For the best experience, open
https://m.punjabitribuneonline.com
on your mobile browser.
Advertisement

ਪੰਜਾਬ ਵਿੱਚ ਵਿੱਤੀ ਐਮਰਜੈਂਸੀ ਵਰਗੇ ਹਾਲਾਤ: ਰਾਜਾ ਵੜਿੰਗ

08:59 AM Sep 12, 2024 IST
ਪੰਜਾਬ ਵਿੱਚ ਵਿੱਤੀ ਐਮਰਜੈਂਸੀ ਵਰਗੇ ਹਾਲਾਤ  ਰਾਜਾ ਵੜਿੰਗ
ਪੰਜਾਬ ’ਚ ਵਧੀਆਂ ਤੇਲ ਅਤੇ ਬਿਜਲੀ ਦੀਆਂ ਕੀਮਤਾਂ ਵਿਰੁੱਧ ਪਟਿਆਲਾ ’ਚ ਰੋਸ ਪ੍ਰਦਰਸ਼ਨ ਕਰਦੇ ਹੋਏ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਪਟਿਆਲਾ ਤੋਂ ਕਾਂਗਰਸ ਦੇ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ, ਪੰਜਾਬ ਮਹਿਲਾ ਕਾਂਗਰਸ ਦੀ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਤੇ ਵਰਕਰ। -ਫੋਟੋ: ਰਾਜੇਸ਼ ਸੱਚਰ
Advertisement

ਗੁਰਨਾਮ ਸਿੰਘ ਅਕੀਦਾ
ਪਟਿਆਲਾ, 11 ਸਤੰਬਰ
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਪਾਰਟੀ ਆਗੂਆਂ ਨੇ ਇਥੇ ਸਥਿਤ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ (ਪੀਐੱਸਪੀਸੀਐੱਲ) ਦੇ ਮੁੱਖ ਦਫ਼ਤਰ ਦੇ ਬਾਹਰ ਧਰਨਾ ਦਿੱਤਾ। ਇਸ ਧਰਨੇ ’ਚ ਬੀਬੀਆਂ ਸਣੇ ਵੱਡੀ ਗਿਣਤੀ ਕਾਂਗਰਸੀ ਵਰਕਰਾਂ ਅਤੇ ਆਗੂਆਂ ਨੇ ਹਿੱਸਾ ਲਿਆ। ਇਸ ਮੌਕੇ ਕਾਂਗਰਸੀ ਆਗੂਆਂ ਨੇ ਪੰਜਾਬ ਸਰਕਾਰ ਵੱਲੋਂ ਡੀਜ਼ਲ, ਪੈਟਰੋਲ ਦੇ ਭਾਅ ਸਣੇ ਬਿਜਲੀ ਦਰਾਂ ’ਚ ਕੀਤੇ ਵਾਧੇ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਕਾਂਗਰਸ ਪ੍ਰਧਾਨ ਨੇ ਕਿਹਾ ਹੈ ਕਿ ਪੰਜਾਬ ਵਿੱਚ ਵਿੱਤੀ ਐਮਰਜੈਂਸੀ ਵਰਗੇ ਹਾਲਾਤ ਬਣ ਗਏ ਹਨ ਕਿਉਂਕਿ ਸੂਬੇ ਦੀ ‘ਆਪ’ ਸਰਕਾਰ ਨੇ ਕੇਂਦਰ ਸਰਕਾਰ ਤੋਂ ਵਾਧੂ ਕਰਜ਼ਾ ਲੈਣ ਦੀ ਆਗਿਆ ਮੰਗੀ ਹੈ। ਇਸ ਤੋਂ ਸਪੱਸ਼ਟ ਹੋ ਗਿਆ ਹੈ ਕਿ 60 ਹਜ਼ਾਰ ਕਰੋੜ ਦਾ ਕਰਜ਼ਾ ਹੁਣ ਤੋਂ ਪਹਿਲਾਂ ਲਿਆ ਜਾ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਜੇ ਹੁਣ ਪੰਜਾਬ ਸਰਕਾਰ ਹੋਰ ਕਰਜ਼ਾ ਲੈਂਦੀ ਹੈ ਤਾਂ ਸੂਬੇ ’ਤੇ ਹੋਰ ਭਾਰ ਪਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਜੇ ਪੰਜਾਬ ਸਰਕਾਰ ਇਹ ਕਰਜ਼ਾ ਲੈਣ ਤੋਂ ਵਾਂਝੀ ਰਹਿ ਜਾਂਦੀ ਹੈ ਤਾਂ ਮੁਲਾਜ਼ਮਾਂ ਨੂੰ ਤਨਖ਼ਾਹਾਂ ਦੇਣੀਆਂ ਵੀ ਮੁਸ਼ਕਲ ਹੋ ਜਾਣਗੀਆਂ। ਰਾਜਾ ਵੜਿੰਗ ਨੇ ਕਿਹਾ ਕਿ ਆਮ ਲੋਕਾਂ ਦੀ ਸਰਕਾਰ ਬਣ ਕੇ ਆਈ ‘ਆਪ’ ਸਰਕਾਰ ਨੇ ਪੰਜਾਬ ਨੂੰ ਕੰਗਾਲ ਕਰ ਦਿੱਤਾ ਹੈ। ਇਸ ਦੇ ਨਾਲ-ਨਾਲ ਉਹ ਤੇਲ ਤੇ ਬਿਜਲੀ ਦੀਆਂ ਕੀਮਤਾਂ ਵਿੱਚ ਵਾਧਾ ਕਰਕੇ ਪੰਜਾਬ ਦੇ ਆਮ ਲੋਕਾਂ ਨੂੰ ਵੀ ਸਜ਼ਾ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਾਸੀਆਂ ਨੂੰ ਹੁਣ ਇਕਜੁੱਟ ਹੋ ਕੇ ‘ਆਪ’ ਸਰਕਾਰ ਵਿਰੁੱਧ ਲੜਾਈ ਲੜਨੀ ਪਵੇਗੀ। ਲੋਕ ਸਭਾ ਮੈਂਬਰ ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਸਨ ਕਿ ਉਹ ਰੇਤੇ ਅਤੇ ਬਜਰੀ ਤੋਂ ਹੀ ਵਾਧੂ ਪੈਸਾ ਕਮਾ ਲੈਣਗੇ ਤੇ ਬਜਟ ਵਿੱਚ ਸੋਧਾਂ ਕਰ ਕੇ ਪੰਜਾਬੀਆਂ ਨੂੰ ਵਾਧੂ ਸਹੂਲਤਾਂ ਦੇਣਗੇ ਪਰ ਉਨ੍ਹਾਂ ਨੂੰ ਸਰਕਾਰ ਚਲਾਉਣ ਲਈ ਹੀ ਕਰਜ਼ਾ ਲੈਣਾ ਪੈ ਰਿਹਾ ਹੈ, ਜਿਸ ਕਰ ਕੇ ਪੰਜਾਬ ਦਾ ਹਾਲ ਅੱਗੇ ਚੰਗਾ ਨਜ਼ਰ ਨਹੀਂ ਆ ਰਿਹਾ। ਪੰਜਾਬ ਮਹਿਲਾ ਕਾਂਗਰਸ ਦੀ ਪ੍ਰਧਾਨ ਬੀਬੀ ਗੁਰਸ਼ਰਨ ਕੌਰ ਰੰਧਾਵਾ ਨੇ ਹਜ਼ਾਰਾਂ ਦੀ ਗਿਣਤੀ ਵਿਚ ਮਹਿਲਾਵਾਂ ਸਮੇਤ ਸ਼ਮੂਲੀਅਤ ਕਰਦਿਆਂ ਕਿਹਾ ਕਿ ਤੇਲ ਮਹਿੰਗੇ ਹੋਣ ਨਾਲ ਸਾਰੇ ਕਿਰਾਏ ਵੀ ਮਹਿੰਗੇ ਹੋਣਗੇ, ਜਿਸ ਕਰਕੇ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ।

Advertisement

ਕਾਂਗਰਸ ਦੇ ਧਰਨੇ ਵਿੱਚ ਨਾ ਪੁੱਜੇ ਨਵਜੋਤ ਸਿੱਧੂ

ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਸਾਬਕਾ ਐੱਮਪੀ ਨਵਜੋਤ ਸਿੱਧੂ ਦੇ ਘਰ ਦੇ ਐਨ ਕੋਲ ਪਾਵਰਕੌਮ ਦੇ ਦਫ਼ਤਰ ਸਾਹਮਣੇ ਪੰਜਾਬ ਕਾਂਗਰਸ ਦਾ ਧਰਨਾ ਚੱਲ ਰਿਹਾ ਸੀ ਪਰ ਨਵਜੋਤ ਸਿੱਧੂ ਯਾਦਵਿੰਦਰਾ ਕਲੋਨੀ ਵਾਲੇ ਜੱਦੀ ਘਰ ਵਿੱਚ ਮੌਜੂਦ ਹੋਣ ਦੇ ਬਾਵਜੂਦ ਕਾਂਗਰਸੀਆਂ ਦੇ ਧਰਨੇ ਵਿੱਚ ਸ਼ਾਮਲ ਨਹੀਂ ਹੋਏ। ਇਸ ਚੱਲਦੇ ਧਰਨੇ ਦੌਰਾਨ ਦੁਪਹਿਰ 2 ਵਜੇ ਉਨ੍ਹਾਂ ਸੋਸ਼ਲ ਮੀਡੀਆ ’ਤੇ ਆਪਣੀਆਂ ਬਚਪਨ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ। ਨਵਜੋਤ ਸਿੱਧੂ ਤੇ ਘਰ ਹੋਣ ਦੀ ਪੁਸ਼ਟੀ ਉਨ੍ਹਾਂ ਦੇ ਨਜ਼ਦੀਕੀ ਕਾਂਗਰਸ ਦੇ ਜ਼ਿਲ੍ਹਾ ਪਟਿਆਲਾ ਦੇ ਸਾਬਕਾ ਪ੍ਰਧਾਨ ਨਰਿੰਦਰ ਲਾਲੀ ਨੇ ਕੀਤੀ ਹੈ। ਜ਼ਿਕਰਯੋਗ ਹੈ ਕਿ ਨਵਜੋਤ ਸਿੱਧੂ ਕਾਫ਼ੀ ਲੰਬੇ ਸਮੇਂ ਤੋਂ ਕਾਂਗਰਸ ਦੇ ਕਿਸੇ ਵੀ ਪ੍ਰੋਗਰਾਮ ਵਿੱਚ ਸ਼ਾਮਲ ਨਹੀਂ ਹੋ ਰਹੇ, ਉਹ ਸਿਰਫ਼ ਆਪਣੇ ਨਜ਼ਦੀਕੀ ਕਾਂਗਰਸੀਆਂ ਦੇ ਦੁੱਖ-ਸੁੱਖ ਵਿੱਚ ਹੀ ਸ਼ਾਮਲ ਹੁੰਦੇ ਹਨ। ਲੋਕ ਸਭਾ ਚੋਣਾਂ ਦੌਰਾਨ ਵੀ ਸ੍ਰੀ ਸਿੱਧੂ ਨੇ ਕਿਸੇ ਦੇ ਪੱਖ ਵਿੱਚ ਵੀ ਪ੍ਰਚਾਰ ਨਹੀਂ ਕੀਤਾ ਸੀ, ਜਦ ਕਿ ਉਹ ਪਟਿਆਲਾ ਵਿੱਚ ਆਪਣੀ ਪਤਨੀ ਦਾ ਇਲਾਜ ਕਰਾਉਣ ਤੇ ਉਨ੍ਹਾਂ ਦਾ ਔਖੇ ਵੇਲੇ ਸਾਥ ਦੇਣ ਲਈ ਆਉਂਦੇ ਰਹਿੰਦੇ ਹਨ। ਅੱਜ ਵੀ ਉਹ ਕਾਂਗਰਸ ਦੇ ਧਰਨੇ ਵਿੱਚ ਸ਼ਾਮਲ ਨਹੀਂ ਹੋਏ। ਉਨ੍ਹਾਂ ਐਕਸ ’ਤੇ ਤਸਵੀਰਾਂ ਸਾਂਝੀਆਂ ਕਰਦਿਆਂ ਲਿਖਿਆ ‘ਮਾਸੂਮੀਅਤ ਤੋਂ ਅਨੁਭਵ ਤੱਕ...ਛੋਟੀਆਂ ਜੜ੍ਹਾਂ ਵੱਡੇ ਖੰਭ’।

Advertisement

Advertisement
Author Image

joginder kumar

View all posts

Advertisement