ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਪੇਸ਼ ਕਰਨਗੇ ਬਜਟ
ਨਵੀਂ ਦਿੱਲੀ, 22 ਜੁਲਾਈ
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਭਲਕੇ ਲੋਕ ਸਭਾ ਵਿਚ ਕੇਂਦਰੀ ਬਜਟ ਪੇਸ਼ ਕਰਨਗੇ। ਬਜਟ ਉੱਤੇ ਵਿਚਾਰ ਚਰਚਾ ਲਈ ਸੰਸਦ ਦੇ ਦੋਵਾਂ ਸਦਨਾਂ- ਲੋਕ ਸਭਾ ਤੇ ਰਾਜ ਸਭਾ ਲਈ 20-20 ਘੰਟੇ ਦਾ ਸਮਾਂ ਰੱਖਿਆ ਗਿਆ ਹੈ। ਲੋਕ ਸਭਾ ਦੀ ਬਿਜ਼ਨਸ ਐਡਵਾਈਜ਼ਰੀ ਕਮੇਟੀ ਨੇ ਰੇਲ, ਸਿੱਖਿਆ, ਸਿਹਤ, ਐੱਮਐੱਸਐੱਮਈ ਅਤੇ ਫੂਡ ਪ੍ਰੋਸੈਸਿੰਗ ਮੰਤਰਾਲਿਆਂ ਤੋਂ ਇਲਾਵਾ ਹੋਰ ਮੰਤਰਾਲਿਆਂ ਨਾਲ ਸਬੰਧਤ ਮੁੱਦਿਆਂ ’ਤੇ ਚਰਚਾ ਕਰਨ ਦਾ ਫੈਸਲਾ ਕੀਤਾ ਹੈ। ਸੂਤਰਾਂ ਨੇ ਕਿਹਾ ਕਿ ਰਾਜ ਸਭਾ ਵਿਚ ਨਮਿੱਤਣ ਤੇ ਵਿੱਤ ਬਿਲਾਂ ’ਤੇ ਅੱਠ ਘੰਟਿਆਂ ਦੇ ਕਰੀਬ ਚਰਚਾ ਹੋ ਸਕਦੀ ਹੈ ਜਦੋਂਕਿ ਚਾਰ ਮੰਤਰਾਲਿਆਂ ਬਾਰੇ ਚਾਰ-ਚਾਰ ਘੰਟੇ ਦੀ ਡਿਬੇਟ ਹੋਵੇਗੀ। ਕੇਂਦਰੀ ਬਜਟ ’ਤੇ ਬਹਿਸ ਲਈ ਕੁੱਲ 20-20 ਘੰਟਿਆਂ ਦਾ ਸਮਾਂ ਦਿੱਤਾ ਗਿਆ ਹੈ। ਸੂਤਰਾਂ ਨੇ ਕਿਹਾ ਕਿ ਵੱਖ ਵੱਖ ਪਾਰਟੀਆਂ ਦੇ ਨੁਮਾਇੰਦਿਆਂ ਵਾਲੀ ਬੀਏਸੀ ਨੇ ਸੈਸ਼ਨ ਦੇ ਏਜੰਡੇ ਬਾਰੇ ਫੈਸਲਾ ਕੀਤਾ ਜਦਕਿ ਕੁਝ ਵਿਰੋਧੀ ਮੈਂਬਰਾਂ ਨੇ ਵੱਖ-ਵੱਖ ਮੁੱਦਿਆਂ ’ਤੇ ਚਰਚਾ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਪੰਜ ਮੰਤਰਾਲਿਆਂ ਤੋਂ ਗਰਾਂਟਾਂ ਦੀ ਮੰਗ ਸਬੰਧੀ ਉਨ੍ਹਾਂ ਨਾਲ ਜੁੜੇ ਕਈ ਮਾਮਲਿਆਂ ’ਤੇ ਚਰਚਾ ਕਰਨ ਦੀ ਇਜਾਜ਼ਤ ਮਿਲੇਗੀ। -ਪੀਟੀਆਈ