ਵਿੱਤੀ ਸੰਕਟ: ਨਿਗਮ ਵੱਲੋਂ ਰੋਜ਼ ਫੈਸਟੀਵਲ ‘ਠੇਕੇ’ ਉੱਤੇ ਦੇਣ ਦੀ ਤਿਆਰੀ
ਮੁਕੇਸ਼ ਕੁਮਾਰ
ਚੰਡੀਗੜ੍ਹ, 13 ਨਵੰਬਰ
ਚੰਡੀਗੜ੍ਹ ਨਗਰ ਨਿਗਮ ਗੰਭੀਰ ਵਿੱਤੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਨਗਰ ਨਿਗਮ ਦੇ ਵਿੱਤੀ ਸੰਕਟ ਕਾਰਨ ਸ਼ਹਿਰ ਦੇ ਵਿਕਾਸ ਕਾਰਜ ਲਗਪਗ ਠੱਪ ਪਏ ਹਨ, ਇਸ ਦਾ ਅਸਰ ਹੁਣ ਨਗਰ ਨਿਗਮ ਵੱਲੋਂ ਕੀਤੇ ਜਾਣ ਵਾਲੇ ਸਾਲਾਨਾ ‘ਰੋਜ਼ ਫੈਸਟੀਵਲ’ ’ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਜਾਣਕਾਰੀ ਅਨੁਸਾਰ ਚੰਡੀਗੜ੍ਹ ਨਗਰ ਨਿਗਮ ਨੇ ਪਹਿਲੀ ਵਾਰ ਰੋਜ਼ ਫੈਸਟੀਵਲ ਦੇ ਪ੍ਰਬੰਧਾਂ ਲਈ ਨਿੱਜੀ ਕੰਪਨੀ ਦੀ ਮਦਦ ਲੈਣ ਦੀ ਯੋਜਨਾ ਬਣਾਈ ਹੈ। ਨਗਰ ਨਿਗਮ ਨੇ ਇਸ ਦੇ ਲਈ ਐਕਸਪ੍ਰੈਸ਼ਨ ਆਫ ਇੰਟਰਸਟ ਕਰ ਕੇ ਉਨ੍ਹਾਂ ਏਜੰਸੀਆਂ ਤੋਂ ਅਰਜ਼ੀਆਂ ਮੰਗੀਆਂ ਹਨ ਜੋ ਰੋਜ਼ ਫੈਸਟੀਵਲ ਦੀਆਂ ਪੂਰੀਆਂ ਤਿਆਰੀਆਂ ਲਈ ਆਪਣਾ ਪੈਸਾ ਲਗਾਉਣਗੀਆਂ। ਨਿਗਮ ਨੂੰ ਉਮੀਦ ਹੈ ਕਿ ਜੇ ਕੋਈ ਕੰਪਨੀ ਰੋਜ਼ ਫੈਸਟੀਵਲ ਦੇ ਪ੍ਰਬੰਧਾਂ ਲਈ ਅੱਗੇ ਆਉਂਦੀ ਹੈ ਤਾਂ ਨਿਗਮ ਦੇ ਪੈਸੇ ਦੀ ਬਚਤ ਹੋਵੇਗੀ ਅਤੇ ਇਸ ਤੋਂ ਮਾਲੀਆ ਵੀ ਪ੍ਰਾਪਤ ਹੋ ਸਕਦਾ ਹੈ। 53ਵਾਂ ਰੋਜ਼ ਫੈਸਟੀਵਲ ਫਰਵਰੀ 2025 ਦੇ ਤੀਜੇ ਜਾਂ ਚੌਥੇ ਹਫ਼ਤੇ ਵਿੱਚ ਲਗਾਇਆ ਜਾਵੇਗਾ। ਨਗਰ ਨਿਗਮ ਨੇ ਇਸ ਬਾਰੇ ਐਕਸਪ੍ਰੈਸ਼ਨ ਆਫ ਇੰਟਰਸਟ ਜਾਰੀ ਕਰ ਕੇ ਕੰਪਨੀਆਂ ਤੋਂ ਇਸ ਸਬੰਧੀ ਪ੍ਰਸਤਾਵ ਮੰਗਿਆ ਹੈ। ਨਿਗਮ ਦੀ ਯੋਜਨਾ ਹੈ ਕਿ ਰੋਜ਼ ਫੈਸਟ ਦੇ ਪ੍ਰਬੰਧ ’ਚ ਪ੍ਰਾਈਵੇਟ ਕੰਪਨੀ ਆਪਣਾ ਪੈਸਾ ਲਗਾਵੇ ਅਤੇ ਰੋਜ਼ ਫੈਸਟ ਵਿਚ ਇਸ਼ਤਿਹਾਰਾਂ, ਸਪਾਂਸਰਸ਼ਿਪ, ਕੁਝ ਸਟਾਲਾਂ ’ਤੇ ਟਿਕਟਾਂ ਲਗਾਉਣ ਆਦਿ ਰਾਹੀਂ ਆਪਣੇ ਖ਼ਰਚੇ ਪੂਰੇ ਕਰੇ।
ਜ਼ਿਕਰਯੋਗ ਹੈ ਕਿ ਨਗਰ ਨਿਗਮ ਹਾਊਸ ਦੀ ਪਿਛਲੀ ਮੀਟਿੰਗ ਵਿੱਚ ਨਿਗਮ ਨੇ 1 ਕਰੋੜ 11 ਲੱਖ ਰੁਪਏ ਦੀ ਲਾਗਤ ਨਾਲ ਰੋਜ਼ ਫੈਸਟੀਵਲ ਕਰਵਾਉਣ ਦਾ ਮਤਾ ਲਿਆਂਦਾ ਸੀ। ਕੌਂਸਲਰਾਂ ਨੇ ਸਵਾਲ ਉਠਾਇਆ ਸੀ ਕਿ ਵਿੱਤੀ ਸੰਕਟ ਦੌਰਾਨ ਇੰਨਾ ਖ਼ਰਚ ਕਰਨਾ ਠੀਕ ਨਹੀਂ ਹੈ। ਕੌਂਸਲਰ ਸੌਰਭ ਜੋਸ਼ੀ ਨੇ ਕਿਹਾ ਕਿ ਰੋਜ਼ ਫੈਸਟੀਵਲ ਮਨਾਉਣ ਦਾ ਖ਼ਰਚਾ ਹਰ ਸਾਲ ਵਧਦਾ ਜਾ ਰਿਹਾ ਹੈ। ਉਹ ਪਿਛਲੇ ਕਈ ਸਾਲਾਂ ਤੋਂ ਕਹਿੰਦੇ ਆ ਰਹੇ ਹਨ ਕਿ ਰੋਜ਼ ਫੈਸਟੀਵਲ ਵਿੱਚ ਸਿਰਫ਼ ਖਰਚੇ ਹੀ ਨਹੀਂ ਲੱਭਣੇ ਚਾਹੀਦੇ, ਸਗੋਂ ਕਮਾਈ ਦੇ ਤਰੀਕੇ ਵੀ ਲੱਭਣੇ ਚਾਹੀਦੇ ਹਨ। ਗੁਰਪ੍ਰੀਤ ਸਿੰਘ ਗਾਬੀ ਨੇ ਕਿਹਾ ਕਿ ਇੱਕ ਏਜੰਸੀ ਹਾਇਰ ਕੀਤੀ ਜਾਵੇ ਜੋ ਹਰ ਰੋਜ਼ ਮੇਲੇ ਦਾ ਪ੍ਰਬੰਧ ਕਰੇ ਅਤੇ ਨਿਗਮ ਨੂੰ ਕੁਝ ਮਾਲੀਆ ਵੀ ਦੇਵੇ। ਇਸ ਤੋਂ ਬਾਅਦ ਹੀ ਨਗਰ ਨਿਗਮ ਦੇ ਚੀਫ ਇੰਜਨੀਅਰ ਸੰਜੇ ਅਰੋੜਾ ਨੇ ਕਿਹਾ ਸੀ ਕਿ ਉਹ ਇਸ ’ਤੇ ਕੰਮ ਕਰਨਗੇ।