ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਿਰਤੀ ਕਿਸਾਨ ਯੂਨੀਅਨ ਵੱਲੋਂ ਫਲਸਤੀਨੀਆਂ ਦੀ ਵਿੱਤੀ ਸਹਾਇਤਾ

10:23 AM Nov 15, 2024 IST
ਮੀਡੀਆ ਨੂੰ ਸੰਬੋਧਨ ਕਰਦੇ ਹੋਏ ਕਿਰਤੀ ਕਿਸਾਨ ਯੂਨੀਅਨ ਦੇ ਆਗੂ। -ਫੋਟੋ: ਏਐੱਨਆਈ

ਪੱਤਰ ਪ੍ਰੇਰਕ
ਨਵੀ ਦਿੱਲੀ, 14 ਨਵੰਬਰ
ਕਿਰਤੀ ਕਿਸਾਨ ਯੂਨੀਅਨ (ਏਆਈਕੇਐੱਮਐਸ) ਨੇ ਫਲਸਤੀਨ ਲੋਕਾਂ ਦੀ ਇਜ਼ਰਾਈਲ ਵੱਲੋਂ ਕੀਤੀ ਜਾ ਰਹੀ ਨਸਲਕੁਸ਼ੀ ਨੂੰ ਮਨੁੱਖੀ ਸੱਭਿਅਤਾ ਦੇ ਇਤਿਹਾਸ ਦਾ ਕਾਲਾ ਪੰਨਾ ਦੱਸਦਿਆਂ ਉਥੇ ਪੈਦਾ ਹੋਏ ਮਾਨਵੀ ਸੰਕਟ ਨੂੰ ਹੁੰਗਾਰਾ ਭਰਦੇ ਹੋਏ ਫਲਸਤੀਨੀ ਲੋਕਾਂ ਨੂੰ ਮਾਨਵੀ ਅਧਾਰ ’ਤੇ ਵਿੱਤੀ ਸਹਾਇਤਾ ਭੇਜਣ ਦਾ ਨਿਮਾਣਾ ਜਿਹਾ ਯਤਨ ਕੀਤਾ ਹੈ। ਇਹ ਯਤਨ ਅੱਜ ਕਿਸਾਨ ਜਥੇਬੰਦੀ ਦੇ ਸਕੱਤਰੇਤ ਗਰੁੱਪ ਦੇ ਵਫ਼ਦ ਨੇ ਫਲਸਤੀਨ ਦੂਤਘਰ ਵਿੱਚ ਰਾਜਦੂਤ ਡਾਕਟਰ ਅਬੇਦ ਅਬੂ ਜੇਜਰ ਨਾਲ ਮੁਲਾਕਾਤ ਕਰਕੇ ਉਨਾਂ ਨੂੰ ਪੰਜ ਲੱਖ ਰੁਪਏ ਮਾਨਵੀ ਸਹਾਇਤਾ ਵਜੋਂ ਭੇਟ ਕਰਕੇ ਜ਼ੁਲਮ ਦੇ ਇਨ੍ਹਾਂ ਭਿਆਨਕ ਸਮਿਆਂ ਵਿੱਚ ਫਲਸਤੀਨੀ ਲੋਕਾਂ ਨਾਲ ਇੱਕਜੁਟਤਾ ਦਾ ਪ੍ਰਗਟਾਵਾ ਕੀਤਾ ਹੈ। ਜਥੇਬੰਦੀ ਨੇ ਫਲਸਤੀਨ ਸਮੇਤ ਮੱਧ ਪੂਰਬ ਵਿੱਚ ਜਾਰੀ ਜੰਗ ਨੂੰ ਫੌਰੀ ਬੰਦ ਕਰਨ, ਸ਼ਾਂਤੀ ਨੂੰ ਮੌਕਾ ਦੇਣ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦਿਆਂ ਯੂਐਨਓ ਤੋਂ ਮੰਗ ਕੀਤੀ ਹੈ ਕਿ ਫਲਸਤੀਨ ਦੇ ਮਸਲੇ ਦਾ ਹੱਲ ਕੱਢਿਆ ਜਾਵੇ। ਕਿਰਤੀ ਕਿਸਾਨ ਯੂਨੀਅਨ ਦੇ ਵਫ਼ਦ ਵਿੱਚ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ, ਜਨਰਲ ਸਕੱਤਰ ਰਜਿੰਦਰ ਸਿੰਘ ਦੀਪ ਸਿੰਘ ਵਾਲਾ, ਪ੍ਰੈਸ ਸਕੱਤਰ ਰਮਿੰਦਰ ਸਿੰਘ ਪਟਿਆਲਾ, ਮੀਤ ਪ੍ਰਧਾਨ ਜਤਿੰਦਰ ਸਿੰਘ ਛੀਨਾ ਅਤੇ ਖਜ਼ਾਨਚੀ ਜਸਵਿੰਦਰ ਸਿੰਘ ਝੁਬੇਲਵਾਲੀ ਸ਼ਾਮਲ ਸਨ। ਫਲਸਤੀਨ ਦੂਤਘਰ ਦੇ ਦੌਰੇ ਮਗਰੋਂ ਸਥਾਨਕ ਪ੍ਰੈੱਸ ਕਲੱਬ ਵਿੱਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਫਲਸਤੀਨ ਦੀ ਧਰਤੀ ਤੇ ਅਮਰੀਕਾ ਵਰਗੀਆਂ ਵੱਡੀਆਂ ਤਾਕਤਾਂ ਦੀ ਸ਼ਹਿ ’ਤੇ ਇਜਰਾਈਲ ਵੱਲੋਂ ਮਨੁੱਖੀ ਸੱਭਿਅਤਾ ਦੇ ਇਤਿਹਾਸ ਦੀ ਸਭ ਤੋਂ ਭਿਆਨਕ ਨਸਲਕੁਸ਼ੀ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਫਲਸਤੀਨੀ ਲੋਕਾਂ ’ਤੇ ਢਾਹੇ ਜਾ ਰਹੇ ਭਿਆਨਕ ਜ਼ੁਲਮੋਂ ਸਿਤਮ ਨੇ ਪੰਜਾਬ ਖਾਸ ਕਰਕੇ ਸਿੱਖਾਂ ਨੂੰ ਬੀਤੇ ਸਮੇਂ ਵਿੱਚ ਹੋਏ ਘੱਲੂਘਾਰਿਆਂ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ। ਉਨ੍ਹਾਂ ਦੇਸ਼ ਵਾਸੀਆਂ ਸਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਨਸਾਫਪਸੰਦ ਜੱਥੇਬੰਦੀਆਂ ਤੇ ਸੰਸਥਾਵਾਂ ਨੂੰ ਸਰਬੱਤ ਦੇ ਭਲੇ ਦੀ ਰਵਾਇਤ ਤਹਿਤ ਇਸ ਔਖੇ ਤੇ ਭਿਆਨਕ ਸਮਿਆਂ ਵਿੱਚੋਂ ਲੰਘ ਰਹੇ ਫਲਸਤੀਨੀ ਲੋਕਾਂ ਦੀ ਮਦਦ ਲਈ ਅੱਗੇ ਆਉਣ ਦੀ ਅਪੀਲ ਕੀਤੀ ਹੈ।

Advertisement

Advertisement