For the best experience, open
https://m.punjabitribuneonline.com
on your mobile browser.
Advertisement

ਬਾਲਣ ਦੀ ਭਰੀ

10:41 AM Mar 13, 2024 IST
ਬਾਲਣ ਦੀ ਭਰੀ
Advertisement

ਸੁਰਿੰਦਰ ਸਿੰਘ ਰਾਏ

Advertisement

“ਇਹ ਥੋਡੇ ਬਾਪ ਦੀ ਜੰਗਲਾਤ ਥੋੜ੍ਹੇ ਆ, ਜਿੱਥੋਂ ਜਦ ਮਰਜ਼ੀ ਮੂੰਹ ਚੁੱਕੀ ਲੱਕੜਾਂ ਵੱਢ ਲਿਆਓ। ਬੂਟੇ ਲਾਉਣ ਨੂੰ ਅਸੀਂ, ਵੱਢਣ ਨੂੰ ਤੁਸੀਂ। ਜ਼ਿਆਦਾ ਚਲਾਕ ਬਣੀ ਫਿਰਦੀਆਂ। ਜੇ ਭਲੀ ਚਾਹੁੰਨੀਆਂ ਹੋ ਤਾਂ ਆਪੋ ਆਪਣੀ ਭਰੀ ਲਾਹ ਕੇ ਹੇਠਾਂ ਰੱਖ ਦਓ।” ਇੱਕ ਦਿਨ ਬਾਲੂ ਨੇ ਸੁਵਖਤੇ ਹੀ ਜੰਗਲਾਤ ਵੱਲੋਂ ਸਿਰਾਂ ’ਤੇ ਲੱਕੜਾਂ ਚੁੱਕੀ ਆਉਂਦੀਆਂ ਕਝ ਤ੍ਰੀਮਤਾਂ ਨੂੰ ਵੇਖ ਕੇ ਬਿਫਰਦਿਆਂ ਆਖਿਆ। ਉਹ ਤ੍ਰੀਮਤਾਂ ਬੇਫ਼ਿਕਰ ਤੇਜ਼-ਤੇਜ਼ ਤੁਰੀ ਜਾ ਰਹੀਆਂ ਸਨ, ਜਿਵੇਂ ਉਨ੍ਹਾਂ ਨੂੰ ਬਾਲੂ ਦੇ ਗੁੱਸੇ ਦੀ ਰਤਾ ਵੀ ਝੇਪ ਨਾ ਹੋਵੇ। ਉਹ ਤੁਰਦੀਆਂ-ਤੁਰਦੀਆਂ ਖਾਸਾ ਅੱਗੇ ਲੰਘ ਗਈਆਂ ਸਨ। ਬਾਲੂ ਗੁੱਸੇ ਨਾਲ ਬੁੜ-ਬੁੜ ਕਰਦਾ ਵਿੱਤਰ-ਵਿੱਤਰ ਉਨ੍ਹਾਂ ਕੰਨੀ ਝਾਕੀ ਜਾ ਰਿਹਾ ਸੀ ਪਰ ਉਨ੍ਹਾਂ ਜਨਾਨੀਆਂ ਵੱਲੋਂ ਫਿਰ ਵੀ ਕੋਈ ਜਵਾਬ ਨਾ ਆਇਆ। ਬਾਲੂ ਨੇ ਆਪਣੀ ਲਾਹੁਣੀ ਮਹਿਸੂਸ ਕੀਤੀ। ਉਹ ਖਿੱਝ ਕੇ ਉੱਚੀ ਦੇਣੀ ਚਿਲਾਇਆ, “ਹੁਣ ਚੁੱਪ ਵੱਟੀ ਇੱਕ-ਦੂਈ ਤੋਂ ਮੂਹਰੇ-ਮੂਹਰੇ ਦੌੜ ਲਾਈਓ। ਮੂਹੋਂ ਵੀ ਫੁੱਟੋ ਕੁਛ। ਮੈਂ ਦੱਸਦਾਂ ਵਾ ਸਾਬ੍ਹ ਨੂੰ ਜਾ ਕੇ ਅੱਜ। ਕਰਦੇਂ ਫਿਰ ਥੋਡਾ ਕੋਈ ਹੱਲ।”
“ਵੇ ਬਾਲੂ, ਚੁੱਲ੍ਹੇ ਜਾਣਿਆ। ਆਪਣੇ ਪਿੰਡ ਦਿਆਂ ਨਾਲ ਤਾਂ ਭੋਰਾ ਰੈਤ ਕਰ ਲਿਆ ਕਰ। ਮਾੜਾ-ਮੋਟਾ ਮੂੰਹ ਮੁਲਾਹਜ਼ਾ ਈ ਰੱਖ ਲਈ ਦਾ। ਅਸੀਂ ਕਿਹੜੇ ਕੋਈ ਵਪਾਰ ਕਰਦੀਆਂ। ਰੋਟੀ-ਟੁੱਕ ਜੋਗਾ ਬਾਲਣ ਈ ਲਿਆਈ ਦਾ। ਤੇਥੋਂ ਇਹ ਵੀ ਨ੍ਹੀਂ ਝੱਲਿਆ ਜਾਂਦਾ। ਜਿਹੜੇ ਰਾਤ-ਬਰਾਤੇ ਟਰਾਲੀਆਂ ਦੀਆਂ ਟਰਾਲੀਆਂ ਭਰ ਕੇ ਲੈ ਜਾਂਦੇ ਆ ਉਹ ਤਾਂ ਤੇਥੋਂ ਫੜ ਨ੍ਹੀਂ ਹੁੰਦੇ। ਮ੍ਹਾਤੜਾਂ ’ਤੇ ਊਂਈ ਰੋਅਬ ਛਾਂਟੀ ਜਾਨਾ।” ਆਖਿਰ ਇੱਕ ਅਧੇੜ ਜਿਹੀ ਉਮਰ ਦੀ ਤ੍ਰੀਮਤ ਨੇ ਸ਼ਿਕਾਇਤ ਦੇ ਡਰੋਂ ਨਿਹੋਰਾ ਜਿਹਾ ਮਾਰਦਿਆਂ ਬਾਲੂ ਨੂੰ ਜਵਾਬ ਮੋੜਿਆ।
“ਪਾਸ਼ੋ, ਚੋਰ ਛੋਟਾ ਹੋਵੇ ਚਾਹੇ ਬੜਾ, ਸਾਡੇ ਲਈ ਤਾਂ ਸਭ ਬਰੋਬਰ ਆ। ਜਦ ਉਹ ਮੇਰੇ ਅੜਿੱਕੇ ਆ ਗਏ, ਉਹ ਕਿਹੜੇ ਛੱਡਣੇ ਆਂ ਮੈਂ। ਸਾਬ੍ਹ ਨੇ ਫੁੱਲ ਪਾਵਰਾਂ ਦਿੱਤੀਆਂ ਵਾ ਮੈਨੂੰ। ਇੱਕ ਸਰਕਾਰੀ ਨੁਕਸਾਨ ਕਰਦੀਆਂ ਹੋ, ਦੂਜਾ ਅੱਗੋਂ ਔਖੀਆਂ ਭਾਰੀਆਂ ਹੁੰਦੀਆਂ ਹੋ।” ਬਾਲੂ ਅੱਜ ਪੂਰਾ ਤੈਸ਼ ਵਿੱਚ ਸੀ।
“ਚੱਲ ਬਾਬਾ, ਅੱਗੇ ਤੋਂ ਨ੍ਹੀਂ ਅਸੀਂ ਤੇਰੀਆਂ ਲੱਕੜੀਆਂ ਵੱਢਦੀਆਂ। ਅੱਜ ਨਾ ਸਾਡੀ ਸ਼ਕੈਤ ਆਪਣੇ ਸਾਬ੍ਹ ਕੋਲ ਲਾ ਦੇਵੀਂ। ਚਲੋ ਕੁੜੀਓ ਚਲੋ। ਅੱਗੇ ਤੋਂ ਨਾ ਇੱਧਰ ਆਇਆ ਕਰੋ।” ਪਾਸ਼ੋ ਨੇ ਬਾਲੂ ਤੋਂ ਖਹਿੜਾ ਛੁਡਾਉਣ ਲਈ ਆਪਣੇ ਨਾਲ ਤੁਰੀਆਂ ਜਾਂਦੀਆਂ ਕੁੜੀਆਂ ਨੂੰ ਹੌਸਲਾ ਦਿੰਦਿਆਂ ਆਖਿਆ, ਜੋ ਬਾਲੂ ਦੇ ਦਬਕਾ ਮਾਰਨ ਕਾਰਨ ਕੁਝ ਸਹਿਮ ਗਈਆਂ ਸਨ।
ਬਾਲੂ ਦਾ ਗੁੱਸਾ ਅੱਜ ਵੇਖਣ ਵਾਲਾ ਸੀ। ਭਾਵੇਂ ਪਾਸ਼ੋ ਦੇ ਗ਼ਲਤੀ ਮੰਨ ਲੈਣ ਨਾਲ ਉਹ ਕੁਝ ਸ਼ਾਂਤ ਹੋ ਗਿਆ ਸੀ ਪਰ ਉਸ ਦੇ ਬਿਫਰੇ ਚਿਹਰੇ ਦੀਆਂ ਭਵਾਂ ਅਜੇ ਵੀ ਇਵੇਂ ਤਣੀਆਂ ਸਨ, ਜਿਵੇਂ ਕਿਸੇ ਜੇਬ੍ਹ ਕਤਰੇ ਨੇ ਉਸ ਦੀ ਜੇਬ੍ਹ ਕੱਟ ਲਈ ਹੋਵੇ। ਨਰਸਰੀ ਵੱਲ ਤੁਰਿਆ ਜਾਂਦਾ ਵੀ ਉਹ ਬੜਾ ਦੁਖੀ ਸੀ। “ਪਤਾ ਨ੍ਹੀਂ, ਇਹਦੇ ਸਾਬ੍ਹ ਨੇ ਇਹਨੂੰ ਕਿਹੜੀਆਂ ਐਦਾਂ ਦੀਆਂ ਪਾਵਰਾਂ ਦਿੱਤੀਆਂ ਐਂ। ਜਦ ਕਿਸੇ ਨੂੰ ਨਰਸਰੀ ਵੱਲੋਂ ਲੱਕੜਾਂ ਲੈ ਕੇ ਆਉਂਦਾ ਵੇਖਦਾ ਤਾਂ ਇਹਦੇ ਢਿੱਡ ਪੀੜ ਹੋਣ ਲੱਗ ਪੈਂਦੀ ਐ। ਭਾਵੇਂ ਅਗਲਾ ਆਪਣੀ ਪੈਲੀ ’ਚੋਂ ਈ ਲੱਕੜਾਂ ਵੱਢ ਕੇ ਲਿਆਇਆ ਹੋਵੇ।” ਦੂਰ ਚਲੇ ਗਈਆਂ ਉਨ੍ਹਾਂ ਤ੍ਰੀਮਤਾਂ ਵਿੱਚੋਂ ਕੋਈ ਉੱਚੀ ਦੇਣੀਂ ਬੋਲੀ, ਜਿਵੇਂ ਬਾਲੂ ਨੂੰ ਸੁਣਾ ਕੇ ਆਪਣੇ ਮਨ ਦਾ ਗੁਬਾਰ ਕੱਢਿਆ ਹੋਵੇ। ਬਾਲੂ ਨੇ ਵੀ ਗੁੱਸੇ ਨਾਲ ਪਿੱਛੇ ਮੁੜ ਕੇ ਵੇਖਿਆ ਤੇ ਮੂੰਹ ਵਿੱਚ ਬੁੜ-ਬੁੜ ਕੀਤੀ। ਸਵੇਰੇ-ਸਵੇਰੇ ਰਾਹ ਵਿੱਚ ਪਏ ਇਸ ਅਲ੍ਹਸੇਟੇ ਕਾਰਨ ਅੱਜ ਬਾਲੂ ਨਰਸਰੀ ਪਹੁੰਚਦਾ ਕੁਝ ਲੇਟ ਹੋ ਗਿਆ ਸੀ। ਸਭ ਮਜ਼ਦੂਰ ਆਪੋ-ਆਪਣੀ ਥਾਂ ਆਹਰੇ ਲੱਗੇ ਹੋਏ ਸਨ। ਕਈ ਮਜ਼ਦੂਰ ਤੁਰੇ ਆਉਂਦੇ ਬਾਲੂ ਵੱਲ ਅੱਖਾਂ ਤਾੜ ਕੇ ਵੇਖਦੇ ਤੇ ਫਿਰ ਝੱਟ ਨੀਵੀਂ ਪਾ ਲੈਂਦੇ, ਜਿਵੇਂ ਬਾਲੂ ਨੂੰ ਲੇਟ ਆਉਣ ਦਾ ਅਹਿਸਾਸ ਕਰਾ ਰਹੇ ਹੋਣ ਪਰ ਬਾਲੂ ਨੂੰ ਕਿਸ ਦੀ ਪਰਵਾਹ ਸੀ। ਉਸ ਨੇ ਪਾਣੀ ਵਾਲਾ ਫੁਹਾਰਾ ਚੁੱਕਿਆ ਤੇ ਬੂਟਿਆਂ ਨੂੰ ਪਾਣੀ ਲਾਉਣ ਲੱਗ ਪਿਆ।
ਕੁਝ ਸਮੇਂ ਬਾਅਦ ਉਸ ਨੂੰ ਫੌਰੈਸਟ ਗਾਰਡ ਦੇ ਬੁਲਿਟ ਮੋਟਰਸਾਈਕਲ ਦੀ ਡੁੱਗ-ਡੁੱਗ ਸੁਣਾਈ ਦਿੱਤੀ। ਉਹ ਖ਼ੁਸ਼ ਹੋ ਗਿਆ, ਜਿਵੇਂ ਕੋਈ ਫ਼ੌਜਣ ਆਪਣੇ ਕੰਤ ਦੇ ਛੁੱਟੀ ਆਉਣ ’ਤੇ ਮਨ ਵਿੱਚ ਲੱਡੂ ਭੋਰਦੀ ਹੋਵੇ। ਉਸ ਨੇ ਪਾਣੀ ਵਾਲਾ ਫੁਆਰਾ ਹੇਠਾਂ ਰੱਖਿਆ ਤੇ ਨੱਸ ਕੇ ਆਪਣੇ ਸਾਬ੍ਹ ਦਾ ਮੋਟਰਸਾਈਕਲ ਖੜ੍ਹਾ ਕਰਨ ਜਾ ਪਹੁੰਚਿਆ। ਫਿਰ ਉਸ ਨੇ ਸਾਬ੍ਹ ਨੂੰ ਨਰਸਰੀ ਦੀ ਮੋਟਰ ਤੋਂ ਲਿਆਂਦਾ ਤਾਜ਼ਾ ਪਾਣੀ ਪਿਲਾਇਆ ਤੇ ਰੋਜ਼ਾਨਾ ਦੀ ਡਿਊਟੀ ਵਾਂਗ ਚਾਹ ਬਣਾਉਣ ਕਮਰੇ ਅੰਦਰ ਚਲੇ ਗਿਆ।
“ਸਾਬ੍ਹ ਜੀ, ਅੱਜ ਸਵੇਰੇ ਜਦੋਂ ਮੈਂ ਨਰਸਰੀ ਕੰਮ ’ਤੇ ਆਉਂਦਾ ਸਿਗਾ, ਤਾਂ ਮੇਰੇ ਪਿੰਡ ਦੀਆਂ ਕੁਝ ਜਨਾਨੀਆਂ ਜੰਗਲਾਤ ਵੱਲੋਂ ਲੱਕੜਾਂ ਦੀਆਂ ਮੋਟੀਆਂ-ਮੋਟੀਆਂ ਭਰੀਆਂ ਚੁੱਕੀ ਆਉਣ। ਵੇਖ ਕੇ ਮੈਥੋਂ ਰਹਿ ਨ੍ਹੀਂ ਹੋਇਆ। ਮੈਂ ਬਹੁਤ ਸ਼ਰਮਿੰਦੀਆਂ ਕੀਤੀਆਂ। ਫਿਰ ਮਿੰਨਤਾਂ ਤਰਲੇ ਕਰਨ ਲੱਗ ਪਈਆਂ। ਕਹਿੰਦੀਆਂ, ਬਾਲੂ ਅੱਜ ਛੱਡ ਦੇ, ਅਸੀਂ ਅੱਗੇ ਤੋਂ ਨ੍ਹੀਂ ਇੱਧਰ ਆਉਨੀਆਂ। ਮੈਂ ਕਿਹਾ, ਜੇ ਫੇਰ ਕਦੇ ਇੱਧਰੋਂ ਲੱਕੜਾਂ ਚੁੱਕੀ ਆਉਂਦੀਆਂ ਵੇਖ ਲਈਆਂ ਤਾਂ ਥੋਡੇ ਸਿਰ ਚੋਰੀ ਦਾ ਕੇਸ ਪਾਵਾਂਗੇ।” ਚਾਹ ਦਾ ਕੱਪ ਫੜਾਉਂਦਿਆਂ ਸਭ ਤੋਂ ਪਹਿਲਾਂ ਬਾਲੂ ਨੇ ਆਪਣੇ ਸਾਬ੍ਹ ਨੂੰ ਅੱਜ ਸਵੇਰੇ ਵਾਪਰੀ ਘਟਨਾ ਸੁਣਾਈ।
“ਸ਼ਾਬਾਸ਼, ਸ਼ਾਬਾਸ਼ ਬਾਲੂ ਬਹੁਤ ਵਧੀਆ ਕੀਤੈ। ਅੱਗੇ ਤੋਂ ਵੀ ਜੰਗਲਾਤ ਦਾ ਇਵੇਂ ਈ ਖਿਆਲ ਰੱਖਿਆ ਕਰ। ਤੇਰਾ ਬਾਪ ਕਰਮੂ ਵੀ ਇਵੇਂ ਈ ਕਰਦਾ ਸੀ। ਮਜ਼ਾਲ ਐ, ਓਹਦੇ ਹੁੰਦੇ ਕੋਈ ਜੰਗਲਾਤ ਵੱਲ ਮੂੰਹ ਵੀ ਕਰ ਜਾਂਦਾ। ਬੜਾ ਆਗਿਆਕਾਰ ਬੰਦਾ ਸੀ ਉਹ। ਤੂੰ ਵੀ ਓਹਦੇ ਵਾਂਗ ਈ ਦਬਕਾ ਰੱਖਿਆ ਕਰ।” ਫੌਰੈਸਟ ਗਾਰਡ ਨਛੱਤਰ ਸਿੰਘ ਨੇ ਬਾਲੂ ਦੀ ਚਾਪਲੂਸੀ ਨੂੰ ਆਗਿਆਕਾਰੀ ਦੀ ਪੁੱਠ ਚਾੜ੍ਹ ਕੇ ਹੋਰ ਵੀ ਹੱਲਾਸ਼ੇਰੀ ਦੇ ਦਿੱਤੀ। ਤੇ ਫਿਰ ਉਹ ਹੌਲੀ-ਹੌਲੀ ਗੱਲਾਂ ਕਰਦਾ ਆਪਣੇ ਸਾਬ੍ਹ ਦੇ ਮੰਜੇ ’ਤੇ ਪੈਂਦ ਵਾਲੇ ਪਾਸੇ ਬੈਠ ਗਿਆ। ਉਹ ਇੰਨੇ ਨਾਲੇ ਹੀ ਖ਼ੁਸ਼ ਹੋ ਗਿਆ ਸੀ। ਉਹ ਚੋਖਾ ਸਮਾਂ ਮੰਜੇ ’ਤੇ ਬੈਠਾ ਸਾਬ੍ਹ ਨਾਲ ਹੌਲੀ-ਹੌਲੀ ਗੁਫ਼ਤਗੂ ਕਰਦਾ ਰਿਹਾ। ਵਿੱਚ-ਵਿਚਾਲੇ ਕਦੇ-ਕਦਾਈਂ ਉਹ ਨਰਸਰੀ ਵਿੱਚ ਕੰਮ ’ਚ ਰੁੱਝੇ ਆਪਣੇ ਸਾਥੀਆਂ ਵੱਲ ਵੀ ਚੋਰ-ਝਾਤੀ ਮਾਰ ਲੈਂਦਾ, ਜਿਵੇਂ ਉਨ੍ਹਾਂ ਨੂੰ ਆਪਣੀ ਸਾਬ੍ਹ ਨਾਲ ਬਣੀ ਨੇੜਤਾ ਦਰਸਾ ਕੇ ਉਨ੍ਹਾਂ ’ਤੇ ਰੋਅਬ ਜਮਾ ਰਿਹਾ ਹੋਵੇ।
“ਬਾਲੂ, ਅੱਜ ਤੁਹਾਨੂੰ ਤਨਖਾਹ ਦੇਣੀ ਏਂ। ਸਾਰੇ ਬੰਦਿਆਂ ਨੂੰ ਮੇਰੇ ਕੋਲ ਬੁਲਾ ਕੇ ਲਿਆ।” ਗੱਲਾਂਬਾਤਾਂ ਚੱਲਦੀਆਂ ਵਿੱਚ ਹੀ ਫੌਰੈਸਟ ਗਾਰਡ ਨਛੱਤਰ ਸਿੰਘ ਨੇ ਬਾਲੂ ਨੂੰ ਆਖਿਆ।
ਤਨਖਾਹ ਦਾ ਨਾਂ ਸੁਣ ਕੇ ਬਾਲੂ ਆਪਣੇ ਮਜ਼ਦੂਰ ਸਾਥੀਆਂ ਕੋਲ ਨੱਸਾ ਹੀ ਗਿਆ, ਜਿਵੇਂ ਤਨਖਾਹ ਦੇ ਮਸਲੇ ’ਤੇ ਸਭ ਮਜ਼ਦੂਰਾਂ ਦੀਆਂ ਭਾਵਨਾਵਾਂ ਇੱਕ-ਮਿੱਕ ਹੋ ਗਈਆਂ ਹੋਣ। ਉਨ੍ਹਾਂ ਦੇ ਨਿੱਕੇ-ਨਿੱਕੇ ਗਿਲੇ-ਸ਼ਿਕਵੇ ਪਤਾ ਨਹੀਂ ਕਿੱਧਰ ਉੱਡ-ਪੁੱਡ ਗਏ ਸਨ। ਅੱਜ ਉਨ੍ਹਾਂ ਸਭ ਨੂੰ ਬਾਲੂ ਬਹੁਤ ਪਿਆਰਾ-ਪਿਆਰਾ ਲੱਗ ਰਿਹਾ ਸੀ, ਜਿਸ ਨੇ ਸਵੇਰੇ-ਸਵੇਰੇ ਇੱਕ ਸ਼ੁਭ ਖ਼ਬਰ ਆ ਸੁਣਾਈ ਸੀ।
“ਬਾਲੂ, ਤੇਰਾ ਪੁੰਨ ਹੋਵੇ ਭਰਾਵਾ। ਮੇਰੇ ਬੱਚਿਆਂ ਕੋਲ ਤਾਂ ਸਰਦੀਆਂ ਨੂੰ ਪਾਉਣ ਵਾਲੇ ਕੱਪੜੇ ਵੀ ਨ੍ਹੀਂ ਐਂ। ਅੱਜ ਲੈ ਕੇ ਦੇਵਾਂਗਾ।” ਬਾਲੂ ਦੀ ਗੱਲ ਸੁਣ ਕੇ ਕਾਲ਼ਾ ਖ਼ੁਸ਼ ਹੋ ਕੇ ਬੋਲਿਆ। “ਤੈਨੂੰ ਕੱਪੜਿਆਂ ਦੀ ਪਈਓ ਆ। ਸਾਡੇ ਘਰ ਆਟਾ ਮੁੱਕਿਆ ਹੋਇਆ। ਮੈਨੂੰ ਤਾਂ ਰਾਤ ਰੋਟੀ ਦੇ ਸੰਸੇ ਪਏ ਹੋਏ ਤੇ।” ਵੀਰੂ ਨੇ ਆਪਣੀ ਸੁਣਾਈ।
“ਯਾਰ, ਸਾਡਾ ਚਾਰ-ਪੰਜ ਦਿਨਾਂ ਤੋਂ ਨਲਕਾ ਖ਼ਰਾਬ ਹੋਇਆ ਖੜ੍ਹਾ। ਨਿਆਣੇ ਪਾਣੀ ਪੀਣ ਤੋਂ ਔਖੇ ਆ। ਘਰਵਾਲੀ ਮੈਨੂੰ ਗਾਲ੍ਹਾਂ ਕੱਢੀ ਜਾਂਦੀ ਆ।” ਦੁਖੀ ਲਹਿਜੇ ਵਿੱਚ ਕਾਕੂ ਬੋਲਿਆ। ਸਭ ਦੀ ਇੱਕੋ ਜਿਹੀ ਕਹਾਣੀ ਸੀ। ਗ਼ਰੀਬੀ ਦੇ ਮਿੱਧੇ-ਮਹਿੰਗਾਈ ਦੇ ਭੰਨੇ-ਥੁੜ੍ਹਾਂ ਮਾਰੇ ਲੋਕ...। ਅੱਜ ਮਿਲਣ ਵਾਲੀ ਮਜ਼ਦੂਰੀ ਨਾਲ ਉਨ੍ਹਾਂ ਨੂੰ ਕੁਝ ਰਾਹਤ ਮਿਲ ਜਾਣੀ ਸੀ। ਸਾਰੇ ਮਜ਼ਦੂਰ ਬਾਲੂ ਦੇ ਗਿਰਦ ਘੇਰਾ ਪਾਈ ਚਾਂਗਰਾਂ ਮਾਰਦੇ ਆਪਣੇ ਸਾਬ੍ਹ ਕੋਲੋਂ ਤਨਖਾਹ ਲੈਣ ਚੱਲ ਪਏ। ਆਪਣੇ ਸਾਥੀਆਂ ਵਿੱਚ ਘਿਰੇ ਬਾਲੂ ਦੀ ਟੌਹਰ ਅੱਜ ਵੇਖਣ ਵਾਲੀ ਸੀ। ਪਰ ਫੌਰੈਸਟ ਗਾਰਡ ਕੋਲ ਪਹੁੰਚ ਕੇ ਸਾਰੇ ਜਣੇ ਇਉਂ ਦੁਬਕ ਕੇ ਬੈਠ ਗਏ, ਜਿਵੇਂ ਆਪਣੇ ਕੰਮ ਦੀ ਮਜ਼ਦੂਰੀ ਲੈਣਾ ਵੀ ਉਨ੍ਹਾਂ ਸਿਰ ਹੀ ਅਹਿਸਾਨਮੰਦੀ ਹੋਵੇ। ਕਿੱਧਰੋਂ ਵੀ ਕੋਈ ਸੂੰ-ਸਾਂ ਦੀ ਆਵਾਜ਼ ਨਹੀਂ ਸੀ ਆ ਰਹੀ। ਫੌਰੈਸਟ ਗਾਰਡ ਦੇ ਆਖਣ ’ਤੇ ਖਾਲੀ ਪਈ ਪੇਅ ਰੋਲ ’ਤੇ ਕਿਸੇ ਨੇ ਆਪਣਾ ਅੰਗੂਠਾ ਲਾ ਦਿੱਤਾ ਤੇ ਕਿਸੇ ਨੇ ਆਪਣੇ ਦਸਤਖ਼ਤ ਝਰੀਟ ਦਿੱਤੇ। ਕਾਗਜ਼ੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਸਭ ਨੂੰ ਵਾਰੋ-ਵਾਰੀ ਤਨਖਾਹ ਦੇ ਪੈਸੇ ਦੇ ਦਿੱਤੇ ਗਏ। ਆਪੋ-ਆਪਣੀ ਤਨਖਾਹ ਲੈ ਕੇ ਸਭ ਮਜ਼ਦੂਰ ਵਾਪਸ ਨਰਸਰੀ ਵਿੱਚ ਕੰਮ ’ਤੇ ਜਾ ਲੱਗੇ। ਆਪਣਾ ਖ਼ਾਸ ਬੰਦਾ ਹੋਣ ਕਾਰਨ ਸਾਬ੍ਹ ਨੇ ਬਾਲੂ ਦਾ ਹਿਸਾਬ-ਕਿਤਾਬ ਸਭ ਤੋਂ ਬਾਅਦ ਵਿੱਚ ਕੀਤਾ।
“ਬਾਲੂ, ਤੂੰ ਆਪਣੇ ਚਾਰ-ਪੰਜ ਪਰਿਵਾਰਕ ਮੈਂਬਰਾਂ ਦੇ ਨਾਮ ਲਿਖ ਦੇ ਤੇ ਨਾਲੇ ਉਨ੍ਹਾਂ ਸਾਹਮਣੇ ਅੰਗੂਠੇ ਲਾ ਦੇ।” ਇੰਜ ਆਖ ਫੌਰੈਸਟ ਗਾਰਡ ਨੇ ਬਾਲੂ ਤੋਂ ਚਾਰ-ਪੰਜ ਥਾਵਾਂ ’ਤੇ ਵੱਖਰੇ-ਵੱਖਰੇ ਅੰਗੂਠੇ ਲਗਵਾ ਲਏ। ਇਸ ਗੱਲ ਦਾ ਬਾਲੂ ਨੇ ਵੀ ਕੋਈ ਉਜ਼ਰ ਨਾ ਕੀਤਾ। ਉਹ ਆਪਣੇ ਪਿਓ ਵਾਂਗ ਸਾਬ੍ਹ ਦੇ ਹੁਕਮ ਦੀ ਅਵੱਗਿਆ ਨਹੀਂ ਸੀ ਕਰਨੀ ਚਾਹੁੰਦਾ।
“ਬਾਲੂ, ਅਹਿ ਫੜ ਸੌ ਰੁਪਈਆ। ਇਸ ਦੀ ਤੂੰ ਆਪਣੇ ਬੱਚਿਆਂ ਲਈ ਕੋਈ ਮਠਿਆਈ ਲੈ ਜਾਵੀਂ।” ਸੌ ਦਾ ਨੋਟ ਫੜਾਉਂਦਿਆਂ ਫੌਰੈਸਟ ਗਾਰਡ ਨੇ ਬਾਲੂ ਨੂੰ ਆਖਿਆ। ਤਨਖਾਹ ਤੋਂ ਇਲਾਵਾ ਵਾਧੂ ਸੌ ਦਾ ਨੋਟ ਮਿਲਣ ਕਾਰਨ ਬਾਲੂ ਖ਼ੁਸ਼ ਹੋ ਗਿਆ।
“ਸਾਬ੍ਹ ਨੇ ਮੇਰੇ ਕੋਲੋਂ ਖ਼ਾਲੀ ਥਾਂ ’ਤੇ ਈ ਅੰਗੂਠਾ ਲਗਵਾ ਲਿਆ। ਹੁਣ ਮੈਨੂੰ ਕਿਆ ਪਤਾ, ਸਰਕਾਰ ਵੱਲੋਂ ਮਜ਼ਦੂਰਾਂ ਨੂੰ ਦਿਹਾੜੀ ਦਾ ਕਿੰਨਾ ਰੇਟ ਮਿਲਦਾ ਐ।” ਵੀਰੂ ਦੀ ਆਖੀ ਇਹ ਗੱਲ ਸੁਣ ਕੇ ਸਭ ਮਜ਼ਦੂਰ ਉਸ ਵੱਲ ਗਹੁ ਨਾਲ ਵੇਖਣ ਲੱਗੇ।
“ਵੀਰੂ, ਗੱਲ ਤਾਂ ਤੇਰੀ ਠੀਕ ਐ। ਮੇਰੇ ਨਾਲ ਵੀ ਇੱਦੇ ਈ ਹੋਈ ਐ। ਮੈਥੋਂ ਅੰਗੂਠਾ ਵੀ ਲੁਆ ਲਿਆ ਤੇ ਦਸਤਖ਼ਤ ਵੀ ਕਰਾ ਲਏ। ਬਈ ਰੱਬ ਜਾਣੇ। ਚਲੋ ਜੋ ਮਿਲਿਆ ਉਹੀ ਸਈ।” ਕੋਲ ਹੀ ਬੈਠੇ ਕਾਲੂ ਨੇ ਵੀ ਵੀਰੂ ਦੀ ਆਖੀ ਗੱਲ ਦੀ ਝੱਟ ਹੀ ਸ਼ਾਅਦੀ ਭਰ ਦਿੱਤੀ।
ਅੱਧੀ ਛੁੱਟੀ ਵੇਲੇ ਖਾਣਾ ਖਾਂਦਿਆਂ ਸ਼ੁਰੂ ਹੋਏ ਇਸ ਵਿਸ਼ੇ ਨਾਲ ਸਭ ਮਜ਼ਦੂਰ ਸ਼ਸ਼ੋਪੰਜ ਜਿਹੀ ਵਿੱਚ ਪੈ ਗਏ। ਖ਼ਾਸਾ ਸਮਾਂ ਉਹ ਆਪਸ ਵਿੱਚ ਖੁਸਰ-ਫੁਸਰ ਕਰਦੇ ਰਹੇ। “ਉਹ ਚੁੱਪ ਕਰੋ। ਔਹ ਬਾਲੂ ਆ ਗਿਆ।” ਵੀਰੂ ਉੱਚੀ ਦੇਣੀਂ ਬੋਲਿਆ ਤੇ ਫਿਰ ਬਾਲੂ ਨੂੰ ਆਪਣੇ ਵੱਲ ਤੁਰਿਆ ਆਉਂਦਾ ਵੇਖ ਉਨ੍ਹਾਂ ਆਪਣਾ ਵਿਸ਼ਾ ਬਦਲ ਲਿਆ। ਸਭ ਮਜ਼ਦੂਰ ਬਾਲੂ ਦੀ ਪਿੱਠ ਪਿੱਛੇ ਮੰਦਾ-ਚੰਗਾ ਬੋਲ ਕੇ ਆਪਣੇ ਮਨ ਦਾ ਗੁਬਾਰ ਕੱਢ ਲੈਂਦੇ ਪਰ ਬਾਲੂ ਸਾਹਮਣੇ ਚੁੱਪ ਵੱਟ ਲੈਂਦੇ। ਅਜੇ ਕੁਝ ਸਮਾਂ ਪਹਿਲਾਂ ਹੀ ਇੱਕ ਸਾਥੀ ਮਜ਼ਦੂਰ ਕਿਸੇ ਦੇ ਚੁੱਕੇ-ਚੁਕਾਏ ਬਾਲੂ ਨਾਲ ਪੰਗਾ ਲੈ ਬੈਠਾ ਸੀ। ਬਾਲੂ ਨੇ ਪਤਾ ਨਹੀਂ ਉਸ ਦੀ ਸਾਬ੍ਹ ਕੋਲ ਕੀ ਚੁਆਤੀ ਲਾਈ ਕਿ ਸਾਬ੍ਹ ਨੇ ਬਿਨਾਂ ਪੁੱਛ-ਪੜਤਾਲ ਕੀਤੇ ਉਸ ਮੁੰਡੇ ਨੂੰ ਦੂਸਰੇ ਦਿਨ ਹੀ ਕੰਮ ਤੋਂ ਜਵਾਬ ਦੇ ਦਿੱਤਾ ਸੀ। ਤਿੰਨ-ਚਾਰ ਮਹੀਨੇ ਪਹਿਲਾਂ ਵਾਪਰੀ ਇਹ ਘਟਨਾ ਅਜੇ ਤੱਕ ਵੀ ਸਭ ਮਜ਼ਦੂਰਾਂ ਨੂੰ ਯਾਦ ਸੀ। ਇਸੇ ਡਰ ਕਾਰਨ ਸਾਰੇ ਮਜ਼ਦੂਰ ਬਾਲੂ ਨਾਲ ਘੱਟ ਹੀ ਵਿਗਾੜਦੇ ਸਨ। ਨਾ ਚਾਹੁੰਦੇ ਵੀ ਉਸ ਦੀ ਹਾਂ ਵਿੱਚ ਹਾਂ ਮਿਲਾਉਂਦੇ ਰਹਿੰਦੇ।
“ਵੇ ਬਾਲੂ, ਦਾਦੇ ਮਰਾਣਿਆਂ। ਅੱਜ ਤੂੰ ਆਪਣੇ ਸਾਈਕਲ ਪਿੱਛੇ ਲੱਕੜਾਂ ਦੀ ਪੂਲੀ ਰੱਖੀ ਤੁਰਿਆ ਵਾਂ। ਮ੍ਹਾਤੜਾਂ ਨੂੰ ਤੂੰ ਊਂਈ ਟੋਕਦਾ ਰਹਿੰਨੈ। ਤੇਰੇ ਲਈ ਕੋਈ ਵੱਖਰਾ ਈ ਕਨੂੰਨ ਆਂ।” ਇੱਕ ਦਿਨ ਸੰਝ ਵੇਲੇ ਬਾਲੂ ਕੋਲ ਲੱਕੜਾਂ ਦੀ ਪੂਲੀ ਵੇਖ ਕੇ ਪਾਸ਼ੋ ਖਿੱਝ ਕੇ ਪਈ, ਜਿਵੇਂ ਅੱਜ ਮਸਾਂ ਹੀ ਉਸ ਨੂੰ ਬਦਲਾ ਲੈਣ ਦਾ ਮੌਕਾ ਮਿਲਿਆ ਹੋਵੇ।
“ਪਾਸ਼ੋ, ਮੈਂ ਤਾਂ ਜੰਗਲਾਤ ਦਾ ਮੁਲਾਜ਼ਮ ਵਾਂ। ਨਾਲੇ ਮੈਨੂੰ ਤਾਂ ਸਾਬ੍ਹ ਨੇ ਵੀ ਕਿਹਾ ਵਾ ਐ ਕਿ ਬਾਲੂ ਤੂੰ ਜੰਗਲਾਤ ਦੀ ਰਾਖੀ ਰੱਖਦਾ ਵਾਂ, ਆਪਣੇ ਚੁੱਲ੍ਹੇ-ਚੌਂਕੇ ਜੋਗਾ ਬਾਲਣ ਲੈ ਜਾਇਆ ਕਰ।”
“ਵੇ, ਇਹ ਤੇਰੀ ਤੇ ਤੇਰੇ ਸਾਬ੍ਹ ਦੀ ਜੰਗਲਾਤ ਥੋੜ੍ਹੇ ਆ। ਇਹ ਤਾਂ ਸਰਕਾਰੀ ਜੰਗਲਾਤ ਆ। ਇੰਨਾ ਕੁ ਤਾਂ ਮੈਨੂੰ ਵੀ ਪਤਾ ਐ। ਦੂਜਿਆਂ ਨੂੰ ਬੁੱਧੂ ਨ੍ਹੀਂ ਬਣਾਈਦਾ।” ਪਾਸ਼ੋ ਆਕੜ ਕੇ ਬੋਲੀ।
“ਪਾਸ਼ੋ, ਤੇਰੀ ਗੱਲ ਬਿਲਕੁਲ ਸਹੀ ਆ। ਪਰਸੋਂ-ਚੌਥੇ ਮੈਂ ਬੱਕਰੀਆਂ ਦਾ ਇੱਜੜ ਲੈ ਕੇ ਜੰਗਲਾਤ ਵੱਲ ਚਲੇ ਗਿਆ। ਇੱਕ ਬੱਕਰੀ ਨੇ ਕਿਤੇ ਕਿਸੇ ਬੂਟੇ ਨੂੰ ਮਾੜਾ-ਮੋਟਾ ਮੂੰਹ ਮਾਰ ਦਿੱਤਾ। ਇਹ ਬਹੁਤ ਦੇਰ ਖੜ੍ਹਾ ਘੁਰ-ਘੁਰ ਕਰੀ ਗਿਆ, ਜਿੱਦਾਂ ਜੰਗਲ ਇਹਦੇ ਪਿਓ ਦਾ ਹੁੰਦਾ ਐ। ਇਹ ਛੋਕਰੂ ਜਿਹਾ ਬੋਲਣ ਲੱਗਾ ਵੱਡਾ ਛੋਟਾ ਨ੍ਹੀਂ ਵੇਖਦਾ। ਝੱਟ ਅਗਲੇ ਦੀ ਲਾਹ-ਪਾਹ ਕਰਕੇ ਰੱਖ ਦਿੰਦਾ ਐ।” ਜੰਗਲਾਤ ਵਾਲੇ ਪਾਸਿਓਂ ਬੱਕਰੀਆਂ ਚਰਾ ਕੇ ਆਏ ਬਾਜ਼ੀਗਰ ਮੇਹਰੂ ਨੇ ਵੀ ਪਾਸ਼ੋ ਦੀ ਗੱਲ ਵਿੱਚ ਹਾਂ ਨਾਲ ਹਾਂ ਮਿਲਾਈ।
“ਮੈਂ ਤਾਂ ਆਪਣੀ ਡਿਊਟੀ ਵਜਾਨਾਂ ਵਾਂ। ਜੇ ਥੋਨੂੰ ਕੋਈ ਤਕਲੀਫ਼ ਆ ਤਾਂ ਸਾਬ੍ਹ ਨਾਲ ਗੱਲ ਕਰ ਲਓ। ਅਸੀਂ ਜੰਗਲਾਤ ਦਾ ਨੁਕਸਾਨ ਥੋੜ੍ਹੇ ਹੋਣ ਦੇਣਾ ਵਾ। ਐਦਾਂ ਤਾਂ ਲੋਕ ਸਾਰਾ ਜੰਗਲ ਈ ਵੱਢ ਕੇ ਲੈ ਜਾਣਗੇ।” ਮੇਹਰੂ ਦੀ ਗੱਲ ਸੁਣ ਕੇ ਬਾਲੂ ਨੂੰ ਕੁਝ ਬਾਹਲੀਆਂ ਮਿਰਚਾਂ ਲੱਗੀਆਂ। ਤੇ ਫਿਰ ਉਹ ਮੂੰਹ ’ਚ ਕੁਝ ਬੁੜ-ਬੁੜ ਕਰਦਾ ਸਾਈਕਲ ਨੂੰ ਪੈਡਲ ਮਾਰ ਝੱਟ ਉੱਥੋਂ ਖਿਸਕ ਗਿਆ।
ਕੁਝ ਕੁ ਦਿਨਾਂ ਬਾਅਦ ਸਵੇਰ ਵੇਲੇ ਫੌਰੈਸਟ ਗਾਰਡ ਨਛੱਤਰ ਸਿੰਘ ਨੇ ਆਉਂਦਿਆਂ ਹੀ ਮੋਟਰਸਾਈਕਲ ਖੜ੍ਹਾ ਕਰਨ ਤੋਂ ਬਾਅਦ ਬਾਲੂ ਨੂੰ ਉੱਚੀ ਦੇਣੀ ਆਵਾਜ਼ ਮਾਰੀ। ਸੁਵਖਤੇ ਹੀ ਆਪਣੇ ਸਾਬ੍ਹ ਨੂੰ ਕੁਝ ਵਧੇਰੇ ਹੀ ਖ਼ੁਸ਼ ਵੇਖ ਕੇ ਬਾਲੂ ਵੀ ਨੱਸਾ ਹੀ ਗਿਆ। ਨਛੱਤਰ ਸਿੰਘ ਨੇ ਖ਼ੁਸ਼ੀ ਖ਼ੁਸ਼ੀ ਬਾਲੂ ਨੂੰ ਦੋ ਲੱਡੂਆਂ ਦੇ ਡੱਬੇ ਫੜਾਏ।
“ਸਾਬ੍ਹ ਜੀ, ਇਹ ਕਾਹਦੀ ਖ਼ੁਸ਼ੀ ਵਿੱਚ?” ਬਾਲੂ ਨੇ ਹੈਰਾਨੀ ਵਿੱਚ ਪੁੱਛਿਆ।
“ਬਾਲੂ ਤੈਨੂੰ ਪਤਾ ਨਹੀਂ, ਅੱਜ ਮੇਰੀ ਤਰੱਕੀ ਹੋਈ ਏ। ਹੁਣ ਮੈਂ ਫੌਰੈਸਟ ਅਫ਼ਸਰ ਬਣ ਗਿਐਂ।” ਆਪਣੇ ਸਾਬ੍ਹ ਦੀ ਹੋਈ ਤਰੱਕੀ ਸੁਣ ਕੇ ਬਾਲੂ ਦਾ ਧਰਤ ’ਤੇ ਪੈਰ ਨਹੀਂ ਸੀ ਲੱਗ ਰਿਹਾ। ਤਰੱਕੀ ਨਛੱਤਰ ਸਿੰਘ ਦੀ ਹੋਈ ਸੀ ਪਰ ਤੋਰ ਬਾਲੂ ਦੀ ਬਦਲ ਗਈ ਸੀ। ਤੇ ਫਿਰ ਉਹ ਸਾਬ੍ਹ ਵੱਲੋਂ ਦਿੱਤੇ ਦੋ ਲੱਡੂਆਂ ਦੇ ਡੱਬੇ ਲੈ ਕੇ ਕਾਹਲੀ-ਕਾਹਲੀ ਆਪਣੇ ਸਾਥੀ ਮਜ਼ਦੂਰਾਂ ਕੋਲ ਜਾ ਪਹੁੰਚਿਆ। ਬਾਲੂ ਦੇ ਹੱਥਾਂ ਵਿੱਚ ਲੱਡੂਆਂ ਦੇ ਡੱਬੇ ਵੇਖ ਕੇ ਸਭ ਮਜ਼ਦੂਰਾਂ ਦੇ ਚਿਹਰੇ ਫੁੱਲ ਵਾਂਗ ਖਿੜ ਗਏ। ਲੱਡੂ ਖਾਂਦੇ ਹੋਏ ਅੱਜ ਉਹ ਸਭ ਆਪਣੇ ਸਾਬ੍ਹ ਦੀਆਂ ਖ਼ੂੁਬ ਸਿਫ਼ਤਾਂ ਕਰ ਰਹੇ ਸਨ ਤੇ ਫਿਰ ਉਹ ਸਾਰੇ ਜਣੇ ਸਾਬ੍ਹ ਨੂੰ ਵਧਾਈਆਂ ਦੇਣ ਤੁਰ ਪਏ।
“ਬਾਲੂ, ਅਹਿ ਫੜ ਪੰਜ ਸੌ ਰੁਪਈਆ। ਸ਼ਾਮ ਨੂੰ ਇਨ੍ਹਾਂ ਸਭ ਨੂੰ ਪਾਰਟੀ ਕਰ ਦੇਵੀਂ।” ਵਧਾਈਆਂ ਦੇਣ ਮੌਕੇ ਇੰਜ ਆਖਦਿਆਂ ਨਛੱਤਰ ਸਿੰਘ ਨੇ ਬਾਲੂ ਕੋਲ ਉਨ੍ਹਾਂ ਦੇ ਸ਼ਾਮ ਦੇ ਜੁਗਾੜ ਲਈ ਪੰਜ ਸੌ ਰੁਪਿਆ ਹੋਰ ਫੜਾ ਦਿੱਤਾ। ਸ਼ਾਮ ਦੇ ਜੁਗਾੜ ਬਾਰੇ ਸੁਣ ਕੇ ਸਭ ਮਜ਼ਦੂਰ ਖ਼ੁਸ਼ੀ ਵਿੱਚ ਉੱਡੂੰ-ਉੱਡੂੰ ਕਰਨ ਲੱਗ ਪਏ ਤੇ ਬੇਸਬਰੀ ਨਾਲ ਛੁੱਟੀ ਹੋਣ ਦੀ ਉਡੀਕ ਕਰਨ ਲੱਗੇ।
“ਸੱਤੂ, ਲਿਆ ਬਈ ਕਿੱਲੋ ਕੁ ਗਰਮ-ਗਰਮ ਪਕੌੜੇ। ਅੱਜ ਮੁੰਡਿਆਂ ਨੂੰ ਥੋੜ੍ਹੇ ਜਏ ਤਿੱਖੇ ਕਰ ਦਈਏ।” ਸੱਤੂ ਦੇ ਢਾਬੇ ’ਤੇ ਪੁੱਜਦੇ ਹੀ ਬਾਲੂ ਨੇ ਬੜੀ ਟੌਹਰ ਨਾਲ ਆਖਿਆ। ਅੱਜ ਸਾਰੇ ਮਜ਼ਦੂਰ ਆਪਣੇ ਸਾਬ੍ਹ ਦੀਆਂ ਖ਼ੂਬ ਸਿਫ਼ਤਾਂ ਕਰ ਰਹੇ ਸਨ। ਗਰਮ-ਗਰਮ ਤਿੱਖੀ ਮਿਰਚ ਵਾਲੇ ਪਕੌੜਿਆਂ ਨਾਲ ਸਜੀ ਪਲੇਟ ਅਤੇ ਲੰਮੀ ਧੌਣ ਵਾਲੀ ਸੁਰਾਹੀ ਵਰਗੀ ਬੋਤਲ ਵਿੱਚ ਮੇਲ੍ਹਦੀ ਲਾਲ ਪਰੀ ਨੇ ਉਨ੍ਹਾਂ ਦੀ ਗੁਫ਼ਤਗੂ ਨੂੰ ਹੋਰ ਵੀ ਰਮਣੀਕ ਬਣਾ ਦਿੱਤਾ ਸੀ। ਛੇਤੀ ਹੀ ਸਾਰੇ ਰੰਗ ਵਿੱਚ ਹੋ ਗਏ।
“ਯਾਰ, ਸਾਡੇ ਸਾਬ੍ਹ ਵਰਗਾ ਕਿਨ ਹੋ ਲੈਣਾਂ ਵਾ। ਮੈਂ ਤਾਂ ਕਈ ਵੇਰ ਇਨ੍ਹਾਂ ਦੇ ਘਰ ਵੀ ਜਾ ਆਇਆਂ ਵਾਂ। ਦੋ ਤਾਂ ਕੋਠੀਆਂ ਸਾਬ੍ਹ ਕੋਲ। ਇੱਕ ਪਿੰਡ ’ਚ ਆ, ਦੂਜੀ ਮੁਹਾਲੀ ਸ਼ਹਿਰ ਵਿੱਚ। ਦੋ ਨਵੀਆਂ ਕਾਰਾਂ ਰੱਖੀਆਂ ਵਾਂ। ਆਪਣੇ ਲਈ ਵੱਖਰੀ ਆ ਤੇ ਮੁੰਡੇ ਕੋਲ ਕਾਲਜ ਜਾਣ ਲਈ ਵੱਖਰੀ ਆ। ਸਾਡੇ ਸਾਬ੍ਹ ਦੀਆਂ ਰੀਸਾਂ ਕਿਨ ਕਰ ਲੈਣੀਆਂ ਵਾ।” ਨਸ਼ੇ ਵਿੱਚ ਖਿੜੇ ਬਾਲੂ ਨੇ ਆਪਣੇ ਸਾਬ੍ਹ ਦੀ ਇਉਂ ਤਾਰੀਫ਼ ਕੀਤੀ, ਜਿਵੇਂ ਇਸ ਇਲਾਕੇ ਵਿੱਚ ਉਸ ਦੇ ਮੇਚ ਦਾ ਕੋਈ ਹੋਰ ਬੰਦਾ ਨਾ ਹੋਵੇ।
“ਬਈ, ਵੱਡੇ ਬੰਦਿਆਂ ਦੇ ਵੱਡੇ ਕੰਮ। ਸਾਬ੍ਹ ਨੂੰ ਕਾਹਦਾ ਘਾਟਾ ਐ।” ਲੋਰ ਵਿੱਚ ਹੋਏ ਵੀਰੂ ਨੇ ਬਾਲੂ ਦੀ ਸੁਣਾਈ ਗੱਲ ਨੂੰ ਝੱਟ ਹੋਰ ਵਡਿਆ ਦਿੱਤਾ।
“ਐਦਾਂ ਦੇ ਦਲੇਰ ਅਫ਼ਸਰ ਨ੍ਹੀਂ ਮਿਲਣੇ। ਕਹਿਣ ਨੂੰ ਕੋਈ ਜੋ ਮਰਜ਼ੀ ਕਹੀ ਜਾਵੇ। ਵੇਖੋ ਨਾ, ਅੱਜ ਬਿਨਾਂ ਮੰਗੇ ਸਾਨੂੰ ਪਾਰਟੀ ਲਈ ਪੰਜ ਸੌ ਰੁਪਇਆ ਕੱਢ ਕੇ ਫੜਾ ਦਿੱਤਾ। ਕਿਹੜਾ ਅਫ਼ਸਰ ਇੱਦਾਂ ਕਰਦਾ ਵਾ।” ਬਾਲੂ ਨੇ ਹੱਥ ਵਿੱਚ ਫੜਿਆ ਲਾਲ ਪਰੀ ਵਾਲਾ ਗਲਾਸ ਇੱਕੋ ਛੀਂਟੇ ਖਿੱਚਦਿਆਂ ਆਪਣੇ ਸਾਬ੍ਹ ਦੀ ਦੁਬਾਰਾ ਫਿਰ ਸਿਫ਼ਤ ਕੀਤੀ। ਰੰਗ ਵਿੱਚ ਹੋਇਆ ਬਾਲੂ ਅੱਜ ਗੱਲਾਂ ਦੀ ਲੜੀ ਟੁੱਟਣ ਹੀ ਨਹੀਂ ਸੀ ਦਿੰਦਾ। ਪਤਾ ਨਹੀਂ ਅੱਜ ਉਸ ਨੂੰ ਐਨੀਆਂ ਗੱਲਾਂ ਕਿੱਥੋਂ ਉਤਰ ਰਹੀਆਂ ਸਨ। ਮੁੜ-ਘਿੜ ਉਸ ਦੀ ਸੂਈ ਸਾਬ੍ਹ ’ਤੇ ਹੀ ਆ ਟਿਕਦੀ। ਟੱਲੀ ਹੋਏ ਉਸ ਦੇ ਦੂਜੇ ਸਾਥੀ ਵੀ ਅੱਜ ਖ਼ੂਬ ਉਸ ਦੀ ਹਾਂ ਵਿੱਚ ਹਾਂ ਮਿਲਾਈ ਜਾ ਰਹੇ ਸਨ। ਤੇ ਆਪਣੇ ਸਾਬ੍ਹ ਦੀ ਅਮੀਰੀ ’ਤੇ ਅਸ਼-ਅਸ਼ ਕਰ ਰਹੇ ਸਨ। ਨਰਸਰੀ ਵਿੱਚ ਕੰਮ ਕਰਦੇ ਵੀ ਉਹ ਕਈ ਦਿਨ ਸਾਬ੍ਹ ਦੇ ਗੁਣਗਾਨ ਕਰਦੇ ਰਹੇ।
ਇੱਕ ਦਿਨ ਕੰਮ ’ਤੇ ਆਉਂਦਿਆਂ ਹੀ ਬਾਲੂ ਪਾਣੀ ਵਾਲਾ ਫੁਹਾਰਾ ਚੁੱਕ ਪਨੀਰੀ ਨੂੰ ਪਾਣੀ ਸਪਰੇਅ ਕਰਨ ਲੱਗ ਪਿਆ। ਉਸ ਦੇ ਸਾਥੀ ਮਜ਼ਦੂਰ ਕੁਝ ਕੁ ਦੂਰ ਕਿਆਰੀਆਂ ਦੀ ਗੁੱਡ-ਗੁਡਾਈ ਕਰ ਰਹੇ ਸਨ। ਗੁਡਾਈ ਕਰਦੇ-ਕਰਦੇ ਕਦੇ-ਕਦਾਈਂ ਉਹ ਬਾਲੂ ਵੱਲ ਵੇਖ ਖਚਰੀ ਹਾਸੀ ਹੱਸਦੇ ਤੇ ਫਿਰ ਆਪਸ ਵਿੱਚ ਹਾਸਾ-ਠੱਠਾ ਕਰਨ ਲੱਗ ਪੈਂਦੇ। ਅੱਜ ਉਨ੍ਹਾਂ ਦੀਆਂ ਗੱਲਾਂ ਵੀ ਪਹਿਲਾਂ ਵਾਂਗ ਸੰਜਮੀ ਨਹੀਂ ਸਨ, ਜਿਵੇਂ ਉਨ੍ਹਾਂ ਨੂੰ ਬਾਲੂ ਦੀ ਸਾਬ੍ਹ ਕੋਲ ਸ਼ਿਕਾਇਤ ਲਾ ਦੇਣ ਦੀ ਕੋਈ ਪਰਵਾਹ ਹੀ ਨਾ ਹੋਵੇ। ਬਾਲੂ ਉਨ੍ਹਾਂ ਦੀਆਂ ਅਜਿਹੀਆਂ ਹਰਕਤਾਂ ਤੋਂ ਬੜਾ ਦੁਖੀ ਸੀ। ਉਸ ਨੂੰ ਕੁਝ ਵੀ ਸਮਝ ਨਹੀਂ ਸੀ ਲੱਗ ਰਹੀ।
ਉਹ ਵਾਰ-ਵਾਰ ਸੜਕ ਵੱਲ ਵੇਖਦਾ ਪਰ ਉਸ ਨੂੰ ਆਪਣੇ ਸਾਬ੍ਹ ਦੇ ਬੁਲਿਟ ਮੋਟਰਸਾਈਕਲ ਦੀ ਆਵਾਜ਼ ਕਿਧਰੇ ਵੀ ਸੁਣਾਈ ਨਾ ਦਿੰਦੀ। ਦੁਪਹਿਰ ਦਾ ਇੱਕ ਵੱਜ ਚੁੱਕਾ ਸੀ। ਬਾਲੂ ਨੂੰ ਅੱਚੋਤਾਈ ਲੱਗੀ ਪਈ ਸੀ।
“ਕਿਧਰੇ ਸਾਬ੍ਹ ਦੀ ਬਦਲੀ ਨਾ ਹੋ ਗਈ ਹੋਵੇ, ਜਿਹੜੇ ਇਹ ਐਨੇ ਖ਼ੁਸ਼ ਐ ਪਰ ਜੇ ਬਦਲੀ ਵੀ ਹੋਈ ਹੁੰਦੀ ਤਾਂ ਸਾਬ੍ਹ ਨੇ ਮੈਨੂੰ ਤਾਂ ਦੱਸ ਈ ਦੇਣਾ ਸੀ।” ਬਾਲੂ ਦਾ ਦਿਮਾਗ਼ ਕਈ ਪਾਸਿਆਂ ਨੂੰ ਘੁੰਮ ਰਿਹਾ ਸੀ ਪਰ ਉਹ ਕਿਸੇ ਵੀ ਸਿੱਟੇ ’ਤੇ ਨਹੀਂ ਸੀ ਪੁੱਜ ਰਿਹਾ। ਆਖਿਰ ਅੱਧੀ ਛੁੱਟੀ ਵੇਲੇ ਖਾਣਾ ਖਾਣ ਦੇ ਬਹਾਨੇ ਉਹ ਆਪਣੇ ਸਾਥੀ ਮਜ਼ਦੂਰਾਂ ਕੋਲ ਜਾ ਬੈਠਾ।
“ਆ ਗਈ ਨਾ ਖੋਤੀ ਬੋਹੜ ਥੱਲੇ। ਪਹਿਲਾਂ ਤਾਂ ਬਾਬੂ ਜੀ ਸਾਡੇ ਨਾਲ ਅੱਖ ਈ ਨਹੀਂ ਸੀ ਮਿਲਾਉਂਦੇ।” ਬਾਲੂ ਨੂੰ ਆਪਣੇ ਕੋਲ ਆਇਆਂ ਵੇਖ ਵੀਰੂ ਨੇ ਟਿੱਚਰ ਨਾਲ ਆਖਿਆ। ਵੀਰੂ ਦੇ ਇੰਝ ਆਖਣ ’ਤੇ ਸਾਰੇ ਮਜ਼ਦੂਰ ਉੱਚੀ ਦੇਣੀ ਹਿੜਹਿੜਾਏ। ਬਾਲੂ ਵਿਚਾਰਾ ਹੋਰ ਵੀ ਪਾਣੀਓਂ ਪਤਲਾ ਹੋ ਗਿਆ।
“ਯਾਰ, ਅੱਜ ਸਾਡਾ ਸਾਬ੍ਹ ਨ੍ਹੀਂ ਆਇਆ, ਪਤਾ ਕੁਛ?” ਵਿਚਲੀ ਗੱਲ ਕੱਢਣ ਲਈ ਬਾਲੂ ਹੌਲੀ ਦੇਣੀ ਫੁਸਫੁਸਾਇਆ।
“ਬਾਲੂ, ਸਾਨੂੰ ਤਾਂ ਆਪ ਨ੍ਹੀਂ ਪਤਾ, ਭਰਾਵਾ। ਅਸੀਂ ਵੀ ਤੇਰੇ ਅਰਗੇ ਈ ਆਂ।” ਕਾਲਾ ਅੱਖ ਦੱਬ ਕੇ ਝੀਣੀਂ ਜਿਹੇ ਬੋਲਿਆ ਤੇ ਬਾਕੀ ਸਭ ਮਜ਼ਦੂਰ ਚੁੱਪੀ ਵੱਟ ਗਏ, ਜਿਵੇਂ ਉਨ੍ਹਾਂ ਨੂੰ ਕੋਈ ਅੰਦਰੂਲੀ ਡਰ ਸਤਾਅ ਰਿਹਾ ਹੋਵੇ। ਬਾਲੂ ਦੇ ਮਨ ਨੂੰ ਤਸੱਲੀ ਨਹੀਂ ਸੀ ਹੋ ਰਹੀ। ਫਿਰ ਉਸ ਨੇ ਆਪਣਾ ਸਾਈਕਲ ਚੁੱਕਿਆ ਤੇ ਨਹਿਰ ਦੇ ਪੁਲ ਕੋਲ ਬਣੇ ਸੱਤੂ ਦੇ ਢਾਬੇ ’ਤੇ ਜਾ ਪਹੁੰਚਿਆ, ਜਿੱਥੇ ਉਸ ਦਾ ਸਾਬ੍ਹ ਦੁਪਹਿਰ ਵੇਲੇ ਅਕਸਰ ਹੀ ਖਾਣਾ ਖਾਂਦਾ ਹੁੰਦਾ ਸੀ।
“ਬਾਲੂ, ਬਹੁਤ ਮਾੜੀ ਹੋਈ ਆ, ਬਹੁਤ ਮਾੜੀ ਹੋਈ ਆ। ਬਈ ਸਾਬ੍ਹ ਤੇਰਾ ਬੰਦਾ ਬੜਾ ਚੰਗਾ ਤਾ।” ਬਾਲੂ ਨੂੰ ਆਉਂਦਾ ਵੇਖ ਸੱਤੂ ਦੂਰੋਂ ਹੀ ਬੋਲਿਆ। ਸੱਤੂ ਦੇ ਇੰਜ ਆਖਣ ’ਤੇ ਬਾਲੂ ਘਬਰਾ ਗਿਆ।
“ਸੱਤੂ, ਕੀ ਗੱਲ ਹੋ ਗਈ ਆ?” ਬਾਲੂ ਕਾਹਲੀ ਵਿੱਚ ਬੋਲਿਆ।
“ਤੈਨੂੰ ਪਤਾ ਈ ਨਹੀਂ ਅਜੇ। ਸਾਰੇ ਇਲਾਕੇ ਵਿੱਚ ਤਾਂ ਖ਼ਬਰ ਘੁੰਮੀ ਪਈ ਆ।”
“ਕਿਹੜੀ ਖ਼ਬਰ?”
“ਅੱਜ ਦੀ ਅਖ਼ਬਾਰ ਵਿੱਚ ਮੋਟੀ ਤਾਂ ਸੁਰਖੀ ਲੱਗੀ ਹੋਈ ਆ। ਮੈਂ ਅੱਜ ਸਵੇਰੇ ਕਾਲੇ ਤੇ ਵੀਰੂ ਨੂੰ ਖ਼ਬਰ ਪੜ੍ਹਾਈ ਤਾਂ ਸਿਗੀ। ਤੈਨੂੰ ਉਨ੍ਹਾਂ ਦੱਸਿਆ ਨ੍ਹੀਂ? ਹੱਦ ਹੋ ਗਈ ਆ। ਤੇਰਾ ਸਾਬ੍ਹ ਤਾਂ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਸਸਪੈਂਡ ਹੋ ਗਿਐ।” ਸੱਤੂ ਦੀ ਆਖੀ ਇਹ ਗੱਲ ਸੁਣ ਕੇ ਬਾਲੂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਸ ਨੂੰ ਇਉਂ ਲੱਗਿਆ ਜਿਵੇਂ ਉਸ ਦਾ ਸਾਬ੍ਹ ਨਹੀਂ ਉਹ ਖ਼ੁਦ ਹੀ ਸਸਪੈਂਡ ਹੋ ਗਿਆ ਹੋਵੇ। ਉਹ ਖ਼ਾਸਾ ਸਮਾਂ ਗੁੰਮ ਜਿਹਾ ਹੋਇਆ ਸੋਚੀਂ ਪਿਆ ਰਿਹਾ।
“ਪਰ ਇਹ ਗੱਲ ਹੋ ਈ ਨਹੀਂ ਸਕਦੀ। ਸਾਡਾ ਸਾਬ੍ਹ ਐਨਾ ਅਮੀਰ ਬੰਦਾ ਐ, ਉਹਨੇ ਭ੍ਰਿਸ਼ਟਾਚਾਰ ਕਾਹਦੇ ਲਈ ਕਰਨਾ ਐਂ। ਸਗੋਂ ਉਹ ਤਾਂ ਮੈਨੂੰ ਵੀ ਜੰਗਲਾਤ ਦੀ ਰਾਖੀ ਕਰਨ ਨੂੰ ਆਖਦਾ ਹੁੰਦਾ ਐ। ਇਹ ਅਫ਼ਵਾਹ ਐ। ਨਾਲੇ ਅਖ਼ਬਾਰਾਂ ਵਿੱਚ ਵੀ ਸਾਰੀਆਂ ਖ਼ਬਰਾਂ ਸੱਚੀਆਂ ਥੋੜ੍ਹੇ ਹੁੰਦੀਆਂ ਵਾ। ਅਖ਼ਬਾਰਾਂ ਵਾਲੇ ਕਿਹੜੇ ਰੱਬ ਆ।” ਉਸ ਨੇ ਆਪਣੇ ਆਪ ਨੂੰ ਤਸੱਲੀ ਦਿੱਤੀ।
ਇਨ੍ਹਾਂ ਤਸੱਲੀਆਂ ਨਾਲ ਵੀ ਉਸ ਦਾ ਮਨ ਸ਼ਾਂਤ ਨਹੀਂ ਸੀ ਹੋ ਰਿਹਾ। ਕੁਝ ਚਿਰ ਦੀ ਤਸੱਲੀ ਬਾਅਦ ਦੁਬਾਰਾ ਫਿਰ ਅੱਚੋਤਾਈ ਜਿਹੀ ਲੱਗ ਜਾਂਦੀ। ਨਰਸਰੀ ਵਿੱਚ ਵਾਪਸ ਜਾ ਕੇ ਵੀ ਉਸ ਦਾ ਕੰਮ ਕਰਨ ਨੂੰ ਜੀਅ ਨਹੀਂ ਸੀ ਕਰ ਰਿਹਾ। ਉਹ ਖਿਝਿਆ-ਖਿਝਿਆ ਤੇ ਉਦਾਸ ਸੀ। ਐਨਾ ਉਦਾਸ ਉਸ ਨੂੰ ਪਹਿਲਾਂ ਕਦੇ ਨਹੀਂ ਸੀ ਵੇਖਿਆ।
“ਨ੍ਹਾ, ਅੱਜ ਤੇਰਾ ਦੁਖਦਾ ਐ ਕੁਛ। ਨਾ ਰੋਟੀ ਖਾਧੀ ਐ। ਨਾ ਨਿਆਣਿਆਂ ਨੂੰ ਬੁਲਾਉਨਾਂ ਐਂ। ਆਉਂਦਾ ਈ ਮੰਜੇ ’ਤੇ ਡਿੱਗ ਪਿਐਂ।” ਬਾਲੂ ਦਾ ਉਦਾਸ ਜਿਹਾ ਚਿਹਰਾ ਵੇਖ ਕੇ ਉਸ ਦੇ ਘਰਵਾਲੀ ਬੋਲੀ।
“ਭਿੰਦੋ, ਅੱਜ ਭੁੱਖ ਨ੍ਹੀਂ ਐਂ।” ਬਾਲੂ ਨੇ ਰੁੱਖਾ ਜਿਹਾ ਜਵਾਬ ਦਿੱਤਾ ਤੇ ਮੰਜੇ ’ਤੇ ਹੀ ਲੇਟਿਆ ਰਿਹਾ।
ਮੌਸਮ ਖ਼ਰਾਬ ਹੋ ਜਾਣ ਕਾਰਨ ਸਾਰੀ ਰਾਤ ਨ੍ਹੇਰੀ ਚੱਲਦੀ ਰਹੀ, ਜਿਵੇਂ ਤੂਫ਼ਾਨ ਹੀ ਆ ਗਿਆ ਹੋਵੇ। ਨ੍ਹੇਰੀ ਦੀ ਸ਼ੂਕਦੀ ਆਵਾਜ਼ ਬਾਲੂ ਨੂੰ ਹੋਰ ਵੀ ਡਰਾਈ ਜਾ ਰਹੀ ਸੀ। ਉਹ ਸੌਣ ਦੀ ਕੋਸ਼ਿਸ਼ ਕਰਦਾ ਪਰ ਗੱਲ ਨਾ ਬਣਦੀ। ਸਾਰੀ ਰਾਤ ਉੱਸਲਵੱਟੇ ਲੈਂਦਿਆਂ, ਬੇਚੈਨੀ ਵਿੱਚ ਹੀ ਬੀਤੀ। ਸਵੇਰ ਹੋਈ ਤਾਂ ਉਹ ਉਨੀਂਦਰੇ ਦਾ ਭੰਨਿਆ ਮਸੋਸਿਆ ਜਿਹਾ ਉੱਠਿਆ ਤੇ ਬਿਨਾਂ ਕੁਝ ਖਾਧੇ-ਪੀਤੇ ਕੰਮ ’ਤੇ ਚਲੇ ਗਿਆ।
“ਓਹ ਬਾਲੂ, ਅੱਜ ਤੂੰ ਹੌਲੀ-ਹੌਲੀ ਤੁਰਿਆ ਹੋਇਐਂ। ਲੋਕਾਂ ਨੇ ਤਾਂ ਤੇਰਾ ਅੱਧਾ ਜੰਗਲ ਘਰਾਂ ਨੂੰ ਢੋਅ ਲਿਆ ਐ। ਅੱਗੇ ਜਾ ਕੇ ਵੇਖ ਤਾਂ ਸਈ, ਕਿੱਦਾਂ ਰਾਤ ਦੇ ਝੱਖੜ ਨੇ ਦਰੱਖਤਾਂ ਦੇ ਮੋਟੇ-ਮੋਟੇ ਡਾਲੇ ਤੋੜੇ ਪਏ ਆ। ਕਈ ਤਾਂ ਰਿਹੜੇ ਜੋਤ ਕੇ ਤੁਰੇ ਹੋਏ ਆ।” ਨਰਸਰੀ ਵੱਲ ਨੂੰ ਤੁਰੇ ਜਾਂਦਿਆਂ ਪਿੰਡ ਦੇ ਇੱਕ ਵਿਅਕਤੀ ਨੇ ਬਾਲੂ ਨੂੰ ਦੱਸਿਆ ਪਰ ਬਾਲੂ ਨੇ ਉਸ ਵਿਅਕਤੀ ਦੀ ਗੱਲ ਦਾ ਕੋਈ ਜਵਾਬ ਨਾ ਦਿੱਤਾ ਤੇ ਚੁੱਪਚਾਪ ਨਰਸਰੀ ਵੱਲ ਨੂੰ ਤੁਰਿਆ ਰਿਹਾ।
“ਹੁਣ ਬਾਲੂ ਵਿਚਾਰਾ ਕੀ ਕਰੇ? ਇਹਦਾ ਸਾਬ੍ਹ ਤਾਂ ਸਸਪੈਂਡ ਹੋ ਗਿਐ।” ਬਾਲੂ ਦਾ ਕੋਈ ਜਵਾਬ ਨਾ ਆਇਆ ਵੇਖ ਇੱਕ ਹੋਰ ਜਣਾ ਬੋਲਿਆ।
ਬਾਲੂ ਤੋਂ ਇਹ ਦ੍ਰਿਸ਼ ਵੇਖਿਆ ਨਹੀਂ ਸੀ ਜਾਂਦਾ। ਨਰਸਰੀ ਵੱਲ ਤੁਰਿਆ ਜਾਂਦਾ ਉਹ ਬੇਵੱਸ ਸੀ। ਸੜਿਆ-ਭੁੱਜਿਆ ਉਹ ਨਰਸਰੀ ਪਹੁੰਚਿਆ ਤੇ ਚੁੱਪ-ਚਾਪ ਬੂਟਿਆਂ ਨੂੰ ਪਾਣੀ ਪਾਉਣ ਲੱਗ ਪਿਆ। ਇੰਜ ਕਈ ਦਿਨ ਬੀਤ ਗਏ। ਉਹ ਆਪਣੇ ਕੰਮ ਨਾਲ ਹੀ ਵਾਹ-ਵਾਸਤਾ ਰੱਖਦਾ। ਆਪਣੇ ਨਾਲ ਕੰਮ ਕਰਦੇ ਸਾਥੀ ਮਜ਼ਦੂਰਾਂ ਨਾਲ ਵੀ ਉਹ ਹੁਣ ਮਤਲਬ ਦੀ ਗੱਲ ਹੀ ਕਰਦਾ ਸੀ। ਜਦੋਂ ਉਸ ਦੇ ਸਾਥੀ ਆਪਸ ਵਿੱਚ ਕਿਸੇ ਗੱਲੋਂ ਕੋਈ ਹਾਸਾ-ਠੱਠਾ ਵੀ ਕਰਦੇ ਤਾਂ ਉਸ ਨੂੰ ਇਉਂ ਲੱਗਦਾ, ਜਿਵੇਂ ਉਸ ਨੂੰ ਹੀ ਚਿੜਾ ਰਹੇ ਹੋਣ। ਅਜਿਹੇ ਸ਼ੱਕੀ ਹਾਲਾਤ ਕਾਰਨ ਹੁਣ ਉਸ ਦਾ ਸੁਭਾਅ ਵੀ ਕੁਝ ਰੁੱਖਾ ਤੇ ਚਿੜਚਿੜਾ ਜਿਹਾ ਬਣ ਗਿਆ ਸੀ।
“ਬਾਲੂ, ਕੀ ਹਾਲ ਏ ਤੇਰਾ? ਅੱਜ ਸੁਵਖਤੇ ਈ ਤੁਰਿਆ ਹੋਇਐਂ।” ਇੱਕ ਦਿਨ ਸੁਵਖਤੇ ਹੀ ਬਾਲੂ ਨੂੰ ਆਪਣੀ ਮੁਹਾਲੀ ਵਾਲੀ ਕੋਠੀ ਪਹੁੰਚਿਆ ਵੇਖ ਫੌਰੈਸਟ ਅਫ਼ਸਰ ਨਛੱਤਰ ਸਿੰਘ ਹੈਰਾਨੀ ਵਿੱਚ ਬੋਲਿਆ।
“ਸਾਬ੍ਹ ਜੀ, ਕੀ ਦੱਸਾਂ ਥੋਨੂੰ? ਬਸ ਪੁੱਛੋ ਨਾ। ਅੱਜ ਮੇਤੋਂ ਰਹਿ ਈ ਨ੍ਹੀਂ ਹੋਇਆ। ਮੇਰਾ ਮਨ ਮਿਲਣ ਨੂੰ ਕਾਹਲਾ ਪੈ ਗਿਆ। ਫਿਰ ਮੈਂ ਅੱਜ ਦੀ ਸਪੈਸ਼ਲ ਛੁੱਟੀ ਕਰਕੇ ਸਿੱਧੀ ਮੁਹਾਲੀ ਵਾਲੀ ਬੱਸ ਜਾ ਫੜੀ।” ਬਾਲੂ ਨੇ ਆਪਣੀ ਵਿਥਿਆ ਸੁਣਾਈ।
“ਕੀ ਗੱਲ ਬਾਲੂ? ਮਨ ਕਿਉਂ ਕਾਹਲਾ ਪੈ ਗਿਆ?” ਨਛੱਤਰ ਸਿੰਘ ਨੇ ਹੱਸਦਿਆਂ ਪੁੱਛਿਆ।
“ਸਾਬ੍ਹ ਜੀ, ਜਦੋਂ ਦੇ ਤੁਸੀਂ ਸਸਪੈਂਡ ਹੋਏ ਓ, ਨਰਸਰੀ ਦੇ ਦੋ-ਤਿੰਨ ਬੰਦੇ ਤਾਂ ਬਾਹਲੇ ਈ ਖ਼ੁਸ਼ ਆ। ਮੈਨੂੰ ਛੇੜ-ਛੇੜ ਕੇ ਚਿੜਾਉਂਦੇ ਬਹੁਤ ਆ। ਮੈਂ ਬੜਾ ਦੁਖੀ ਆਂ ਉਨ੍ਹਾਂ ਤੋਂ। ਸੱਚ ਪੁੱਛੋ, ਮੇਰਾ ਤਾਂ ਹੁਣ ਨਰਸਰੀ ਵਿੱਚ ਕੰਮ ਕਰਨ ਨੂੰ ਦਿਲ ਈ ਨਹੀਂ ਕਰਦਾ।”
“ਬਾਲੂ, ਤੂੰ ਫ਼ਿਕਰ ਕਿਉਂ ਕਰਦੈਂ? ਬਸ ਇੱਕ ਮਹੀਨਾ ਹੋਰ ਏ, ਮੈਂ ਬਹਾਲ ਹੋ ਕੇ ਆਇਆ ਕਿ ਆਇਆ। ਕਿਸੇ ਤੋਂ ਡਰੀ ਦਾ ਨ੍ਹੀਂ ਹੁੰਦਾ। ਤੂੰ ਪਹਿਲਾਂ ਵਾਂਗ ਈ ਦਬਕਾ ਰੱਖਿਆ ਕਰ। ਜਦ ਮੈਂ ਨਰਸਰੀ ਆਊਂਗਾ, ਫਿਰ ਮੈਨੂੰ ਦੱਸੀਂ। ਸਾਲਿਆਂ ਨੂੰ ਕੰਮ ਤੋਂ ਨਾ ਕੱਢਿਆ ਤੇ, ਉਹ ਵੀ ਕੀ ਜਾਣਨਗੇ?”
ਨਛੱਤਰ ਸਿੰਘ ਦੀ ਦਿੱਤੀ ਹੱਲਾਸ਼ੇਰੀ ਨਾਲ ਬਾਲੂ ਹੌਸਲੇ ਵਿੱਚ ਆ ਗਿਆ। ਉਸ ਦੇ ਮੁਰਝਾਏ ਚਿਹਰੇ ’ਤੇ ਇੱਕ ਨਿੱਕੀ ਜਿਹੀ ਮੁਸਕਾਨ ਖੇਡ ਰਹੀ ਸੀ। ਛੇਤੀ ਹੀ ਨਛੱਤਰ ਸਿੰਘ ਦਾ ਘਰੇਲੂ ਨੌਕਰ ਬਾਲੂ ਲਈ ਬਾਜ਼ਾਰੋਂ ਮਠਿਆਈ ਤੇ ਸਮੋਸੇ ਲੈ ਕੇ ਆ ਗਿਆ। ਚਾਹ ਪੀਂਦਾ ਹੋਇਆ ਖ਼ੁਸ਼ ਰੌਂਅ ਵਿੱਚ ਬੈਠਾ ਬਾਲੂ ਆਪਣੇ ਸਾਬ੍ਹ ਨਾਲ ਬਹੁਤ ਸਮਾਂ ਗੱਲਾਂ ਕਰਦਾ ਰਿਹਾ। ਆਪਣੀ ਹੋਈ ਟਹਿਲ-ਸੇਵਾ ਕਾਰਨ ਅੱਜ ਉਹ ਸਾਬ੍ਹ ’ਤੇ ਹੋਰ ਵੀ ਨਿਹਾਲ ਹੋ ਗਿਆ ਸੀ।
“ਬਾਲੂ, ਅਹਿ ਫੜ। ਜਾਂਦਾ ਹੋਇਆ ਆਪਣੇ ਬੱਚਿਆਂ ਲਈ ਕੁਝ ਲੈ ਜਾਵੀਂ।” ਤੁਰਨ ਲੱਗੇ ਨਛੱਤਰ ਸਿੰਘ ਨੇ ਮੱਲੋ-ਮੱਲੀ ਬਾਲੂ ਦੀ ਜੇਬ੍ਹ ਵਿੱਚ ਪੰਜ ਸੌ ਦਾ ਨੋਟ ਪਾਉਂਦਿਆਂ ਆਖਿਆ।
ਬਾਲੂ ਨੂੰ ਤਾਂ ਉਸ ਦੇ ਬੱਸ ਕਿਰਾਏ ’ਤੇ ਲੱਗੇ ਪੈਸਿਆਂ ਨਾਲੋਂ ਵੀ ਕਿਤੇ ਵੱਧ ਪੈਸੇ ਮਿਲ ਗਏ ਸਨ। ਉਹ ਹੋਰ ਵੀ ਖ਼ੁਸ਼ ਹੋ ਗਿਆ। ਅੱਜ ਉਸ ਨੂੰ ਆਪਣਾ ਸਾਬ੍ਹ ਪਹਿਲਾਂ ਨਾਲੋਂ ਵੀ ਵਧੇਰੇ ਚੰਗਾ-ਚੰਗਾ ਲੱਗ ਰਿਹਾ ਸੀ। ਬੱਸ ਅੱਡੇ ਵੱਲ ਤੁਰਿਆ ਜਾਂਦਾ ਵੀ ਉਹ ਆਪਣੇ ਸਾਬ੍ਹ ਲਈ ਦੁਆਵਾਂ ਕਰੀ ਜਾ ਰਿਹਾ ਸੀ। ਹੁਣ ਬਾਲੂ ਦਾ ਮਨ ਪਹਿਲਾਂ ਨਾਲੋਂ ਖ਼ਾਸਾ ਹਲਕਾ ਹੋ ਗਿਆ ਸੀ। ਘਰ ਪਹੁੰਚ ਕੇ ਵੀ ਅੱਜ ਉਸ ਨੇ ਆਪਣੀ ਘਰਵਾਲੀ ਤੇ ਬੱਚਿਆਂ ਨਾਲ ਖ਼ੂਬ ਗੱਲਾਂ ਕੀਤੀਆਂ।
“ਔਹ ਕੋਈ ਬੜਾ ਅਫ਼ਸਰ ਆਇਆ ਲੱਗਦੈ।” ਇੱਕ ਦਿਨ ਅਚਾਨਕ ਹੀ ਨਰਸਰੀ ਵਿੱਚ ਆ ਕੇ ਰੁਕੀ ਇੱਕ ਨਵੀਂ ਨਕੋਰ ਕਾਰ ਵੇਖ, ਵੀਰੂ ਠਠੰਬਰ ਕੇ ਉੱਚੀ ਬੋਲਿਆ। ਸਭ ਮਜ਼ਦੂਰ ਸਹਿਮ ਕੇ ਆਪੋ ਆਪਣੇ ਕੰਮ ਦੁਆਲੇ ਹੋ ਗਏ।
“ਉਹ ਇਹ ਤਾਂ ਸਾਡੇ ਸਾਬ੍ਹ ਆ।” ਉਸ ਕਾਲੇ ਸ਼ੀਸ਼ਿਆਂ ਵਾਲੀ ਕਾਰ ਵਿੱਚੋਂ ਫੌਰੈਸਟ ਅਫ਼ਸਰ ਨਛੱਤਰ ਸਿੰਘ ਨੂੰ ਬਾਹਰ ਆਇਆ ਵੇਖ ਬਾਲੂ ਹੈਰਾਨੀ ਵਿੱਚ ਚੀਕਿਆ।
ਉਹ ਖ਼ੁਸ਼ੀ ਵਿੱਚ ਖੀਵਾ ਹੋਇਆ ਇੱਧਰ-ਉੱਧਰ ਨੱਸਾ ਫਿਰੀ ਜਾ ਰਿਹਾ ਸੀ, ਜਿਵੇਂ ਉਸ ਨੂੰ ਅੱਖੀਂ ਵੇਖਣ ’ਤੇ ਵੀ ਯਕੀਨ ਨਾ ਆ ਰਿਹਾ ਹੋਵੇ।
“ਬਾਲੂ, ਮੈਂ ਨੌਕਰੀ ’ਤੇ ਬਹਾਲ ਹੋ ਗਿਐਂ। ਅਹਿ ਫੜ ਇਸ ਖ਼ੁਸ਼ੀ ਦਾ ਇਨਾਮ। ਅੱਜ ਘਰ ਜਾ ਕੇ ਪਾਰਟੀ ਕਰ ਲਵੀਂ।” ਨੱਸ ਕੇ ਮਿਲਣ ਗਏ ਬਾਲੂ ਨੂੰ ਇੱਕ ਹਜ਼ਾਰ ਰੁਪਏ ਫੜਾਉਂਦਿਆਂ ਫੌਰੈਸਟ ਅਫ਼ਸਰ ਨੇ ਆਖਿਆ।
“ਸਾਬ੍ਹ ਜੀ, ਮੈਂ ਨ੍ਹੀਂ ਅਜੇ ਪਾਰਟੀ ਲੈਣੀ। ਤਨਖਾਹ ਮਿਲੀ ’ਤੇ ਕਰ ਦਿਓ। ਤਿੰਨ-ਚਾਰ ਮਹੀਨੇ, ਥੋਨੂੰ ਤਨਖਾਹ ਮਿਲੀ ਨੂੰ ਹੋ ਗਏ ਆ।” ਬਾਲੂ ਨੇ ਆਪਣੇ ਸਾਬ੍ਹ ਨਾਲ ਦਿਲੋਂ ਹਿਤ ਜਤਾਉਂਦਿਆਂ ਝਿਜਕਦਿਆਂ ਜਵਾਬ ਦਿੱਤਾ।
“ਬਾਲੂ, ਕੋਈ ਗੱਲ ਨ੍ਹੀਂ। ਇਸ ਗੱਲ ਨਾਲ ਕੀ ਫ਼ਰਕ ਪੈਣਾ ਏ। ਤਨਖਾਹ ਤਾਂ ਮੈਂ ਕਦੇ ਪਹਿਲਾਂ ਨ੍ਹੀਂ ਬੈਂਕ ’ਚੋਂ ਕਢਾਈ। ਮੈਨੂੰ ਤਾਂ ਇਹ ਵੀ ਨਹੀਂ ਪਤਾ, ਮੇਰੀ ਤਨਖਾਹ ਹੈ ਕਿੰਨੀ ਏ।” ਫੌਰੈਸਟ ਅਫ਼ਸਰ ਬੜੇ ਰੋਅਬ ਨਾਲ ਬੋਲਿਆ।
ਆਪਣੇ ਸਾਬ੍ਹ ਦੀ ਇਹ ਗੱਲ ਸੁਣ ਕੇ ਬਾਲੂ ਦਾ ਮੱਥਾ ਠਣਕਿਆ। ਕਦੇ ਉਹ ਦੂਰ ਕੰਮ ਕਰਦੇ ਆਪਣੇ ਸਾਥੀ ਮਜ਼ਦੂਰਾਂ ਵੱਲ ਵੇਖਦਾ ਤੇ ਕਦੇ ਨਰਸਰੀ ਵਿੱਚ ਖੜ੍ਹੀ ਸਾਬ੍ਹ ਦੀ ਨਵੀਂ ਨਕੋਰ ਕਾਰ ਵੱਲ। ਫਿਰ ਉਸ ਨੂੰ ਆਪਣੇ ਮੋਏ ਬਾਪ ਦੀ ਯਾਦ ਆਈ, ਜੋ ਤਨਖਾਹ ਵਾਲੇ ਦਿਨ ਦੀ ਕਿੰਨੀ ਬੇਸਬਰੀ ਨਾਲ ਉਡੀਕ ਕਰਦਾ ਹੁੰਦਾ ਸੀ। ਸਾਰੀ ਉਮਰ ਮਿਹਨਤ-ਮੁਸ਼ੱਕਤ ਕਰਦਾ ਵੀ ਉਹ ਕਰਜ਼ਾਈ ਦਾ ਕਰਜ਼ਾਈ ਹੀ ਰਿਹਾ ਸੀ। ਆਖ਼ਰ ਖ਼ੁਦਕੁਸ਼ੀ ਕਰਕੇ ਹੀ ਉਸ ਦੀ ਕਰਜ਼ੇ ਤੋਂ ਮੁਕਤੀ ਹੋਈ ਸੀ। ਉਹ ਭਾਵੁਕ ਹੋ ਗਿਆ।
ਫਿਰ ਉਸ ਨੇ ਆਪਣੇ ਹੱਥ ਵਿੱਚ ਫੜਿਆ ਹਜ਼ਾਰ ਦਾ ਨੋਟ ਚੁੱਪ-ਚਾਪ ਆਪਣੀ ਜੇਬ੍ਹ ਵਿੱਚ ਪਾ ਲਿਆ। ਅੱਜ ਸੰਝ ਵੇਲੇ ਛੁੱਟੀ ਹੋਣ ਤੋਂ ਬਾਅਦ ਘਰ ਜਾਂਦੇ ਹੋਏ ਰਾਹ ਵਿੱਚ ਉਸ ਨੂੰ ਪਾਸ਼ੋ ਮਿਲੀ, ਜੋ ਆਪਣੇ ਮੁਹੱਲੇ ਦੀਆਂ ਦੋ-ਤਿੰਨ ਕੁੜੀਆਂ ਨਾਲ ਡੰਗਰਾਂ ਲਈ ਪੱਠੇ ਲੈਣ ਜੰਗਲਾਤ ਵੱਲ ਜਾ ਰਹੀ ਸੀ। ਪਤਾ ਨਹੀਂ, ਬਾਲੂ ਦੇ ਮਨ ਵਿੱਚ ਕੀ ਆਇਆ, ਉਹ ਉਸ ਨੂੰ ਵੇਖਦੇ ਹੀ ਝਟ ਦੇਣੀਂ ਉਸ ਦੇ ਪੈਰ ਛੂਹਣ ਭੱਜਾ। ਹੇਠਾਂ ਝੁਕਦੇ ਵਕਤ ਉਸ ਦੀ ਜੇਬ੍ਹ ਵਿੱਚ ਪਾਇਆ ਹਜ਼ਾਰ ਦਾ ਨੋਟ ਭੁੰਜੇ ਡਿੱਗ ਪਿਆ, ਜੋ ਹਵਾ ਦੇ ਇੱਕ ਨਿੱਕੇ ਜਿਹੇ ਬੁੱਲੇ ਨਾਲ ਉੱਡ ਕੇ ਦੂਰ ਚਲੇ ਗਿਆ ਸੀ। ਉੱਡਦੇ ਨੋਟ ਨੂੰ ਫੜਨ ਲਈ ਬਾਲੂ ਨੂੰ ਨੱਸਾ ਜਾਂਦਾ ਵੇਖ ਪਾਸ਼ੋ ਝੱਟ ਬੋਲੀ, “ਹੁਣ ਸਾਡਾ ਬਾਲੂ ਸਿਆਣਾ ਹੋ ਗਿਆ ਲੱਗਦੈ।”
ਸੰਪਰਕ:+61431696030

Advertisement
Author Image

joginder kumar

View all posts

Advertisement
Advertisement
×