ਬਠਿੰਡਾ ਨਗਰ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਵੱਲੋਂ ਵਿਕਾਸ ਕਾਰਜਾਂ ਨੂੰ ਝੰਡੀ
ਸ਼ਗਨ ਕਟਾਰੀਆ
ਬਠਿੰਡਾ, 18 ਸਤੰਬਰ
ਨਗਰ ਨਿਗਮ ਬਠਿੰਡਾ ਦੀ ਵਿੱਤ ਅਤੇ ਠੇਕਾ ਕਮੇਟੀ (ਐਫਐਂਡਸੀਸੀ) ਦੀ ਅੱਜ ਹੋਈ ਮੀਟਿੰਗ ’ਚ ਪੁਰਾਣੇ ਕੰਮਾਂ ਦੀ ਸਮੀਖਿਆ ਕਰਨ ਤੋਂ ਇਲਾਵਾ ਨਵੇਂ ਕਾਰਜਾਂ ਨੂੰ ਹਰੀ ਝੰਡੀ ਦਿੱਤੀ ਗਈ ਹੈ। ਇਸ ਮੌਕੇ ਇਕ ਏਕੜ ਵਿਚ ਬਣਨ ਵਾਲੇ ਨਗਰ ਨਿਗਮ ਦੇ ਤਜਵੀਜ਼ਤ ਦਫ਼ਤਰ ਬਾਰੇ ਵੀ ਚਰਚਾ ਹੋਈ। ਮੇਅਰ ਰਮਨ ਗੋਇਲ ਦੀ ਅਗਵਾਈ ’ਚ ਹੋਈ ਇਸ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਬਠਿੰਡਾ ਸ਼ੌਕਤ ਅਹਿਮਦ ਪਰੇ ਵੀ ਹਾਜ਼ਰ ਸਨ। ਇਸ ਮੀਟਿੰਗ ਦੌਰਾਨ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿਚ 8.88 ਕਰੋੜ ਰੁਪਏ ਦੀ ਲਾਗਤ ਨਾਲ ਨਵੀਆਂ ਸੜਕਾਂ ਬਣਾਉਣ, ਇੰਟਰਲੌਕਿੰਗ ਟਾਈਲਾਂ ਲਾਉਣ, ਨਵੇਂ ਪਖ਼ਾਨੇ ਬਣਾਉਣ ਸਮੇਤ 41 ਏਜੰਡਿਆਂ ਨੂੰ ਬਿਨਾਂ ਕਿਸੇ ਅੜਚਨ ਦੇ ਮਨਜ਼ੂਰੀ ਦਿੱਤੀ ਗਈ। ਇਸ ਤੋਂ ਇਲਾਵਾ ਬਾਗਬਾਨੀ ਸ਼ਾਖ਼ਾ ਵੱਲੋਂ ਨਿਗਮ ਵੱਲੋਂ ਕਰੀਬ 13 ਲੱਖ ਰੁਪਏ ਦੀ ਲਾਗਤ ਨਾਲ ਗ੍ਰੀਨ ਵੇਸਟ ਮਸ਼ੀਨ ਖਰੀਦਣ ਦੀ ਤਜਵੀਜ਼ ਮਨਜ਼ੂਰ ਕੀਤੀ ਗਈ ਹੈ। ਰੋਜ਼ ਗਾਰਡਨ ਬਠਿੰਡਾ ਲਈ 5,38,300 ਰੁਪਏ ਪਹਿਲਾਂ ਵਾਲੀ ਠੇਕਾ ਰਕਮ ਵਿਚ 20 ਫੀਸਦੀ ਦਾ ਵਾਧਾ ਕਰਕੇ, ਨਵਾਂ ਠੇਕਾ ਪੁਰਾਣੇ ਠੇਕੇਦਾਰ ਨੂੰ ਦੇਣ ’ਤੇ ਸਹੀ ਪਾਈ ਗਈ। ਕਮੇਟੀ ਨੇ ਲੌਕਡਾਊਨ ਦੌਰਾਨ ਅੱਪੂ ਘਰ ਦੇ ਬੰਦ ਹੋਣ ਕਰਕੇ ਠੇਕੇਦਾਰ ਦਾ ਕਰੀਬ 2.27 ਲੱਖ ਰੁਪਏ ਦਾ ਕਿਰਾਇਆ ਮੁਆਫ਼ ਕੀਤੇ ਜਾਣ ਦੀ ਤਜਵੀਜ਼ ਨੂੰ ਵੀ ਪ੍ਰਵਾਨ ਕਰ ਲਿਆ ਗਿਆ। ਇਸ ਮੌਕੇ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਅਸ਼ੋਕ ਪ੍ਰਧਾਨ, ਡਿਪਟੀ ਮੇਅਰ ਮਾਸਟਰ ਹਰਮੰਦਰ ਸਿੰਘ ਸਿੱਧੂ, ਕੌਂਸਲਰ ਬਲਜਿੰਦਰ ਸਿੰਘ ਠੇਕੇਦਾਰ, ਪ੍ਰਵੀਨ ਗਰਗ, ਨਿਗਮ ਦੇ ਸੁਪਰਡੈਂਟ ਇੰਜਨੀਅਰ ਸੰਦੀਪ ਗੁਪਤਾ, ਐਕਸੀਅਨ ਰਜਿੰਦਰ ਕੁਮਾਰ, ਡੀਸੀਐਫਏ ਲਖਬੀਰ ਤ੍ਰਿਖਾ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।