਤ ਰਵੱਈਆ ਅਪਣਾਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਜੇ ਕੋਈ ਦੁਕਾਨਦਾਰ ਨਿਰਧਾਰਤ ਹੱਦ ਤੋਂ ਵੱਧ ਸਾਮਾਨ ਰੱਖਦਾ ਹੈ ਤਾਂ ਉਸ ਦਾ ਸਾਮਾਨ ਜ਼ਬਤ ਕਰ ਲਿਆ ਜਾਵੇਗਾ।