ਐੱਫਆਈਐੱਚ ਪ੍ਰੋ ਲੀਗ: ਭਾਰਤ ਨੇ ਓਲੰਪਿਕ ਚੈਂਪੀਅਨ ਨੈਦਰਲੈਂਡਜ਼ ਨੂੰ ਹਰਾਇਆ
ਭੁਬਨੇਸ਼ਵਰ:
ਭਾਰਤੀ ਮਹਿਲਾ ਹਾਕੀ ਟੀਮ ਨੇ ਅੱਜ ਮੌਜੂਦਾ ਓਲੰਪਿਕ ਚੈਂਪੀਅਨ ਨੈਦਰਲੈਡਜ਼ ਦੀ ਟੀਮ ਨੂੰ ਅੱਜ ਇੱਥੇ ਐੱਫਆਈਐੱਚ ਪ੍ਰੋ ਹਾਕੀ ਲੀਗ ਦੇ ਇੱਕ ਮੈਚ ਦੌਰਾਨ ਸ਼ੂਟਆਊਟ ’ਚ 2-1 ਗੋਲਾਂ ਨਾਲ ਹਰਾ ਦਿੱਤਾ। ਨਿਰਧਾਰਿਤ ਸਮੇਂ ’ਚ ਦੋਵਾਂ ਟੀਮਾਂ 2-2 ਗੋਲਾਂ ਨਾਲ ਬਰਾਬਰੀ ’ਤੇ ਸਨ। ਟੀਮ ਦੀ ਜਿੱਤ ’ਚ ਗੋਲਕੀਪਰ ਸਵਿਤਾ ਪੂਨੀਆ ਨੇ ਅਹਿਮ ਭੂਮਿਕਾ ਨਿਭਾਈ। ਮੈਚ ਦੌਰਾਨ ਪੀਏਨ ਸੈਂਡਰਸ ਨੇ 17ਵੇਂ ਮਿੰਟ ਤੇ ਫੇਅ ਵਾਨ ਡੇਰ ਐਲਸਟ ਨੇ 28ਵੇਂ ਮਿੰਟ ’ਚ ਗੋਲ ਕਰਕੇ ਨੈਦਰਲੈਂਡਜ਼ ਨੂੰ 2-0 ਨਾਲ ਲੀਡ ਦਿਵਾਈ ਪਰ ਭਾਰਤ ਨੇ ਦੀਪਿਕਾ ਵੱਲੋਂ 35ਵੇਂ ਮਿੰਟ ਅਤੇ ਬਲਜੀਤ ਕੌਰ ਵੱਲੋਂ 43ਵੇਂ ਮਿੰਟ ’ਚ ਕੀਤੇ ਗੋਲਾਂ ਸਦਕਾ ਬਰਾਬਰੀ ਕੀਤੀ। ਸ਼ੂਟਆਊਟ ’ਚ ਭਾਰਤ ਲਈ ਦੀਪਿਕਾ ਤੇ ਮੁਮਤਾਜ਼ ਖ਼ਾਨ ਨੇ ਗੋਲ ਦਾਗੇ ਜਦਕਿ ਨੈਦਰਲੈਂਡਜ਼ ਵੱਲੋਂ ਇਕਲੌਤੀ ਮੈਰੀਜਿਨ ਵੀਨ ਹੀ ਗੋਲ ਕਰ ਸਕੀ। ਦੂਜੇ ਪਾਸੇ ਹਾਕੀ ਇੰਡੀਆ (ਐੱਚਆਈ) ਨੇ ਕਿਹਾ ਕਿ ਓਲੰਪਿਕ ਚੈਂਪੀਅਨ ਤੇ ਵਿਸ਼ਵ ਦੀ ਅੱਵਲ ਨੰਬਰ ਟੀਮ ਨੈਦਰਲੈਂਡਜ਼ ’ਤੇ ਜਿੱਤ ਦਰਜ ਕਰਨ ਵਾਲੀ ਭਾਰਤੀ ਮਹਿਲਾ ਹਾਕੀ ਟੀਮ ਦੀ ਹਰੇਕ ਮੈਂਬਰ ਨੂੰ ਇੱਕ-ਇੱਕ ਲੱਖ ਰੁਪਏ ਇਨਾਮ ਵਜੋਂ ਦਿੱਤੇ ਜਾਣਗੇ। ਸਹਾਇਕ ਸਟਾਫ ਮੈਂਬਰਾਂ ਨੂੰ 50-50 ਹਜ਼ਾਰ ਰੁਪਏ ਮਿਲਣਗੇ। -ਪੀਟੀਆਈ
ਭਾਰਤ ਨੇ ਇੰਗਲੈਂਡ ਨੂੰ 2-0 ਨਾਲ ਹਰਾਇਆ
ਭੁਬਨੇਸ਼ਵਰ:
ਕਪਤਾਨ ਹਰਮਨਪ੍ਰੀਤ ਸਿੰਘ ਦੋ ਗੋਲਾਂ ਸਦਕਾ ਭਾਰਤ ਨੇ ਅੱਜ ਇੱਥੇ ਇੰਗਲੈਂਡ ਨੂੰ 2-0 ਨਾਲ ਹਰਾਉਂਦਿਆਂ ਐੱਫਆਈਐੈੱਚ ਪ੍ਰੋ ਲੀਗ ਦੇ ਘਰੇਲੂ ਪੜਾਅ ਦਾ ਜਿੱਤ ਨਾਲ ਅੰਤ ਕੀਤਾ। ਲੰਘੇ ਦਿਨ ਭਾਰਤ ਨੂੰ ਇੰਗਲੈਂਡ ਤੋਂ 2-3 ਨਾਲ ਹਾਰ ਮਿਲੀ ਸੀ ਹਾਲਾਂਕਿ ਕਾਲਿੰਗਾ ਸਟੇਡੀਅਮ ’ਚ ਭਾਰਤ ਨੇ ਅੱਜ ਜ਼ਬਰਦਸਤ ਵਾਪਸੀ ਕੀਤੀ ਅਤੇ ਜਿੱਤ ਨਾਲ ਸਫਰ ਖਤਮ ਕੀਤਾ। ਕਪਤਾਨ ਹਰਮਨਪ੍ਰੀਤ ਨੇ 26ਵੇਂ ਤੇ 32ਵੇਂ ਮਿੰਟ ’ਚ ਦੋ ਗੋਲ ਦਾਗੇ ਜਦਕਿ ਇੰਗਲੈਂਡ ਵੱਲੋਂ ਇਕਲੌਤਾ ਗੋਲ ਕੋਨੋਰ ਵਿਲੀਅਮਸਨ ਨੇ 30ਵੇਂ ਮਿੰਟ ’ਚ ਕੀਤਾ। ਹਰਮਨਪ੍ਰੀਤ ਨੇ ਦੋਵੇਂ ਗੋਲ ਪੈਨਲਟੀ ਕਾਰਨਰ ’ਤੇ ਕੀਤੇ। -ਪੀਟੀਆਈ