ਯੋਗ ਦਿਵਸ ’ਤੇ ਫਿਲਮੀ ਸਿਤਾਰਿਆਂ ਨੇ ਦਿਖਾਇਆ ਉਤਸ਼ਾਹ
ਮੁੰਬਈ, 21 ਜੂਨ
ਬੌਲੀਵੁੱਡ ਦੀਆਂ ਹਸਤੀਆਂ ਨੇ ਅੱਜ ਉਤਸ਼ਾਹ ਨਾਲ ਕੌਮਾਂਤਰੀ ਯੋਗ ਦਿਵਸ ਮਨਾਇਆ। ਇਸ ਮੌਕੇ ਦਿੱਗਜ ਫਿਲਮਸਾਜ਼ ਸੁਭਾਸ਼ ਘਈ ਨੇ ਯੋਗ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਹਨ।
ਉਨ੍ਹਾਂ ਕਿਹਾ, ‘‘ਯੋਗ ਮਨੁੱਖ ਨੂੰ ਮਾਨਸਿਕ ਤੌਰ ’ਤੇ ਮਜ਼ਬੂਤ ਕਰਦਾ ਹੈ। ਯੋਗ ਮਾਨਸਿਕ ਸਿਹਤ ਲਈ ਬਹੁਤ ਜ਼ਰੂਰੀ ਹੈ। ਯੋਗ ਮਨੁੱਖ ਨੂੰ ਅੰਦਰੂਨੀ ਤੌਰ ’ਤੇ ਤਾਕਤਵਰ ਬਣਾਉਂਦਾ ਹੈ।’’
ਆਪਣੀਆਂ ਹਿੱਟ ਫਿਲਮਾਂ ‘ਕਰਮਾ’, ‘ਸੌਦਾਗਰ’ ਅਤੇ ‘ਰਾਮ ਲਖਨ’ ਤੇ ਹੋਰਾਂ ਲਈ ਜਾਣੇ ਜਾਂਦੇ ਘਈ ਨੇ ਕਿਹਾ, ‘‘ਸਾਡੇ ਪ੍ਰਧਾਨ ਮੰਤਰੀ ਨੇ 10 ਸਾਲ ਪਹਿਲਾਂ ਵਿਦੇਸ਼ਾਂ ਵਿੱਚ ਕੌਮਾਂਤਰੀ ਯੋਗ ਦਿਵਸ ਮਨਾਉਣਾ ਸ਼ੁਰੂ ਕੀਤਾ।
ਇਸ ਤੋਂ ਬਾਅਦ ਉਨ੍ਹਾਂ ਨੇ ਦੇਸ਼ ਦੇ ਨਾਗਰਿਕਾਂ ਨੂੰ ਅਪੀਲ ਕੀਤੀ ਸੀ ਕਿ ਸਾਨੂੰ ਸਾਰਿਆਂ ਨੂੰ 21 ਜੂਨ ਦਾ ਦਿਨ ਯੋਗ ਦਿਵਸ ਵਜੋਂ ਮਨਾਉਣਾ ਚਾਹੀਦਾ ਹੈ।’’ ਮੁੰਬਈ ਵਿੱਚ ਕੌਮਾਂਤਰੀ ਯੋਗ ਦਿਵਸ ਸਬੰਧੀ ਕਰਵਾਏ ਸਮਾਗਮ ਵਿੱਚ ਬੌਲੀਵੁੱਡ ਅਦਾਕਾਰ ਜੈਕੀ ਸ਼ਰਾਫ ਤੇ ਮੇਘਨਾ ਘਈ ਨੇ ਵੀ ਸ਼ਿਰਕਤ ਕੀਤੀ। -ਏਐੱਨਆਈ
ਹੇਮਾ ਮਾਲਿਨੀ ਨੇ ਮਥੁਰਾ ਵਿੱਚ ਕੀਤਾ ਯੋਗ
ਅਦਾਕਾਰਾ ਤੋਂ ਰਾਜਸੀ ਆਗੂ ਬਣੀ ਹੇਮਾ ਮਾਲਿਨੀ ਨੇ 10ਵੇਂ ਕੌਮਾਂਤਰੀ ਯੋਗ ਦਿਵਸ ਮੌਕੇ ਮਥੁਰਾ ਵਿੱਚ ਯੋਗ ਕੀਤਾ। ਉਸ ਨੇ ਗੱਲਬਾਤ ਦੌਰਾਨ ਯੋਗ ਦੀ ਮਹੱਤਤਾ ਬਾਰੇ ਗੱਲ ਕਰਦਿਆਂ ਕਿਹਾ ਕਿ ਭਗਵਾਨ ਕ੍ਰਿਸ਼ਨ ਨੇ ਪੂਰੀ ਦੁਨੀਆ ਵਿੱਚ ਯੋਗ ਦਾ ਸੁਨੇਹਾ ਫੈਲਾਇਆ... ਹਰ ਕਿਸੇ ਨੂੰ ਰੋਜ਼ਾਨਾ ਯੋਗ ਕਰਨਾ ਚਾਹੀਦਾ ਹੈ। -ਏਐੱਨਆਈ