ਸਵਾਰੀ ਬਿਠਾਉਣ ਤੋਂ ਦੋ ਧਿਰਾਂ ’ਚ ਲੜਾਈ
ਪੱਤਰ ਪ੍ਰੇਰਕ
ਜਲੰਧਰ, 2 ਸਤੰਬਰ
ਇੱਥੇ 20 ਰੁਪਏ ਦੀ ਸਵਾਰੀ ਨੂੰ ਲੈ ਕੇ ਦੋ ਧਿਰਾਂ ਆਹਮੋ-ਸਾਹਮਣੇ ਹੋ ਗਈਆਂ ਅਤੇ ਦੋਵਾਂ ਧਿਰਾਂ ਵਿਚਾਲੇ ਇੱਟਾਂ ਤੇ ਪੱਥਰ ਚੱਲੇ। ਇਸ ਲੜਾਈ ਵਿੱਚ ਦੋ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਸੰਤੋਖਪੁਰਾ ਦੇ ਇੱਕ ਈ-ਰਿਕਸ਼ਾ ਚਾਲਕ ਦੀ ਲੰਬਾ ਪਿੰਡ ਦੇ ਇੱਕ ਈ-ਰਿਕਸ਼ਾ ਚਾਲਕ ਨਾਲ 20 ਰੁਪਏ ਦੀ ਸਵਾਰੀ ਨੂੰ ਲੈ ਕੇ ਝਗੜਾ ਹੋ ਗਿਆ। ਬੀਤੀ ਰਾਤ ਦੋਵਾਂ ਧਿਰਾਂ ਵਿੱਚ ਸਮਝੌਤਾ ਹੋਣਾ ਸੀ ਪਰ ਦੋਵੇਂ ਧਿਰਾਂ ਇੱਕ ਦੂਜੇ ਨੂੰ ਗਾਲ੍ਹਾਂ ਕੱਢਣ ਲੱਗ ਪਈਆਂ। ਕੁਝ ਹੀ ਦੇਰ ਵਿੱਚ ਲੜਾਈ ਇੰਨੀ ਵਧ ਗਈ ਕਿ ਇਕ ਧਿਰ ਨੇ ਘਰ ਦੀ ਛੱਤ ’ਤੇ ਚੜ੍ਹ ਕੇ ਦੂਜੀ ਧਿਰ ’ਤੇ ਇੱਟਾਂ ਰੋੜੇ ਚਲਾ ਦਿੱਤੇ, ਜਿਸ ’ਚ ਦੋ ਵਿਅਕਤੀ ਜ਼ਖਮੀ ਹੋ ਗਏ। ਇਸ ਝਗੜੇ ਵਿੱਚ ਕੁਝ ਰਾਹਗੀਰਾਂ ਦਾ ਵੀ ਕਾਫ਼ੀ ਨੁਕਸਾਨ ਹੋਇਆ। ਇਹ ਹੰਗਾਮਾ ਡੇਢ ਘੰਟੇ ਤੱਕ ਸੜਕ ’ਤੇ ਜਾਰੀ ਰਿਹਾ। ਇਸ ਸਬੰਧੀ ਜਦੋਂ ਕਿਸੇ ਰਾਹਗੀਰ ਨੇ ਦੁਬਾਰਾ ਪੁਲੀਸ ਨੂੰ ਸੂਚਿਤ ਕੀਤਾ ਤਾਂ ਪੁਲੀਸ ਥਾਣਾ ਡਿਵੀਜ਼ਨ ਨੰਬਰ-8 ਅਤੇ ਥਾਣਾ ਰਾਮਾ ਮੰਡੀ ਦੋਵਾਂ ਦੇ ਪੀਸੀਆਰ ਮੌਕੇ ’ਤੇ ਪਹੁੰਚ ਗਏ ਅਤੇ ਲੋਕਾਂ ਨੂੰ ਮੌਕੇ ਤੋਂ ਭਜਾ ਦਿੱਤਾ। ਫਿਲਹਾਲ ਥਾਣਾ ਰਾਮਾ ਮੰਡੀ ਦੀ ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।