For the best experience, open
https://m.punjabitribuneonline.com
on your mobile browser.
Advertisement

ਵਾਤਾਵਰਨ ’ਚ ਜ਼ਹਿਰ ਘੋਲਦੇ ਮਹੀਨ ਪਲਾਸਟਿਕ ਕਣ

06:56 AM Feb 18, 2024 IST
ਵਾਤਾਵਰਨ ’ਚ ਜ਼ਹਿਰ ਘੋਲਦੇ ਮਹੀਨ ਪਲਾਸਟਿਕ ਕਣ
Advertisement

ਅਸ਼ਵਨੀ ਚਤਰਥ

Advertisement

ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਨਤੋਨੀਓ ਗੁਟੇਰੇਸ ਨੇ ਇੱਕ ਕੌਮਾਂਤਰੀ ਪ੍ਰੋਗਰਾਮ ਵਿੱਚ ਬੋਲਦਿਆਂ ਆਲਮੀ ਭਾਈਚਾਰੇ ਨੂੰ ਚੇਤੰਨ ਕਰਦਿਆਂ ਕਿਹਾ ਸੀ: ਮਨੁੱਖ ਕੋਲ ਹਾਲੇ ਵੀ ਸਮਾਂ ਹੈ ਕਿ ਉਹ ਬਿਨਾਂ ਦੇਰ ਕੀਤਿਆਂ ਪਲਾਸਟਿਕ ਪਦਾਰਥਾਂ ਦੇ ਕੂੜੇ ਨੂੰ ਘੱਟ ਕਰੇ ਅਤੇ ਇਸ ਕਾਰਨ ਵਾਤਾਵਰਨ ਨੂੰ ਹੋਣ ਵਾਲਾ ਗੰਭੀਰ ਨੁਕਸਾਨ ਬੰਦ ਕਰੇ। ਉਨ੍ਹਾਂ ਅੱਗੇ ਕਿਹਾ ਸੀ ਕਿ ਜੇਕਰ ਕੁੰਭਕਰਨ ਦੀ ਨੀਂਦੇ ਸੁੱਤਾ ਮਨੁੱਖ ਹਾਲੇ ਵੀ ਨਾ ਜਾਗਿਆ ਤਾਂ ਚੌਗਿਰਦੇ ਨੂੰ ਹੋਣ ਵਾਲੇ ਨੁਕਸਾਨ ਨੂੰ ਮੋੜਾ ਪਾਉਣਾ ਤੇ ਵਾਤਾਵਰਨ ਨੂੰ ਰਹਿਣ ਯੋਗ ਬਣਾਉਣਾ ਮੁਸ਼ਕਲ ਹੀ ਨਹੀਂ ਸਗੋਂ ਅਸੰਭਵ ਹੋਵੇਗਾ। ਜ਼ਿਕਰਯੋਗ ਹੈ ਕਿ ਸਮੁੱਚੀ ਦੁਨੀਆ ਉੱਤੇ ਹਰ ਸਾਲ 40 ਕਰੋੜ ਟਨ ਤੋਂ ਵੱਧ ਪਲਾਸਟਿਕ ਪੈਦਾ ਕੀਤਾ ਜਾਂਦਾ ਹੈ ਜਿਸ ਵਿੱਚੋਂ ਇੱਕ ਤਿਹਾਈ ਹਿੱਸਾ ਤਾਂ ਸਿਰਫ਼ ਇੱਕ ਵਾਰ ਹੀ ਵਰਤਣਯੋਗ ਹੁੰਦਾ ਹੈ। ਇਸ ਦੇ ਸਿੱਟੇ ਵਜੋਂ ਹਰ ਸਾਲ ਪਲਾਸਟਿਕ ਕੂੜੇ ਦੇ 2000 ਦੇ ਕਰੀਬ ਟਰੱਕ ਵੱਖ ਵੱਖ ਜਲ ਸਰੋਤਾਂ ਜਿਵੇਂ ਸਮੁੰਦਰਾਂ, ਦਰਿਆਵਾਂ, ਨਹਿਰਾਂ, ਛੱਪੜਾਂ ਅਤੇ ਤਲਾਬਾਂ ਵਿੱਚ ਸੁੱਟ ਦਿੱਤੇ ਜਾਂਦੇ ਹਨ। ਪਿੰਡਾਂ ਅਤੇ ਸ਼ਹਿਰਾਂ ਵਿੱਚ ਹਰ ਵੇਲੇ ਲੱਗੇ ਰਹਿੰਦੇ ਪਲਾਸਟਿਕ ਕੂੜੇ ਦੇ ਢੇਰ ਉਕਤ ਕੂੜੇ ਤੋਂ ਵੱਖਰੇ ਹਨ। ਇਨ੍ਹਾਂ ਢੇਰਾਂ ਨੂੰ ਸਮਾਜ ਦੇ ਕੁਝ ਨਾਸਮਝ ਅਤੇ ਗ਼ੈਰ-ਜ਼ਿੰਮੇਵਾਰ ਲੋਕਾਂ ਵੱਲੋਂ ਅੱਗ ਲਗਾ ਕੇ ਤੇ ਜ਼ਹਿਰੀਲੀਆਂ ਗੈਸਾਂ ਛੱਡ ਕੇ ਹਵਾ ਨੂੰ ਗੰਧਲਾ ਕਰਨ ਦਾ ਕੰਮ ਕੀਤਾ ਜਾਂਦਾ ਹੈ ਜੋ ਕਿ ਬੇਹੱਦ ਸ਼ਰਮਨਾਕ ਵਰਤਾਰਾ ਹੈ। ਪਲਾਸਟਿਕ ਕੂੜੇ ਦਾ ਸਭ ਤੋਂ ਖ਼ਤਰਨਾਕ ਰੂਪ ਇਸ ਕੂੜੇ ਤੋਂ ਬਣਦੇ ਪਲਾਸਟਿਕ ਦੇ ਸੂਖ਼ਮ ਕਣ ਹਨ ਜਿਨ੍ਹਾਂ ਨੂੰ ਪਲਾਸਟਿਕ ਦੇ ਮਹੀਨ ਕਣ ਕਹਿੰਦੇ ਹਨ। ਇਹ ਪਲਾਸਟਿਕ ਸੂਖਮ ਕਣ ਸਾਡੇ ਆਲੇ-ਦੁਆਲੇ ਭਾਵ ਸਾਡੀ ਮਿੱਟੀ, ਪਾਣੀ ਅਤੇ ਹਵਾ ਵਿੱਚ ਮੌਜੂਦ ਅਜਿਹੇ ਕਣ ਹਨ ਜਿਨ੍ਹਾਂ ਦਾ ਆਕਾਰ 5 ਮਿਲੀਮੀਟਰ ਤੋਂ ਘੱਟ ਹੁੰਦਾ ਹੈ। ਮਨੁੱਖੀ ਕਿਰਿਆਵਾਂ ਨਾਲ ਇਨ੍ਹਾਂ ਕਣਾਂ ਦੀ ਮਾਤਰਾ ਵਿੱਚ ਹੋ ਰਹੇ ਲਗਾਤਾਰ ਵਾਧੇ ਤੋਂ ਸਮੂਹ ਸੰਸਾਰ ਦੇ ਵਿਗਿਆਨੀ ਬੇਹੱਦ ਫ਼ਿਕਰਮੰਦ ਹਨ। ਉਨ੍ਹਾਂ ਦੀ ਚਿੰਤਾ ਜ਼ਾਇਜ਼ ਵੀ ਹੈ ਕਿਉਂਕਿ ਇਹ ਸੂਖ਼ਮ ਕਣ ਮਨੁੱਖ ਦੇ ਨਾਲ ਨਾਲ ਬਾਕੀ ਜੀਵ-ਜੰਤੂਆਂ ਅਤੇ ਪੌਦਿਆਂ ਵਿੱਚ ਵੀ ਭਿਆਨਕ ਬਿਮਾਰੀਆਂ ਦਾ ਕਾਰਨ ਬਣ ਰਹੇ ਹਨ। ਇਨ੍ਹਾਂ ਕਣਾਂ ਦੇ ਪੈਦਾ ਹੋਣ ਦੇ ਕਾਰਨਾਂ ਦਾ ਪਤਾ ਲਗਾਉਣ ਤੋਂ ਖੁਲਾਸਾ ਹੋਇਆ ਹੈ ਕਿ ਧਰਤੀ ਦੇ ਸਮੂਹ ਜੀਵਾਂ ਲਈ ਘਾਤਕ ਇਹ ਕਣ ਟਾਇਰਾਂ ਦੇ ਰਗੜਨ, ਪਿੰਡਾਂ ਅਤੇ ਸ਼ਹਿਰਾਂ ਵਿੱਚ ਲੱਗੇ ਕੂੜੇ ਦੇ ਢੇਰਾਂ ਉੱਤੇ ਗਰਮੀ ਅਤੇ ਵਰਖਾ ਦੇ ਪ੍ਰਭਾਵ ਕਾਰਨ, ਪਲਾਸਟਿਕ ਦੇ ਲਿਫ਼ਾਫ਼ੇ ਤੇ ਬੋਤਲਾਂ ਦੇ ਟੁੱਟਣ-ਭੱਜਣ, ਸਿਗਰਟਾਂ ਦੇ ਫਿਲਟਰਾਂ, ਭੋਜਨ ਅਤੇ ਹੋਰ ਵਸਤਾਂ ਨੂੰ ਪੈਕਿੰਗ ਕਰਨ ਲਈ ਵਰਤਿਆ ਜਾਂਦਾ ਪਲਾਸਟਿਕ, ਕੂੜੇ ਦੇ ਢੇਰਾਂ ਤੋਂ ਉੱਡਦੀ ਧੂੜ, ਪਲਾਸਟਿਕ ਦੀਆਂ ਘਰੇਲੂ ਵਸਤਾਂ ਦੀ ਟੁੱਟ-ਭੱਜ ਅਤੇ ਪੋਲਿਸਟਰ ਦੇ ਕੱਪੜਿਆਂ ਤੋਂ ਪੈਦਾ ਹੁੰਦੇ ਹਨ। ਇਨ੍ਹਾਂ ਜ਼ਹਿਰੀਲੇ ਪਲਾਸਟਿਕ ਕਣਾਂ ਦੀ ਸਭ ਤੋਂ ਮਾੜੀ ਗੱਲ ਇਹ ਹੈ ਕਿ ਇਹ ਹਜ਼ਾਰਾਂ ਸਾਲਾਂ ਬਾਅਦ ਵੀ ਖ਼ਤਮ ਨਹੀਂ ਹੁੰਦੇ ਹਨ ਭਾਵ ਇਨ੍ਹਾਂ ਵੱਲੋਂ ਇੱਕ ਵਾਰ ਪੈਦਾ ਕੀਤਾ ਗਿਆ ਪ੍ਰਦੂਸ਼ਣ ਆਉਣ ਵਾਲੀਆਂ ਅਣਗਿਣਤ ਪੀੜ੍ਹੀਆਂ ਲਈ ਸਿਰਦਰਦ ਬਣਿਆ ਰਹੇਗਾ ਅਤੇ ਉਨ੍ਹਾਂ ਪੀੜ੍ਹੀਆਂ ਕੋਲ ਆਪਣੇ ਦਾਦੇ-ਪੜਦਾਦਿਆਂ ਨੂੰ ਕੋਸਣ ਤੋਂ ਇਲਾਵਾ ਕੋਈ ਹੋਰ ਚਾਰਾ ਨਹੀਂ ਹੋਵੇਗਾ।
ਪਾਣੀ ਦੇ ਵੱਖ-ਵੱਖ ਸਰੋਤਾਂ ਵਿੱਚੋਂ ਹੁੰਦਾ ਹੋਇਆ ਇਸ ਪਲਾਸਟਿਕ ਕੂੜੇ ਦਾ ਜ਼ਿਆਦਾਤਰ ਹਿੱਸਾ ਸਮੁੰਦਰਾਂ ਵਿੱਚ ਚਲਾ ਜਾਂਦਾ ਹੈ ਅਤੇ ਸਮੁੰਦਰੀ ਜੀਵ ਇਸ ਨੂੰ ਖਾ ਜਾਂਦੇ ਹਨ। ਮਾਸਾਹਾਰੀ ਲੋਕ ਸਮੁੰਦਰੀ ਜੀਵਾਂ ਨੂੰ ਬੜੇ ਸ਼ੌਕ ਨਾਲ ਭੋਜਨ ਦੇ ਤੌਰ ’ਤੇ ਖਾਂਦੇ ਹਨ। ਇਸ ਤਰ੍ਹਾਂ ਪਲਾਸਟਿਕ ਕੂੜਾ ਇਨ੍ਹਾਂ ਲੋਕਾਂ ਅੰਦਰ ਲਗਾਤਾਰ ਜਮ੍ਹਾਂ ਹੁੰਦਾ ਰਹਿੰਦਾ ਹੈ। ਜੋ ਲੋਕ ਸਮੁੰਦਰੀ ਭੋਜਨ ਨਹੀਂ ਵੀ ਖਾਂਦੇ ਹਨ, ਉਨ੍ਹਾਂ ਅੰਦਰ ਪਲਾਸਟਿਕ ਦੇ ਇਹ ਮਹੀਨ ਕਣ ਹਵਾ ਅਤੇ ਪਾਣੀ ਰਾਹੀਂ ਦਾਖ਼ਲ ਹੋ ਜਾਂਦੇ ਹਨ। ‘ਇਨਵਾਇਰਮੈਂਟਲ ਸਾਇੰਸ ਅਤੇ ਤਕਨਾਲੋਜੀ ਜਨਰਲ’ ਨਾਂ ਦੀ ਇੱਕ ਸੰਸਥਾ ਵੱਲੋਂ ਕਰਵਾਏ ਗਏ ਇੱਕ ਸਰਵੇਖਣ ਵਿੱਚ ਦੱਸਿਆ ਗਿਆ ਹੈ ਕਿ ਧਰਤੀ ਦਾ ਤਕਰੀਬਨ ਹਰ ਜੀਵ ਹਰ ਸਾਲ ਔਸਤਨ 52,000 ਦੇ ਕਰੀਬ ਇਨ੍ਹਾਂ ਕਣਾਂ ਨੂੰ ਆਪਣੇ ਅੰਦਰ ਬੇਧਿਆਨੇ ਹੀ ਨਿਗਲ ਜਾਂਦਾ ਹੈ।
ਪਲਾਸਟਿਕ ਕਣਾਂ ਦਾ ਵਿਸ਼ੈਲਾਪਣ ਇਨ੍ਹਾਂ ਪਦਾਰਥਾਂ ਵਿੱਚ ਮੌਜੂਦ ਭਿਆਨਕ ਕਿਸਮ ਦੇ ਰਸਾਇਣਾਂ ਕਾਰਨ ਹੁੰਦਾ ਹੈ। ਅਸਲ ਵਿੱਚ ਪਲਾਸਟਿਕ ਪਦਾਰਥਾਂ ਨੂੰ ਬਣਾਉਣ ਲਈ ਸੈਂਕੜੇ ਕਿਸਮ ਦੇ ਰਸਾਇਣਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਨ੍ਹਾਂ ਵਿੱਚ ਲਚਕੀਲਾਪਣ ਅਤੇ ਮਜ਼ਬੂਤੀ ਜਿਹੇ ਗੁਣ ਪੈਦਾ ਕਰਨ ਲਈ ਅਜਿਹਾ ਕਰਨਾ ਜ਼ਰੂਰੀ ਹੁੰਦਾ ਹੈ। ਇਹ ਰਸਾਇਣ ਹੀ ਪਲਾਸਟਿਕ ਕਣਾਂ ਨੂੰ ਲੰਮੇ ਸਮੇਂ ਤੱਕ ਅਵਿਘਟਣਸ਼ੀਲ ਬਣਾਉਂਦੇ ਅਤੇ ਪਲਾਸਟਿਕ ਵਿੱਚ ਵਿਸ਼ੈਲਾਪਣ ਪੈਦਾ ਕਰਦੇ ਹਨ।
ਹੁਣ ਇਹ ਸਵਾਲ ਪੈਦਾ ਹੁੰਦਾ ਹੈ ਕਿ ਪਲਾਸਟਿਕ ਦੇ ਇਹ ਮਹੀਨ ਕਣ ਇੰਨੇ ਬੁਰੇ ਕਿਉਂ ਸਮਝੇ ਜਾਂਦੇ ਹਨ? ਇਸ ਦੇ ਕਈ ਕਾਰਨ ਹਨ। ਇੱਕ ਕਾਰਨ ਇਹ ਹੈ ਕਿ ਧਰਤੀ ਦੇ ਅਨੇਕਾਂ ਜਲੀ ਅਤੇ ਥਲੀ ਜੀਵ ਇਨ੍ਹਾਂ ਨੂੰ ਆਪਣਾ ਭੋਜਨ ਸਮਝ ਕੇ ਅੰਦਰ ਨਿਗਲ ਜਾਂਦੇ ਹਨ ਜਿਸ ਨਾਲ ਇਹ ਉਨ੍ਹਾਂ ਦੀ ਮੌਤ ਦਾ ਕਾਰਨ ਵੀ ਬਣ ਸਕਦੇ ਹਨ। ਮਨੁੱਖਾਂ ਨੂੰ ਵੀ ਇਨ੍ਹਾਂ ਕਣਾਂ ਨੇ ਅਨੇਕਾਂ ਤਰੀਕਿਆਂ ਨਾਲ ਨੁਕਸਾਨ ਪਹੁੰਚਾਇਆ ਹੈ। ਮਨੁੱਖੀ ਸਰੀਰ ਦੇ ਵੱਖ-ਵੱਖ ਅੰਗਾਂ ਉੱਤੇ ਕੀਤੇ ਗਏ ਅਧਿਐਨਾਂ ਤੋਂ ਪਤਾ ਲੱਗਾ ਹੈ ਕਿ ਪਲਾਸਟਿਕ ਦੇ ਇਹ ਮਹੀਨ ਵਿਸ਼ੈਲੇ ਕਣ ਮਨੁੱਖਾਂ ਦੀਆਂ ਅੰਤੜੀਆਂ, ਫੇਫੜਿਆਂ, ਗੁਰਦਿਆਂ, ਦਿਲ ਅਤੇ ਖ਼ੂਨ ਤੋਂ ਇਲਾਵਾ ਗਰਭਵਤੀਆਂ ਦੇ ਪੇਟ ਅੰਦਰ ਪਲ ਰਹੇ ਬੱਚਿਆਂ ਅਤੇ ਨਵਜੰਮੇ ਬੱਚਿਆਂ ਨੂੰ ਮਾਂ ਵੱਲੋਂ ਪਿਆਏ ਜਾਂਦੇ ਦੁੱਧ ਵਿੱਚ ਵੀ ਮੌਜੂਦ ਹੁੰਦੇ ਹਨ। ਸਰੀਰ ਅੰਦਰ ਇਨ੍ਹਾਂ ਦਾ ਹੋਣਾ ਇਸ ਲਈ ਖ਼ਤਰਨਾਕ ਹੁੰਦਾ ਹੈ ਕਿਉਂਕਿ ਇਹ ਮਨੁੱਖ ਨੂੰ ਭਿਆਨਕ ਰੋਗਾਂ ਜਿਵੇਂ ਕੈਂਸਰ, ਸ਼ੂਗਰ, ਅੰਤੜੀਆਂ ਦੀ ਸੋਜ਼ਿਸ਼, ਦਿਲ ਦੀਆਂ ਬਿਮਾਰੀਆਂ, ਜੋੜਾਂ ਦੇ ਦਰਦਾਂ, ਜਿਗਰ ਅਤੇ ਗੁਰਦਿਆਂ ਦਾ ਖ਼ਰਾਬ ਹੋਣਾ, ਫੇਫੜਿਆਂ ਅੰਦਰ ਇਕੱਠੇ ਹੋ ਕੇ ਦਮਾ ਅਤੇ ਸਾਹ ਦੇ ਹੋਰ ਰੋਗਾਂ ਆਦਿ ਲਈ ਜ਼ਿੰਮੇਵਾਰ ਹਨ। ਇਨ੍ਹਾਂ ਨਾਲ ਸਰੀਰ ਦੀ ਰੋਗ ਰੋਕੂ ਸਮਰੱਥਾ ਵੀ ਘਟ ਜਾਂਦੀ ਹੈ ਜਿਸ ਨਾਲ ਸਾਡਾ ਸਰੀਰ ਆਸਾਨੀ ਨਾਲ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ। ਇਸ ਤੋਂ ਇਲਾਵਾ ਇਹ ਕਣ ਅਜਿਹੀਆਂ ਅਨੇਕਾਂ ਬਿਮਾਰੀਆਂ ਲਈ ਜ਼ਿੰਮੇਵਾਰ ਹਨ ਜਿਨ੍ਹਾਂ ਦਾ ਸਬੰਧ ਸਾਡੀ ਆਧੁਨਿਕ ਜੀਵਨ ਸ਼ੈਲੀ ਨਾਲ ਹੈ। ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿੱਚ ਚੱਲ ਰਹੀਆਂ ਖੋਜਾਂ ਹਾਲੇ ਹੋਰ ਇਹ ਦੱਸਣਗੀਆਂ ਕਿ ਮਨੁੱਖ ਵੱਲੋਂ ਆਪਣੀ ਜ਼ਿੰਦਗੀ ਨੂੰ ਸੁਖਾਲਾ ਬਣਾਉਣ ਲਈ ਤਿਆਰ ਕੀਤੇ ਗਏ ਇਸ ਪਲਾਸਟਿਕ ਨੇ ਸਾਨੂੰ ਕਿੰਨਾ ਕੁ ਸੁਖ ਦਿੱਤਾ ਜਾਂ ਫਿਰ ਕਿੰਨੀਆਂ ਪ੍ਰੇਸ਼ਾਨੀਆਂ ਸਾਡੇ ਗਲ ਪਾਈਆਂ ਹਨ। ਸਿਹਤ ਸੇਵਾਵਾਂ ਨਾਲ ਜੁੜੇ ਮਾਹਿਰਾਂ ਵੱਲੋਂ ਤਾਂ ਬਾਂਝਪਣ ਅਤੇ ਨਾਮਰਦਗੀ ਜਿਹੇ ਭਿਆਨਕ ਰੋਗਾਂ ਲਈ ਵੀ ਮਹੀਨ ਪਲਾਸਟਿਕ ਕਣਾਂ ਨੂੰ ਹੀ ਜ਼ਿੰਮੇਵਾਰ ਦੱਸਿਆ ਗਿਆ ਹੈ।
ਮਨੁੱਖੀ ਜੀਵਨ ਦਾ ਇੱਕ ਹੋਰ ਅਹਿਮ ਹਿੱਸਾ ਖੇਤੀਬਾੜੀ ਦਾ ਖੇਤਰ ਵੀ ਇਸ ਬਣਾਉਟੀ ਜ਼ਹਿਰ ਤੋਂ ਅਛੂਤਾ ਨਹੀਂ ਬਚਿਆ ਹੈ ਭਾਵ ਜ਼ਰਖ਼ੇਜ਼ ਜ਼ਮੀਨ, ਬੀਜ, ਪਾਣੀ ਅਤੇ ਪੈਦਾ ਹੋਈਆਂ ਫ਼ਸਲਾਂ ਵੀ ‘ਪਲਾਸਟਿਕ ਰੂਪੀ ਜ਼ਹਿਰ’ ਦੇ ਚੱਕਰ ਵਿੱਚ ਫਸ ਚੁੱਕੀਆਂ ਹਨ। ਪਲਾਸਟਿਕ ਦਾ ਇੱਕ ਹੋਰ ਤੇ ਅਤਿ ਬਰੀਕ ਰੂਪ ਨੈਨੋਪਲਾਸਟਿਕ ਹੈ ਜੋ ਹਵਾ, ਪਾਣੀ ਅਤੇ ਜ਼ਮੀਨ ਵਿੱਚੋਂ ਹੁੰਦਾ ਹੋਇਆ ਅਨਾਜ ਵਿੱਚ ਦਾਖ਼ਲ ਹੋ ਚੁੱਕਾ ਹੈ। ਇਸ ਲਈ ਜੋ ਵੀ ਅਨਾਜ ਅਸੀਂ ਖਾਂਦੇ ਹਾਂ ਉਸ ਵਿੱਚ ਪਲਾਸਟਿਕ ਕਿਸੇ ਨਾ ਕਿਸੇ ਰੂਪ ਵਿੱਚ ਜ਼ਰੂਰ ਸ਼ਾਮਿਲ ਹੁੰਦਾ ਹੈ।
ਹੁਣ ਮੁੱਖ ਮੁੱਦਾ ਇਹ ਹੈ ਕਿ ਅਸੀਂ ਇਸ ਜ਼ਹਿਰ ਤੋਂ ਬਚ ਕਿਵੇਂ ਸਕਦੇ ਹਾਂ? ਇਸ ਦਾ ਜਵਾਬ ਇਹ ਹੈ ਕਿ ਹੁਣ ਤੱਕ ਜੋ ਪਲਾਸਟਿਕ ਸਾਡੇ ਸਮੁੱਚੇ ਵਾਤਾਵਰਨ ਵਿੱਚ ਦਾਖ਼ਲ ਹੋ ਚੁੱਕਾ ਹੈ ਉਸ ਤੋਂ ਅਸੀਂ ਨਹੀਂ ਬਚ ਸਕਦੇ ਭਾਵ ਉਹ ਕਿਸੇ ਨਾ ਕਿਸੇ ਰੂਪ ਵਿੱਚ ਸਾਡੇ ਅੰਦਰ ਆਏਗਾ ਹੀ ਆਏਗਾ। ਹਾਂ, ਅੱਗੋਂ ਜੇ ਅਸੀਂ ਇਸ ਜ਼ਹਿਰ ਤੋਂ ਬਚਣਾ ਚਾਹੁੰਦੇ ਹਾਂ ਤਾਂ ਸਾਨੂੰ ਪਲਾਸਟਿਕ ਦੇ ਲਿਫ਼ਾਫ਼ਿਆਂ, ਕੋਲਡ ਡ੍ਰਿੰਕਸ ਦੀਆਂ ਬੋਤਲਾਂ, ਡੱਬਾ ਬੰਦ ਭੋਜਨਾਂ, ਪਾਣੀ ਲਈ ਪਲਾਸਟਿਕ ਦੀਆਂ ਬੋਤਲਾਂ, ਪਲਾਸਟਿਕ ਦੇ ਗਿਲਾਸ, ਕੱਪ, ਮਠਿਆਈ ਦੇ ਡੱਬੇ, ਪਲਾਸਟਿਕ ਦੀਆਂ ਜੁੱਤੀਆਂ, ਪੋਲਿਸਟਰ ਦੇ ਕੱਪੜੇ, ਸਿਗਰਟਾਂ ਅਤੇ ਪਲਾਸਟਿਕ ਦੀਆਂ ਬੋਰੀਆਂ ਅਤੇ ਬਾਲਟੀਆਂ ਦੀ ਵਰਤੋਂ ਬੰਦ ਕਰਨੀ ਪਏਗੀ।
ਸੰਪਰਕ: 62842-20595

Advertisement
Author Image

Advertisement
Advertisement
×