ਖਜ਼ਾਨਾ ਮੰਤਰੀ ਵੱਲੋਂ ਮੁਲਾਜ਼ਮਾਂ ਨੂੰ ਹੜਤਾਲ ਵਾਪਸ ਲੈਣ ਦੀ ਅਪੀਲ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 19 ਅਗਸਤ
ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਹੜਤਾਲ ’ਤੇ ਚੱਲ ਰਹੇ ਮੁਲਾਜ਼ਮਾਂ ਨੂੰ ਪੰਜਾਬ ਦੇ ਭਲੇ ਅਤੇ ਕੋਵਿਡ-19 ਨਾਲ ਲੜ ਰਹੇ ਸੂਬੇ ਦੇ ਹਿੱਤ ਵਿੱਚ ਤੁਰੰਤ ਹੜਤਾਲ ਵਾਪਸ ਲੈਣ ਦੀ ਅਪੀਲ ਕੀਤੀ ਹੈ।
ਖਜ਼ਾਨਾ ਮੰਤਰੀ ਨੇ ਕਿਹਾ ਕਿ ਤਾਲਾਬੰਦੀ ਦਾ ਐਲਾਨ ਹੋਣ ਤੋਂ ਬਾਅਦ ਤੇਲੰਗਾਨਾ, ਮਹਾਰਾਸ਼ਟਰ ਅਤੇ ਰਾਜਸਥਾਨ ਵਰਗੇ ਰਾਜਾਂ ਨੇ ਆਪਣੇ ਖਰਚਿਆਂ ਨੂੰ ਘਟਾਉਣ ਲਈ ਆਪਣੇ ਕਰਮਚਾਰੀਆਂ ਦੀ ਤਨਖਾਹ ’ਤੇ 50-60 ਫੀਸਦੀ ਕਟੌਤੀ ਕੀਤੀ ਹੈ। ਇਸ ਤੋਂ ਇਲਾਵਾ ਬਿਜਲੀ ਸਬਸਿਡੀ, ਕਰਜ਼ੇ ਦੀਆਂ ਕਿਸ਼ਤਾਂ ਅਤੇ ਬੁਢਾਪਾ ਪੈਨਸ਼ਨ ਤੇ ਸਮਾਜਿਕ ਸੁਰੱਖਿਆ ਪੈਨਸ਼ਨ ਦੇਣ ਵਿਚ ਵੀ ਕੋਈ ਦੇਰੀ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਹਾਲਾਂਕਿ ਸੂਬੇ ਦੀ ਆਮਦਨੀ ਉੱਤੇ ਤਾਲਾਬੰਦੀ ਦਾ ਬਹੁਤ ਮਾੜਾ ਪ੍ਰਭਾਵ ਪਿਆ ਅਤੇ ਸ਼ੁਰੂਆਤ ਵਿਚ ਕੁੱਲ ਮਾਲੀਏ ਵਿਚ 25 ਫੀਸਦੀ ਦੇ ਘਾਟੇ ਦਾ ਅਨੁਮਾਨ ਸੀ ਜੋ ਕਿ 2020-21 ਦੌਰਾਨ 26400 ਕਰੋੜ ਰੁਪਏ ਹੋ ਸਕਦਾ ਹੈ ਜਿਸ ਦੀ ਦਰ 30 ਫੀਸਦੀ ਬਣਦੀ ਹੈ। ਤਾਲਾਬੰਦੀ ਕਾਰਨ ਪੰਜਾਬ ਨੂੰ ਅਪਰੈਲ 2020 ’ਚ ਰਾਜ ਦੇ ਟੈਕਸ ਮਾਲੀਆ ਕੁਲੈਕਸ਼ਨ ਵਿਚ ਬਜਟ ਟੀਚੇ ਦੇ ਮੁਕਾਬਲੇ 80 ਫੀਸਦੀ ਦੀ ਕਮੀ ਆਈ ਹੈ ਜੋ ਕਿ ਪਿਛਲੇ ਸਾਲ (2019-20) ਦੇ ਮੁਕਾਬਲੇ 77 ਫੀਸਦੀ ਘੱਟ ਹੈ। ਇਸ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਵਿਚ ਵੀ ਸੂਬੇ ਨੂੰ 5576 ਕਰੋੜ ਦਾ ਨੁਕਸਾਨ ਹੋਇਆ ਹੈੈ। ਸਿਹਤ ਸੇਵਾਵਾਂ ’ਚ ਸਰਕਾਰ ਕੋਈ ਕਸਰ ਨਹੀਂ ਛੱਡਣੀ ਚਾਹੁੰਦੀ ਪਰ ਇਸ ਨਾਲ ਸੂਬੇ ’ਤੇ ਵਾਧੂ ਵਿੱਤੀ ਬੋਝ ਪਿਆ ਅਤੇ ਪੰਜਾਬ ਨੂੰ ਇਸ ਦੀ ਦੋਹਰੀ ਮਾਰ ਝੱਲਣੀ ਪੈ ਰਹੀ ਹੈ।