ਫਿ਼ਲਮੀ ਸਿਤਾਰਿਆਂ ਨੇ ਗਾਂਧੀ ਜੈਅੰਤੀ ਮੌਕੇ ਮਹਾਨ ਆਗੂ ਨੂੰ ਯਾਦ ਕੀਤਾ
ਮੁੰਬਈ:
ਫਿਲਮ ਸਿਤਾਰਿਆਂ ਨੇ ਅੱਜ ਗਾਂਧੀ ਜੈਅੰਤੀ ਮੌਕੇ ਮਹਾਤਮਾ ਗਾਂਧੀ ਵੱਲੋਂ ਦੇਸ਼ ਦੀ ਆਜ਼ਾਦੀ ’ਚ ਪਾਏ ਯੋਗਦਾਨ ਨੂੰ ਯਾਦ ਕਰਦਿਆਂ ਸੋਸ਼ਲ ਮੀਡੀਆ ’ਤੇ ਇਸ ਮਹਾਨ ਆਗੂ ਨੂੰ ਭਾਵ-ਭਿੰਨੀ ਸ਼ਰਧਾਂਜਲੀ ਦਿੱਤੀ। ਅਦਾਕਾਰ ਸੰਜੈ ਦੱਤ ਨੇ ਆਪਣੀ ਫ਼ਿਲਮ ‘ਲਗੇ ਰਹੇ ਮੁੰਨਾ ਭਾਈ’ ਦੀ ਤਸਵੀਰ ਸਾਂਝੀ ਕਰਦਿਆਂ ਲਿਖਿਆ, ‘ਇਸ ਗਾਂਧੀ ਜੈਅੰਤੀ ਮੌਕੇ ਬਾਪੂ ਦੀ ਅਹਿੰਸਾ ਅਤੇ ਗਾਂਧੀਗਿਰੀ ਦੀ ਭਾਵਨਾ ਦਾ ਜਸ਼ਨ ਮਨਾ ਰਹੇ ਹਾਂ।’ ਰਾਜਕੁਮਾਰ ਹਿਰਾਨੀ ਨੇ ‘ਲਗੇ ਰਹੋ ਮੁੰਨਾ ਭਾਈ’ ਨਾਲ ਦਰਸ਼ਕਾਂ ਨੂੰ ਗਾਂਧੀਵਾਦ ਦੇ ਵੱਖ-ਵੱਖ ਪਹਿਲੂਆਂ ਬਾਰੇ ਦੱਸਿਆ ਅਤੇ ਉਨ੍ਹਾਂ ਨੂੰ ਸੂਖ਼ਮ, ਹਾਸੋਹੀਣੇ ਅਤੇ ਵਿਅੰਗਮਈ ਢੰਗ ਨਾਲ ਗਾਂਧੀ ਦੀਆਂ ਕਦਰਾਂ-ਕੀਮਤਾਂ ਯਾਦ ਕਰਵਾਈਆਂ। ਅਦਾਕਾਰਾ ਕ੍ਰਿਤੀ ਖਰਬੰਦਾ ਨੇ ਵੀ ਗਾਂਧੀ ਜੈਅੰਤੀ ਮੌਕੇ ਇੰਸਟਾਗ੍ਰਾਮ ’ਤੇ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਲਿਖਿਆ, ‘ਜਨਮ ਦਿਨ ਦੀਆਂ ਵਧਾਈਆਂ ਬਾਪੂ। ਗਾਂਧੀ ਜੈਅੰਤੀ/ਕੌਮਾਂਤਰੀ ਅਹਿੰਸਾ ਦਿਵਸ।’ ਜ਼ਿਕਰਯੋਗ ਹੈ ਕਿ ਮਹਾਤਮਾ ਗਾਂਧੀ ਜਾਂ ਮੋਹਨਦਾਸ ਕਰਮਚੰਦ ਗਾਂਧੀ ਦਾ ਜਨਮ ਗੁਜਰਾਤ ਦੇ ਪੋਰਬੰਦਰ ਕਸਬੇ ਵਿੱਚ 2 ਅਕਤੂਬਰ 1869 ਨੂੰ ਹੋਇਆ ਸੀ। ਉਨ੍ਹਾਂ ਅਹਿੰਸਾ ਦੇ ਰਾਹ ’ਤੇ ਚੱਲਦਿਆਂ ਅੰਗਰੇਜ਼ਾਂ ਖ਼ਿਲਾਫ਼ ਦੇਸ਼ ਦੀ ਆਜ਼ਾਦੀ ਦੇ ਅੰਦੋਲਨ ਵਿੱਚ ਮੋਹਰੀ ਭੂਮਿਕਾ ਨਿਭਾਈ ਸੀ। -ਏਐਨਆਈ