ਸਿਵਲ ਹਸਪਤਾਲ ਵਿੱਚ ਦੋ ਗੁੱਟਾਂ ਵਿੱਚ ਲੜਾਈ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 30 ਅਕਤੂਬਰ
ਸਿਵਲ ਹਸਪਤਾਲ ਵਿੱਚ ਮੰਗਲਵਾਰ ਦੇਰ ਰਾਤ ਦੋ ਗੁੱਟਾਂ ਵਿੱਚ ਜਬਰਦਸਤ ਲੜਾਈ ਹੋਈ ਅਤੇ ਇੱਕ ਦੂਜੇ ’ਤੇ ਇੱਟਾਂ-ਪੱਥਰ ਵੀ ਚੱਲੇ। ਹੈਰਾਨੀ ਦੀ ਗੱਲ ਇਹ ਹੈ ਕਿ ਚੌਕੀ ਦੇ ਬਾਹਰ ਦੋਵੇਂ ਗੁੱਟ ਆਪਸ ਵਿੱਚ ਲੜਦੇ ਰਹੇ, ਪਰ ਇਸ ਦੌਰਾਨ ਕਿਸੇ ਵੀ ਮੁਲਾਜ਼ਮ ਦੀ ਨੀਂਦ ਤੱਕ ਨਾ ਖੁੱਲ੍ਹੀ। ਜਦੋਂ ਲੋਕਾਂ ਨੇ ਚੌਕੀ ਦਾ ਗੇਟ ਖੁੱਲ੍ਹਵਾਇਆ ਤਾਂ ਮੁਲਾਜ਼ਮ ਬਾਹਰ ਆਏ, ਪਰ ਉਦੋਂ ਤੱਕ ਹਮਲਾਵਰ ਫ਼ਰਾਰ ਹੋ ਚੁੱਕੇ ਸਨ। ਜਾਣਕਾਰੀ ਮੁਤਾਬਕ ਗੁਰਮੇਲ ਪਾਰਕ ਇਲਾਕੇ ਵਿੱਚ ਦੋ ਗੁੱਟਾਂ ਵਿੱਚ ਪਹਿਲਾਂ ਕਿਸੇ ਮਾਮੂਲੀ ਗੱਲ ਨੂੰ ਲੈ ਕੇ ਮੁਹੱਲੇ ਵਿੱਚ ਲੜਾਈ ਹੋ ਗਈ ਅਤੇ ਜਦੋਂ ਸਿਵਲ ਹਸਪਤਾਲ ਵਿੱਚ ਦੋਵੇਂ ਗੁੱਟ ਮੈਡੀਕਲ ਕਰਵਾਉਣ ਲਈ ਇਕੱਠੇ ਹੋਏ ਤਾਂ ਉੱਥੇ ਵੀ ਉਨ੍ਹਾਂ ਹੰਗਾਮਾ ਕਰ ਦਿੱਤਾ। ਥਾਣਾ ਟਿੱਬਾ ਦੀ ਪੁਲੀਸ ਵੱਖਰੀ ਜਾਂਚ ’ਚ ਲੱਗੀ ਹੋਈ ਹੈ ਅਤੇ ਥਾਣਾ ਡਿਵੀਜ਼ਨ 2 ਦੀ ਪੁਲੀਸ ਵੀ ਮਾਮਲੇ ਦੀ ਜਾਂਚ ’ਚ ਲੱਗੀ ਹੋਈ ਹੈ। ਇਫਤਕਾਰ ਨੇ ਦੱਸਿਆ ਕਿ ਉਹ ਗੁਰਮੇਲ ਪਾਰਕ ਨੇੜੇ ਰਹਿੰਦਾ ਹੈ। ਮੰਗਲਵਾਰ ਰਾਤ ਨੂੰ ਇਲਾਕੇ ’ਚ ਰਹਿਣ ਵਾਲੇ ਪਿਓ-ਪੁੱਤ ਨੇ ਇਲਾਕੇ ਦੇ ਮਦਨ ਨਾਂ ਦੇ ਵਿਅਕਤੀ ਦੀ ਕੁੱਟਮਾਰ ਕਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ। ਮਦਨ ਦੇ ਸਿਰ ’ਤੇ ਗੰਭੀਰ ਸੱਟਾਂ ਲੱਗੀਆਂ ਸਨ ਅਤੇ ਮੁਹੰਮਦ ਸਾਨੂ ਉਸ ਨੂੰ ਮੈਡੀਕਲ ਚੈੱਕਅਪ ਲਈ ਸਿਵਲ ਹਸਪਤਾਲ ਲੈ ਕੇ ਆਇਆ। ਹਮਲਾਵਰ ਪਿਓ-ਪੁੱਤ ਸਿਵਲ ਹਸਪਤਾਲ ਪੁੱਜੇ। ਉਨ੍ਹਾਂ ਅਚਾਨਕ ਇੱਟਾਂ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ। ਉਸ ਦੇ ਨਾਲ ਕੁਝ ਹਥਿਆਰਬੰਦ ਲੋਕ ਵੀ ਸਨ। ਇੱਟ ਵੱਜਣ ਕਾਰਨ ਸਾਨੂ ਦੇ ਮੱਥੇ ’ਤੇ ਸੱਟ ਲੱਗੀ।
ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਪਰ ਡਾਕਟਰਾਂ ਨੇ ਉਸ ਨੂੰ ਸੀਐੱਮਸੀ ਰੈਫਰ ਕਰ ਦਿੱਤਾ। ਜ਼ਖ਼ਮੀ ਸਾਨੂ ਨੇ ਦੱਸਿਆ ਕਿ ਟਿੱਬਾ ਰੋਡ ’ਤੇ ਗੁਆਂਢੀਆਂ ਦੀ ਆਪਸ ਵਿੱਚ ਲੜਾਈ ਹੋ ਗਈ ਸੀ। ਉਹ ਇੱਕ ਧਿਰ ਦਾ ਮੈਡੀਕਲ ਕਰਵਾਉਣ ਲਈ ਹਸਪਤਾਲ ਆਇਆ ਸੀ ਪਰ ਇਸੇ ਦੌਰਾਨ ਦੂਜੀ ਧਿਰ ਦੇ ਦੋ ਵਿਅਕਤੀਆਂ ਨੇ ਇੱਟਾਂ-ਪੱਥਰ ਚਲਾਉਣੇ ਸ਼ੁਰੂ ਕਰ ਦਿੱਤੇ। ਫਿਲਹਾਲ ਦੋਵਾਂ ਧਿਰਾਂ ਦੀ ਮੈਡੀਕਲ ਹੋ ਗਿਆ ਹੈ। ਹਾਲਾਂਕਿ ਦੂਜੇ ਗਰੁੱਪ ਦੇ ਜ਼ਖਮੀ ਹਸਪਤਾਲ ਨਹੀਂ ਪਹੁੰਚੇ।