ਤੁੰਗਵਾਲੀ ਦੇ ਸਿਹਤ ਕੇਂਦਰ ’ਚ ਭਰਿਆ ਪਾਣੀ
ਪੱਤਰ ਪ੍ਰੇਰਕ
ਭੁੱਚੋ ਮੰਡੀ, 7 ਜੁਲਾਈ
ਪਿੰਡ ਤੁੰਗਵਾਲੀ ਦੇ ਸਬਸਿਡਰੀ ਹੈਲਥ ਸੈਂਟਰ ਵਿੱਚ ਮੀਂਹ ਦਾ ਪਾਣੀ ਭਰਨ ਕਾਰਨ ਮੈਡੀਕਲ ਸਟਾਫ ਤੇ ਮਰੀਜ਼ਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਪੈ ਰਿਹਾ ਹੈ। ਵੀਰਵਾਰ ਨੂੰ ਭਰਵੀਂ ਬਰਸਾਤ ਨੇ ਹਸਪਤਾਲ ਨੂੰ ਜਲਥਲ ਕਰ ਦਿੱਤਾ ਅਤੇ ਅੱਜ ਪੈਰਾ ਮੈਡੀਕਲ ਸਟਾਫ ਨੇ ਦੋ ਘੰਟਿਆਂ ਦੀ ਜੱਦੋਜਹਿਦ ਮਗਰੋਂ ਹੈਲਥ ਸੈਂਟਰ ਵਿੱਚੋਂ ਪਾਣੀ ਬਾਹਰ ਕੱਢਿਆ। ਮੈਡੀਕਲ ਸਟਾਫ ਨੇ ਫਾਰਮੇਸੀ ਰੂਮ ਵਿੱਚ ਬੈਠ ਕੇ ਮਰੀਜ਼ਾਂ ਦੀ ਜਾਂਚ ਕੀਤੀ।
ਜਾਣਕਾਰੀ ਇਸ ਹੈਲਥ ਸੈਂਟਰ ਦੀ ਇਮਾਰਤ ਪੁਰਾਣੀ ਅਤੇ ਕਾਫੀ ਨੀਵੀਂ ਹੈ ਜਿਸ ਕਾਰਨ ਮੀਂਹਾਂ ਦੌਰਾਨ ਘਰਾਂ ਦਾ ਪਾਣੀ ਸੜਕ ਰਾਹੀਂ ਹਸਪਤਾਲ ਵਿੱਚ ਭਰ ਜਾਂਦਾ ਹੈ। ਇਹ ਸਿਸਸਿਲਾ ਪਿਛਲੇ ਲੰਮੇ ਸਮੇਂ ਤੋਂ ਜਾਰੀ ਹੈ।
ਇਸ ਹੈਲਥ ਸੈਂਟਰ ਵਿੱਚ ਸੇਵਾ ਨਿਭਾਅ ਰਹੇ ਡਾ. ਰੋਹਿਤ ਬਾਂਸਲ ਨੇ ਦੱਸਿਆ ਕਿ ਸੈਂਟਰ ਦੀ ਇਮਾਰਤ ਬਹੁਤ ਜ਼ਿਆਦਾ ਗੰਦੀ ਹੋਣ ਕਾਰਨ ਬੈਠਣ ਦੇ ਯੋਗ ਨਹੀਂ ਹੈ। ਮੀਹਾਂ ਵਿੱਚ ਪਾਣੀ ਭਰ ਜਾਂਦਾ ਹੈ । ਸਰਕਾਰ ਵੱਲੋਂ ਲੰਮੇ ਸਮੇਂ ਤੋਂ ਇਸ ਬਿਲਡਿੰਗ ਦਾ ਨਵੀਨੀਕਰਨ ਨਹੀਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਉਹ ਇਸ ਹਸਪਤਾਲ ਵਿੱਚ 2010 ਤੋਂ ਸੇਵਾ ਨਿਭਾਅ ਰਹੇ ਹਨ। ਇਸ ਦੌਰਾਨ ਸਰਕਾਰ ਵੱਲੋਂ ਹਸਪਤਾਲ ਲਈ ਸਿਰਫ਼ ਇੱਕ ਵਾਰ 80 ਹਜ਼ਾਰ ਰੁਪਏ ਦਾ ਹੀ ਫੰਡ ਆਇਆ ਸੀ। ਉਨ੍ਹਾਂ ਮੰਗ ਕੀਤੀ ਕਿ ਹੈਲਥ ਸੈਂਟਰ ਦੀ ਇਮਾਰਤ ਨੂੰ ਉੱਚਾ ਕਰਕੇ ਬਣਾਇਆ ਜਾਵੇ।