ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਆਖ਼ਰ ਇਨਸਾਫ਼ ਹੋਇਆ

08:54 AM Oct 20, 2023 IST

ਦਿੱਲੀ ਦੀ ਇਕ ਅਦਾਲਤ ਨੇ 25 ਸਾਲਾ ਪੱਤਰਕਾਰ ਸੌਮਿਆ ਵਿਸ਼ਵਨਾਥਨ ਦੀ ਗੋਲੀ ਮਾਰ ਕੇ ਹੱਤਿਆ ਕਰਨ ਸਬੰਧੀ ਕੇਸ ਦੇ ਸਾਰੇ ਪੰਜ ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਉਸ ਨੂੰ ਨਵੀਂ ਦਿੱਲੀ ਵਿਚ 30 ਸਤੰਬਰ, 2008 ਨੂੰ ਵੱਡੇ ਤੜਕੇ 3.30 ਵਜੇ ਡਿਊਟੀ ਤੋਂ ਘਰ ਪਰਤਦੇ ਸਮੇਂ ਗੋਲੀ ਮਾਰ ਦਿੱਤੀ ਗਈ ਸੀ। ਇਹ ਕੇਸ 15 ਸਾਲਾਂ ਤੋਂ ਚੱਲਦਾ ਹੋਣ ਕਾਰਨ ਇਸ ਵਿਚ ਕਈ ਵਾਰ ਕਈ ਤਰ੍ਹਾਂ ਦੇ ਮੋੜ ਆਏ ਪਰ ਉਸ ਦੇ ਮਾਪੇ ਕੇਸ ਦੀ ਮਜ਼ਬੂਤੀ ਨਾਲ ਪੈਰਵੀ ਕਰਦੇ ਰਹੇ। ਇਸ ਲੰਮੇ ਅਰਸੇ ਦੌਰਾਨ ਇਹ ਬਜ਼ੁਰਗ ਜੋੜਾ ਜ਼ਰੂਰ ਸੋਚਦਾ ਹੋਵੇਗਾ ਕਿ ਕੀ ਉਹ ਮੁਲਜ਼ਮਾਂ ਨੂੰ ਆਪਣੇ ਜਿਊਂਦੇ ਜੀਅ ਸਜ਼ਾ ਮਿਲਦੀ ਦੇਖ ਸਕਣਗੇ ਜਾਂ ਨਹੀਂ। ਦਿੱਲੀ ਦੀ ਤਤਕਾਲੀ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਵੱਲੋਂ ਉਸ ਸਮੇਂ ਕੀਤੀ ਅਸੰਵੇਦਨਸ਼ੀਲ ਟਿੱਪਣੀ ਕਿ ਔਰਤਾਂ ਨੂੰ ਇੰਨੀ ‘ਦਲੇਰੀ’ ਨਹੀਂ ਦਿਖਾਉਣੀ ਚਾਹੀਦੀ ਕਿ ਉਹ ਰਾਤਾਂ ਨੂੰ ਸੜਕਾਂ ਉੱਤੇ ਇਕੱਲੀਆਂ ਤੁਰੀਆਂ ਫਿਰਨ, ਨੇ ਭਾਰੀ ਜਨਤਕ ਰੋਹ ਪੈਦਾ ਕੀਤਾ ਸੀ। ਦੋਸ਼ੀਆਂ ਨੂੰ ਸਜ਼ਾ 26 ਅਕਤੂਬਰ ਨੂੰ ਸੁਣਾਈ ਜਾਵੇਗੀ।
ਇਨ੍ਹਾਂ ਦੋਸ਼ੀਆਂ ਵਿਚੋਂ ਤਿੰਨ ਦਿੱਲੀ ਦੀ ਇਕ ਹੋਰ ਕੰਮ-ਕਾਜੀ ਮੁਟਿਆਰ ਜਿਗਿਸ਼ਾ ਘੋਸ਼ ਦੇ ਅਗਵਾ, ਲੁੱਟ ਅਤੇ ਕਤਲ ਦੇ ਦੋਸ਼ ਨਾਲ ਸਬੰਧਿਤ ਹਨ। ਜਿਗਿਸ਼ਾ ਕਤਲ ਕੇਸ ਦੀ ਤਫ਼ਤੀਸ਼ ਦੌਰਾਨ ਹੀ ਦੋਸ਼ੀਆਂ ਵਿਚੋਂ ਇਕ ਨੇ ਸੌਮਿਆ ਦੇ ਕਤਲ ਦਾ ਵੀ ਇਕਬਾਲ ਕੀਤਾ ਜਿਸ ਤੋਂ ਬਾਅਦ ਇਹ ਦੋਵੇਂ ਕਤਲ ਕਾਂਡ ਆਪਸ ਵਿਚ ਜੁੜ ਗਏ ਸਨ। ਜਿਗਿਸ਼ਾ ਦਾ ਕਤਲ ਮਾਰਚ 2009 ਵਿਚ ਉਸ ਵੇਲੇ ਕੀਤਾ ਗਿਆ ਸੀ ਜਦੋਂ ਉਹ ਰਾਤ ਦੀ ਸ਼ਿਫਟ ’ਚ ਕੰਮ ਕਰ ਕੇ ਤੜਕੇ ਘਰ ਪਰਤ ਰਹੀ ਸੀ। ਦੋਸ਼ੀਆਂ ਨੂੰ ਜਿਗਿਸ਼ਾ ਦੇ ਕਤਲ ਕੇਸ ਵਿਚ ਵੀ ਸਜ਼ਾ ਮਿਲੀ। ਤਿੰਨ ਵਿਅਕਤੀਆਂ ਦਾ ਦੋਹਾਂ ਕੇਸਾਂ ਵਿਚ ਸ਼ਾਮਿਲ ਹੋਣਾ ਇਹ ਦਰਸਾਉਂਦਾ ਹੈ ਕਿ ਜਦੋਂ ਅਪਰਾਧੀ ਕਿਸੇ ਕੇਸ ਵਿਚ ਗ੍ਰਿਫ਼ਤਾਰ ਨਹੀਂ ਕੀਤੇ ਜਾਂਦੇ ਤਾਂ ਉਨ੍ਹਾਂ ਵਿਚ ਹੋਰ ਅਪਰਾਧ ਕਰਨ ਲਈ ਹੌਸਲਾ ਵਧਦਾ ਹੈ।
ਸੌਮਿਆ ਕੇਸ ਇਕ ਵਾਰੀ ਫਿਰ ਦੇਰ ਨਾਲ ਨਿਆਂ ਮਿਲਣ ਦੀ ਬੜੀ ਪੁਰਾਣੀ ਸਮੱਸਿਆ ਦੇ ਹੱਲ ਦੀ ਲੋੜ ਉਤੇ ਜ਼ੋਰ ਦਿੰਦਾ ਹੈ। ਕੌਮੀ ਅਦਾਲਤੀ ਡੇਟਾ ਗਰਿਡ (National Judicial Data Grid) ਅਨੁਸਾਰ ਦੇਸ਼ ਦੀਆਂ ਵੱਖੋ-ਵੱਖ ਅਦਾਲਤਾਂ ਵਿਚ ਦਸੰਬਰ 2022 ਤੱਕ 4.80 ਲੱਖ ਕੇਸ ਲਮਕ ਰਹੇ ਸਨ। ਸੌਮਿਆ ਦੇ ਕੇਸ ਵਿਚ ਨਿਆਂ ਮਿਲਣ ਵਿਚ ਹੋਈ ਦੇਰੀ ਦੇ ਕਈ ਕਾਰਨਾਂ ’ਚੋਂ ਇਕ ਪਬਲਿਕ ਪਰੋਸੀਕਿਊਟਰ ਦਾ ਬਦਲਣਾ ਸੀ। ਕੇਸ ਨਬਿੇੜਨ ਵਿਚ ਤੇਜ਼ੀ ਲਿਆਉਣ ਲਈ ਤਫ਼ਤੀਸ਼ ਕਰਨ ਦੀ ਪ੍ਰਕਿਰਿਆ ਅਤੇ ਨਿਆਂ ਪ੍ਰਣਾਲੀ ਵਿਚ ਵਿਆਪਕ ਸੁਧਾਰ ਕਰਨ ਦੀ ਜ਼ਰੂਰਤ ਹੈ।

Advertisement

Advertisement
Advertisement