ਕਾਂਗਰਸ ’ਚ ਹਰਿਆਣਾ ਦਾ ਮੁੱਖ ਮੰਤਰੀ ਬਣਨ ਲਈ ਮਾਰੋ-ਮਾਰ: ਮੋਦੀ
ਹਿਸਾਰ, 28 ਸਤੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਕਾਂਗਰਸ ’ਚ ਧੜੇਬੰਦੀ ਕਾਰਨ ਇਸ ਲਈ ਸਥਿਰਤਾ ਦੂਰ ਦੀ ਕੌਡੀ ਹੈ ਅਤੇ ਪਾਰਟੀ ਅੰਦਰ ਹਰ ਕੋਈ ਹਰਿਆਣਾ ਦਾ ਮੁੱਖ ਮੰਤਰੀ ਬਣਨ ਲਈ ਮਾਰੋ-ਮਾਰ ਕਰ ਰਿਹਾ ਹੈ ਤੇ ਬਾਪੂ (ਭੁਪਿੰਦਰ ਹੁੱਡਾ) ਤੇ ਪੁੱਤਰ (ਦੀਪੇਂਦਰ ਹੁੱਡਾ) ਵੀ ਦਾਅਵੇਦਾਰ ਹਨ।
ਉਨ੍ਹਾਂ ਇੱਥੇ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦਿਨਾਂ ਨੂੰ ਯਾਦ ਕੀਤਾ ਜਦੋਂ ਹਰਿਆਣਾ ’ਚ ਪਾਰਟੀ ਲਈ ਕੰਮ ਕੀਤਾ ਸੀ ਅਤੇ ਕਿਹਾ, ‘ਇਹ ਮੇਰੀ ਖੁਸ਼ਕਿਸਮਤੀ ਹੈ ਕਿ ਹਰਿਆਣਾ ਨੇ ਮੈਨੂੰ ਬਹੁਤ ਕੁਝ ਦਿੱਤਾ, ਬਹੁਤ ਕੁਝ ਸਿਖਾਇਆ।’ ਮੋਦੀ ਨੇ ਕਿਹਾ ਕਿ ਹਰਿਆਣਾ ਦੀਆਂ ਮਾਵਾਂ-ਭੈਣਾਂ ਨੇ ਨਾਅਰਾ ਦਿੱਤਾ ਹੈ, ‘ਮ੍ਹਾਰਾ ਹਰਿਆਣਾ-ਨਾਨ ਸਟਾਪ ਹਰਿਆਣਾ’ ਅਤੇ ਹਰਿਆਣਾ ਦਾ ਵਿਕਾਸ ਬਿਨਾਂ ਰੁਕੇ ਜਾਰੀ ਰਹਿਣਾ ਚਾਹੀਦਾ ਹੈ। ਇਸ ਲਈ ਲੋਕਾਂ ਨੇ ਭਾਜਪਾ ਨੂੰ ਤੀਜੀ ਵਾਰ ਮੌਕਾ ਦੇਣ ਦਾ ਮਨ ਬਣਾ ਲਿਆ ਹੈ। ਮੋਦੀ ਨੇ ਕਿਹਾ ਕਿ ਵੋਟਿੰਗ ਦਾ ਦਿਨ ਨੇੜੇ ਆਉਣ ਨਾਲ ਕਾਂਗਰਸ ਆਗੂਆਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਹਰਿਆਣਾ ’ਚ ਵੀ ਉਨ੍ਹਾਂ ਨੂੰ ਮੱਧ ਪ੍ਰਦੇਸ਼ ਜਿਹੀ ਸਥਿਤੀ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਮੱਧ ਪ੍ਰਦੇਸ਼ ਤੇ ਰਾਜਸਥਾਨ ਦੀਆਂ ਚੋਣਾਂ ’ਚ ਕਾਂਗਰਸ ਨੇ ਝੂਠ ਦਾ ਸਹਾਰਾ ਲਿਆ ਪਰ ਉਨ੍ਹਾਂ ਦੇ ਝੂਠ ਦਾ ਗੁਬਾਰਾ ਫੁੱਟ ਗਿਆ ਤੇ ਹਰਿਆਣਾ ’ਚ ਵੀ ਇਹੀ ਹੋਣ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਅਜਿਹਾ ਹਾਲ ਇਸ ਲਈ ਹੋ ਰਿਹਾ ਹੈ ਕਿਉਂਕਿ ਉਹ ਧੋਖੇਬਾਜ਼ ਤੇ ਬੇਇਮਾਨ ਪਾਰਟੀ ਹੈ। ਉਨ੍ਹਾਂ ਕਿਹਾ, ‘ਗੁਆਂਢੀ ਹਿਮਾਚਲ ਪ੍ਰਦੇਸ਼ ’ਚ ਦੇਖੋ ਉਨ੍ਹਾਂ ਕੀ ਕੀਤਾ ਹੈ। ਚੋਣਾਂ ਦੌਰਾਨ ਉਨ੍ਹਾਂ ਕੀ-ਕੀ ਝੂਠ ਬੋਲਿਆ, ਤੁਸੀਂ ਸੋਚ ਵੀ ਨਹੀਂ ਸਕਦੇ ਅਤੇ ਸੱਤਾ ’ਚ ਆਉਣ ਮਗਰੋਂ ਉਹ ਆਪਣੇ ਕੀਤੇ ਵਾਅਦਿਆਂ ਤੋਂ ਭੱਜ ਰਹੇ ਹਨ।’ ਉਨ੍ਹਾਂ ਕਿਹਾ ਕਿ ਜਿੱਥੇ ਵੀ ਕਾਂਗਰਸ ਹੈ ਉੱਥੇ ਸਥਿਰਤਾ ਨਹੀਂ ਆ ਸਕਦੀ। -ਪੀਟੀਆਈ
‘ਜੰਮੂ ਕਸ਼ਮੀਰ ਨੂੰ ਯੂਟੀ ’ਚ ਤਬਦੀਲ ਕਰਨ ਦਾ ਫ਼ੈਸਲਾ ਆਰਜ਼ੀ’
ਜੰਮੂ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਜੰਮੂ ਕਸ਼ਮੀਰ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਤਬਦੀਲ ਕਰਨ ਦਾ ਫ਼ੈਸਲਾ ‘ਆਰਜ਼ੀ’ ਹੈ ਅਤੇ ਭਾਜਪਾ ਦੀ ਅਗਵਾਈ ਹੇਠਲੀ ਸਰਕਾਰ ਖੇਤਰ ਦਾ ਰਾਜ ਵਜੋਂ ਦਰਜਾ ਬਹਾਲ ਕਰੇਗੀ। ਉਨ੍ਹਾਂ ਵਿਰੋਧੀ ਧਿਰ ਕਾਂਗਰਸ, ਨੈਸ਼ਨਲ ਕਾਨਫਰੰਸ ਤੇ ਪੀਡੀਪੀ ’ਤੇ ਲੋਕਾਂ ਨੂੰ ਉਨ੍ਹਾਂ ਦੇ ਹੱਕਾਂ ਤੋਂ ਵਾਂਝੇ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਇੱਥੇ ਐੱਮਏਐੱਮ ਸਟੇਡੀਅਮ ’ਚ ਭਾਜਪਾ ਉਮੀਦਵਾਰਾਂ ਦੀ ਹਮਾਇਤ ’ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੰਮੂ ਕਸ਼ਮੀਰ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਤਬਦੀਲ ਕਰਨ ਦਾ ਫ਼ੈਸਲਾ ਆਰਜ਼ੀ ਹੈ। ਉਨ੍ਹਾਂ ਦੁਹਰਾਇਆ, ‘ਭਾਜਪਾ ਹੀ ਇਕਲੌਤੀ ਪਾਰਟੀ ਹੈ ਜੋ ਖੇਤਰ ਦਾ ਰਾਜ ਵਜੋਂ ਦਰਜਾ ਬਹਾਲ ਕਰੇਗੀ।’ ਕਾਂਗਰਸ, ਨੈਸ਼ਨਲ ਕਾਨਫਰੰਸ ਅਤੇ ਪੀਪਲਜ਼ ਡੈਮੋਕਰੈਟਿਕ ਪਾਰਟੀ (ਪੀਡੀਪੀ) ਨੂੰ ਸੰਵਿਧਾਨ ਦਾ ਸਭ ਤੋਂ ਵੱਡਾ ਦੁਸ਼ਮਣ ਕਰਾਰ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜੰਮੂ ਕਸ਼ਮੀਰ ਦੇ ਲੋਕ ਸ਼ਾਂਤੀ ਅਤੇ ਆਪਣੇ ਬੱਚਿਆਂ ਦੇ ਬਿਹਤਰ ਭਵਿੱਖ ਲਈ ‘ਭ੍ਰਿਸ਼ਟਾਚਾਰ, ਅਤਿਵਾਦ ਤੇ ਵੱਖਵਾਦ’ ਤੋਂ ਮੁਕਤ ਸਰਕਾਰ ਦੀ ਆਸ ਲਗਾ ਕੇ ਬੈਠੇ ਹੋਏ ਹਨ। -ਪੀਟੀਆਈ
ਜੰਮੂ ’ਚ ਸੁਰੱਖਿਆ ਹਾਲਾਤ ਕਿਉਂ ਵਿਗੜੇ: ਕਾਂਗਰਸ
ਨਵੀਂ ਦਿੱਲੀ: ਕਾਂਗਰਸ ਨੇ ਭਾਰਤੀ ਜਨਤਾ ਪਾਰਟੀ ’ਤੇ ਜੰਮੂ ’ਚ ਸੁਰੱਖਿਆ ਪ੍ਰਬੰਧ ਬਰਬਾਦ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਸਵਾਲ ਦਾ ਜਵਾਬ ਦੇਣਾ ਚਾਹੀਦਾ ਹੈ ਕਿ ਉੱਥੇ ਸੁਰੱਖਿਆ ਸਥਿਤੀ ਕਿਉਂ ਖਰਾਬ ਹੋ ਗਈ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਐਕਸ ’ਤੇ ਲਿਖਿਆ, ‘ਪ੍ਰਧਾਨ ਮੰਤਰੀ ਅੱਜ ਜੰਮੂ ’ਚ ਹਨ। ਉਨ੍ਹਾਂ ਨੂੰ ਇਨ੍ਹਾਂ ਚਾਰ ਸਵਾਲਾਂ ਦੇ ਜਵਾਬ ਜ਼ਰੂਰ ਦੇਣੇ ਚਾਹੀਦੇ ਹਨ। ਜੰਮੂ ’ਚ ਸੁਰੱਖਿਆ ਹਾਲਾਤ ਕਿਉਂ ਖਰਾਬ ਹੋ ਗਏ ਹਨ? ਭਾਜਪਾ ਜੰਮੂ ਦੇ ਲੋਕਾਂ ਤੋਂ ਕਿਸ ਗੱਲ ਦਾ ਬਦਲਾ ਲੈ ਰਹੀ ਹੈ? ਕੇਂਦਰ ਸਰਕਾਰ ਦੇ ਪ੍ਰਸ਼ਾਸਨ ’ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਤੇਜ਼ੀ ਨਾਲ ਕਿਉਂ ਵਧੀ? ਜੰਮੂ ’ਚ ਸ਼ਾਸਨ ਪ੍ਰਬੰਧ ਕਿਉਂ ਤਬਾਹੋ ਹ ਗਿਆ ਹੈ?’ -ਪੀਟੀਆਈ