For the best experience, open
https://m.punjabitribuneonline.com
on your mobile browser.
Advertisement

ਆਖ਼ਿਰ ਨੌਵੇਂ ਦਿਨ ਟੈਂਕੀ ਤੋਂ ਉਤਰੀਆਂ ਮਹਿਲਾ ਅਧਿਆਪਕਾਵਾਂ

08:59 AM Mar 13, 2024 IST
ਆਖ਼ਿਰ ਨੌਵੇਂ ਦਿਨ ਟੈਂਕੀ ਤੋਂ ਉਤਰੀਆਂ ਮਹਿਲਾ ਅਧਿਆਪਕਾਵਾਂ
ਸੰਗਰੂਰ ’ਚ ਮਹਿਲਾ ਅਧਿਆਪਕਾਂ ਤੇ ਯੂਨੀਅਨ ਆਗੂਆਂ ਨੂੰ ਮੀਟਿੰਗ ਦਾ ਪੱਤਰ ਸੌਂਪਦੇ ਹੋਏ ਤਹਿਸੀਲਦਾਰ।
Advertisement

ਗੁਰਦੀਪ ਸਿੰਘ ਲਾਲੀ
ਸੰਗਰੂਰ, 12 ਮਾਰਚ
ਪਿਛਲੇ 9 ਦਿਨਾਂ ਤੋਂ ਪਾਣੀ ਵਾਲੀ ਟੈਂਕੀ ’ਤੇ ਚੜ੍ਹੀਆਂ ਤਿੰਨ ਮਹਿਲਾ ਅਧਿਆਪਕਾਂ ਅੱਜ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੈਬਨਿਟ ਸਬ ਕਮੇਟੀ ਨਾਲ 14 ਮਾਰਚ ਦੀ ਮੀਟਿੰਗ ਤੈਅ ਕਰਵਾਉਣ ਦੇ ਲਿਖਤੀ ਭਰੋਸੇ ਤੋਂ ਬਾਅਦ ਟੈਂਕੀ ਤੋਂ ਹੇਠਾਂ ਉਤਰ ਆਈਆਂ ਅਤੇ ਟੈਂਕੀ ਹੇਠਾਂ ਕੱਚੇ ਅਧਿਆਪਕਾਂ ਵਲੋਂ ਚੱਲ ਰਿਹਾ ਧਰਨਾ ਵੀ ਸਮਾਪਤ ਕਰ ਦਿੱਤਾ ਗਿਆ ਹੈ। ਡਿਪਟੀ ਕਮਿਸ਼ਨਰ ਦੀ ਤਰਫ਼ੋਂ ਤਹਿਸੀਲਦਾਰ ਟੈਂਕੀ ਕੋਲ ਪੁੱਜੇ ਅਤੇ ਟੈਂਕੀ ਤੋਂ ਉਤਰੀਆਂ ਤਿੰਨੋਂ ਮਹਿਲਾ ਅਧਿਆਪਕਾਂ ਅਤੇ ਦਸ ਸਾਲ ਸਰਵਿਸ ਪੂਰੀ ਕਰਦੇ ਕੱਚੇ ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਆਗੂਆਂ ਨੂੰ ਮੀਟਿੰਗ ਦਾ ਪੱਤਰ ਸੌਂਪਿਆ ਜਿਸ ਮਗਰੋਂ ਯੂਨੀਅਨ ਵਲੋਂ ਟੈਂਕੀ ਸੰਘਰਸ਼ ਸਮਾਪਤ ਕਰਨ ਦਾ ਐਲਾਨ ਕੀਤਾ।
ਜ਼ਿਕਰਯੋਗ ਹੈ ਕਿ ਦਸ ਸਾਲ ਸਰਵਿਸ ਪੂਰੀ ਕਰਦੇ ਕੱਚੇ ਅਧਿਆਪਕ ਯੂਨੀਅਨ ਪੰਜਾਬ ਨਾਲ ਸਬੰਧਤ ਤਿੰਨ ਮਹਿਲਾ ਅਧਿਆਪਕਾਂ ਸੁਖਜੀਤ ਕੌਰ ਮਾਨਸਾ, ਗੁਰਜੀਤ ਕੌਰ ਲੁਧਿਆਣਾ ਅਤੇ ਮਨਜੀਤ ਕੌਰ ਮਾਨਸਾ ਇੱਥੇ ਬੱਸ ਸਟੈਂਡ ਰੋਡ ’ਤੇ ਵਿਜੀਲੈਂਸ ਦਫ਼ਤਰ ਨਜ਼ਦੀਕ ਸਥਿਤ ਕਰੀਬ 80/90 ਫੁੱਟ ਉਚੀ ਪਾਣੀ ਵਾਲੀ ਟੈਂਕੀ ਉਪਰ ਚੜ੍ਹ ਗਈਆਂ ਸਨ ਜਦੋਂ ਕਿ ਬਾਕੀ ਅਧਿਆਪਕਾਂ ਵਲੋਂ ਟੈਂਕੀ ਹੇਠਾਂ ਰੋਸ ਧਰਨਾ ਸ਼ੁਰੂ ਕਰ ਦਿੱਤਾ ਸੀ।
ਯੂਨੀਅਨ ਦੇ ਸੂਬਾ ਪ੍ਰਧਾਨ ਜਸਪਾਲ ਸਿੰਘ ਮੁਕਤਸਰ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਵੱਡੀ ਤਾਦਾਦ ’ਚ ਕੱਚੇ ਅਧਿਆਪਕਾਂ ਦੀਆਂ ਸੇਵਾਵਾਂ ਰੈਗੂਲਰ ਕਰ ਦਿੱਤੀਆਂ ਹਨ ਪਰ 130 ਦੇ ਕਰੀਬ ਕੱਚੇ ਅਧਿਆਪਕ ਰੈਗੂਲਰ ਹੋਣ ਤੋਂ ਵਾਂਝੇ ਹਨ ਜੋ ਅਜੇ ਵੀ ਸਿਰਫ਼ ਛੇ ਹਜ਼ਾਰ ਰੁਪਏ ਨਿਗੂਣੀ ਤਨਖਾਹ ਉੱਪਰ ਕੰਮ ਕਰਨ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਸੰਗਰੂਰ ਵਲੋਂ ਭਰੋਸਾ ਦਿੱਤਾ ਗਿਆ ਹੈ ਕਿ 14 ਮਾਰਚ ਦੀ ਕੈਬਨਿਟ ਸਬ ਕਮੇਟੀ ਦੀ ਮੀਟਿੰਗ ਵਿੱਚ ਮੰਗਾਂ ਦਾ ਹੱਲ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਮੀਟਿੰਗ ’ਚ ਮਸਲਾ ਹੱਲ ਨਾ ਹੋਇਆ ਤਾਂ ਕੱਚੇ ਅਧਿਆਪਕ ਮੁੜ ਸੰਘਰਸ਼ ਲਈ ਮਜ਼ਬੂਰ ਹੋਣਗੇ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਉਨ੍ਹਾਂ ਦੀ ਮੰਗ ਦਾ ਹੱਲ ਜ਼ਰੂਰ ਕੀਤਾ ਜਾਵੇ। ਇਸ ਮੌਕੇ ਯੂਨੀਅਨ ਆਗੂ ਗੌਰਵ ਹਾਂਡਾ, ਬਲਜਿੰਦਰ ਮੁਕਤਸਰ, ਅਮਨਦੀਪ ਕੌਰ ਬਠਿੰਡਾ, ਅਸੋਕ ਕੁਮਾਰ ਆਦਿ ਮੌਜੂਦ ਸਨ।

Advertisement

Advertisement
Author Image

joginder kumar

View all posts

Advertisement
Advertisement
×