For the best experience, open
https://m.punjabitribuneonline.com
on your mobile browser.
Advertisement

ਬਲਟਾਣਾ ਦੀ ਫਰਨੀਚਰ ਮਾਰਕੀਟ ਵਿੱਚ ਪੰਜਾਹ ਖੋਖੇ ਸੜੇ

08:59 AM May 28, 2024 IST
ਬਲਟਾਣਾ ਦੀ ਫਰਨੀਚਰ ਮਾਰਕੀਟ ਵਿੱਚ ਪੰਜਾਹ ਖੋਖੇ ਸੜੇ
ਅੱਗ ’ਤੇ ਕਾਬੂ ਪਾਉਂਦੇ ਹੋਏ ਫਾਇਰ ਬ੍ਰਿਗੇਡ ਦੇ ਮੁਲਾਜ਼ਮ। -ਫੋਟੋ: ਰੂਬਲ
Advertisement

ਹਰਜੀਤ ਸਿੰਘ
ਜ਼ੀਰਕਪੁਰ, 27 ਮਈ
ਇਥੋਂ ਦੇ ਬਲਟਾਣਾ ਖੇਤਰ ਵਿੱਚ ਪੁਲੀਸ ਚੌਕੀ ਕੋਲ ਬਣੀ ਨਾਜਾਇਜ਼ ਫਰਨੀਚਰ ਮਾਰਕੀਟ ਵਿੱਚ ਅੱਜ ਭਿਆਨਕ ਅੱਗ ਲੱਗ ਗਈ। ਅੱਗ ਨਾਲ ਪੰਜਾਹ ਦੇ ਕਰੀਬ ਫਰਨੀਰਚ ਦੇ ਖੋਖੇ ਸੜ ਗਏ। ਅੱਗ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪਰ ਲੱਖਾਂ ਰੁਪਏ ਦਾ ਤਿਆਰ ਮਾਲ ਸੜ ਗਿਆ। ਫਾਇਰ ਬ੍ਰਿਗੇਡ ਦੀਆਂ 12 ਗੱਡੀਆਂ ਨੇ ਕਰੀਬ ਦੋ ਘੰਟੇ ਦੀ ਮਸ਼ੱਕਤ ਕਰਨ ਮਗਰੋਂ ਅੱਗ ’ਤੇ ਕਾਬੂ ਪਾਇਆ।
ਪ੍ਰਾਪਤ ਜਾਣਕਾਰੀ ਅਨੁਸਾਰ ਬਲਟਾਣਾ ਦੇ ਇੱਕ ਵਿਅਕਤੀ ਨੇ ਇਕ ਏਕੜ ਦੇ ਕਰੀਬ ਖਾਲੀ ਥਾਂ ਫਰਨੀਚਰ ਦੇ ਦੁਕਾਨਦਾਰਾਂ ਨੂੰ ਕਿਰਾਏ ’ਤੇ ਦਿੱਤੀ ਹੋਈ ਹੈ। ਇਸ ਜ਼ਮੀਨ ਵਿੱਚ ਪੰਜਾਹ ਦੇ ਕਰੀਬ ਫਰਨੀਚਰ ਦੇ ਖੋਖੇ ਬਣੇ ਹੋਏ ਸਨ। ਅੱਜ ਦੁਪਹਿਰ ਕਰੀਬ 12 ਵਜੇ ਇਕ ਦੁਕਾਨ ਵਿੱਚ ਬਿਜਲੀ ਦਾ ਸ਼ਾਰਟ ਸਰਕਟ ਹੋਣ ਕਾਰਨ ਅਚਾਨਕ ਅੱਗ ਲੱਗ ਗਈ। ਅੱਤ ਦੀ ਗਰਮੀ ਵਿੱਚ ਥੋੜ੍ਹੀ ਦੇਰ ਵਿੱਚ ਹੀ ਅੱਗ ਨੇ ਭਿਆਨਕ ਰੂਪ ਅਖ਼ਤਿਆਰ ਕਰ ਲਿਆ। ਫਰਨੀਚਰ ਦੀਆਂ ਦੁਕਾਨਾਂ ਵਿੱਚ ਜਲਨਸ਼ੀਲ ਥਿੱਨਰ ਪਿਆ ਹੋਣ ਕਾਰਨ ਅੱਗ ਨੇ ਹੌਲੀ-ਹੌਲੀ ਇੱਕ-ਇੱਕ ਕਰ ਕੇ ਸਾਰੀਆਂ ਦੁਕਾਨਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਦੁਕਾਨਦਾਰਾਂ ਅਤੇ ਕਾਰੀਗਰਾਂ ਨੇ ਬਾਹਰ ਭੱਜ ਕੇ ਆਪਣੀ ਜਾਨ ਬਚਾਈ। ਅੱਗ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ। ਫਾਇਰ ਬ੍ਰਿਗੇਡ ਜ਼ੀਰਕਪੁਰ ਤੋਂ ਇੱਕ, ਡੇਰਾਬੱਸੀ ਤੋਂ ਤਿੰਨ, ਪੰਚਕੂਲਾ ਤੋਂ ਦੋ, ਮੁਹਾਲੀ ਅਤੇ ਚੰਡੀਗੜ੍ਹ ਤੋਂ ਕੁੱਲ 12 ਗੱਡੀਆਂ ਨੇ ਕਰੀਬ ਦੋ ਘੰਟੇ ਵਿੱਚ ਅੱਗ ’ਤੇ ਕਾਬੂ ਪਾ ਲਿਆ ਸੀ ਪਰ ਖ਼ਬਰ ਲਿਖੇ ਜਾਣ ਤੱਕ ਅੱਗ ਸੁਲਘ ਰਹੀ ਸੀ, ਜਿਨ੍ਹਾਂ ਨੂੰ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਪਾਣੀ ਦੀ ਬੁਛਾੜਾਂ ਮਾਰ ਕੇ ਕਾਬੂ ਪਾ ਰਹੇ ਸਨ। ਇਸ ਜ਼ਮੀਨ ਦੇ ਨੇੜੇ ਹੀ ਇਕ ਕਮਰਸ਼ੀਅਲ ਗੈਸ ਦਾ ਗੁਦਾਮ ਸੀ, ਜਿਸ ਨੂੰ ਸਮਾਂ ਰਹਿੰਦੇ ਲੋਕਾਂ ਵੱਲੋਂ ਖਾਲੀ ਕਰ ਸਿਲੰਡਰ ਬਾਹਰ ਕੱਢ ਦਿੱਤੇ ਸੀ। ਲੋਕਾਂ ਨੇ ਖ਼ਦਸ਼ਾ ਪ੍ਰਗਟ ਕੀਤਾ ਕਿ ਜੇਕਰ ਸਿਲੰਡਰ ਬਾਹਰ ਨਾ ਕੱਢਦੇ ਤਾਂ ਗੈਸ ਸਿਲੰਡਰ ਵੀ ਅੱਗ ਦੀ ਲਪੇਟ ਵਿੱਚ ਆ ਕੇ ਫੱਟ ਸਕਦੇ ਸਨ। ਮੌਕੇ ’ਤੇ ਪਹੁੰਚੇ ਫਾਇਰ ਅਫਸਰ ਜਸਵੰਤ ਸਿੰਘ ਨੇ ਦੱਸਿਆ ਕਿ ਇਹ ਮਾਰਕੀਟ ਪੂਰੀ ਤਰ੍ਹਾਂ ਨਾਜਾਇਜ਼ ਉਸਾਰੀ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਇਥੇ ਨਾ ਹੀ ਕੋਈ ਅੱਗ ਬੁਝਾਉ ਪ੍ਰਬੰਧ ਕੀਤੇ ਹੋਏ ਸਨ। ਉਨ੍ਹਾਂ ਕਿਹਾ ਕਿ ਜ਼ਮੀਨ ਦੇ ਮਾਲਕ ਨੂੰ ਨੋਟਿਸ ਜਾਰੀ ਕਰ ਇਸ ਦਾ ਜਵਾਬ ਮੰਗਿਆ ਜਾਏਗਾ।

Advertisement

ਮੋਰਿੰਡਾ ਦੇ ਬਾਜ਼ਾਰ ਵਿੱਚ ਬਿਜਲੀ ਦੇ ਟਰਾਂਸਫਾਰਮਰ ਨੂੰ ਅੱਗ ਲੱਗੀ

ਮੋਰਿੰਡਾ (ਸੰਜੀਵ ਤੇਜਪਾਲ): ਸ਼ਹਿਰ ਦੇ ਮੁੱਖ ਬਾਜ਼ਾਰ ਵਿੱਚ ਬਿਜਲੀ ਦੇ ਇੱਕ ਟਰਾਂਸਫਾਰਮਰ ਦੀਆਂ ਤਾਰਾਂ ਨੂੰ ਸ਼ਾਰਟ ਸਰਕਟ ਕਾਰਨ ਅੱਗ ਲੱਗਣ ਕਾਰਨ ਇਸ ਟਰਾਂਸਫਾਰਮਰ ਦੇ ਨਾਲ ਲੱਗਦੇ ਦੁਕਾਨਦਾਰਾਂ ਵਿੱਚ ਅਫਰਾ ਤਫਰੀ ਮੱਚ ਗਈ। ਜਾਣਕਾਰੀ ਅਨੁਸਾਰ ਸ਼ਹਿਰ ਦੇ ਮੇਨ ਬਾਜ਼ਾਰ ਵਿੱਚ ਸਥਿਤ ਨਿਊ ਸਤਨਾਮ ਦੀ ਕੱਪੜੇ ਦੀ ਹੱਟੀ ਸਾਹਮਣੇ ਲੱਗੇ ਟਰਾਂਸਫਾਰਮਰ ਦੀਆਂ ਤਾਰਾਂ ਵਿੱਚੋਂ ਬਿਜਲੀ ਦੀ ਵੋਲਟੇਜ਼ ਵਧਣ ਕਾਰਨ ਅਚਾਨਕ ਧੂੰਆਂ ਅਤੇ ਅੱਗ ਦੀਆਂ ਚੰਗਿਆੜੀਆਂ ਨਿਕਲੀਆਂ ਸ਼ੁਰੂ ਹੋ ਗਈਆਂ, ਜਿਨ੍ਹਾਂ ਨੇ ਹੌਲੀ ਹੌਲੀ ਟਰਾਂਸਫਾਰਮਰ ਦੇ ਨਾਲ ਲੱਗਦੀਆਂ ਸਾਰੀਆਂ ਤਾਰਾਂ ਨੂੰ ਹੀ ਆਪਣੀ ਲਪੇਟ ਵਿੱਚ ਲੈ ਲਿਆ। ਦੁਕਾਨ ਮਾਲਕ ਸਤਨਾਮ ਸਿੰਘ ਅਨੁਸਾਰ ਟਰਾਂਸਫਾਰਮਰ ਦੀਆਂ ਤਾਰਾਂ ਨੂੰ ਲੱਗੀ ਅੱਗ ਕਾਰਨ ਇੱਕ ਤਾਰ ਸੜ ਕੇ ਦੂਜੀਆਂ ਸੜ ਰਹੀਆਂ ਤਾਰਾਂ ਨਾਲੋਂ ਆਪਣੇ ਆਪ ਹੀ ਵੱਖ ਹੋ ਗਈ, ਜਿਸ ਕਾਰਨ ਇਹ ਅੱਗ ਅੱਗੇ ਵਧਣ ਤੋਂ ਰੁਕ ਗਈ।

Advertisement

ਮੋਰਨੀ ਵਿੱਚ ਅੱਗ ਕਾਰਨ ਦਰੱਖ਼ਤ ਸੜੇ

ਪੰਚਕੂਲਾ(ਪੀ.ਪੀ. ਵਰਮਾ): ਮੋਰਨੀ ਇਲਾਕੇ ਦੇ ਜੰਗਲੀ ਖੇਤਰ ’ਚ ਇਕ ਵਾਰ ਫਿਰ ਅੱਗ ਦਾ ਕਹਿਰ ਦੇਖਣ ਨੂੰ ਮਿਲਿਆ। ਇਲਾਕੇ ਵਿੱਚ ਦੋ ਥਾਵਾਂ ’ਤੇ ਹਰਿਆਲੀ ਦਾ ਵੱਡਾ ਨੁਕਸਾਨ ਹੋਇਆ ਹੈ। ਬਿਹਾਰ ਪੰਚਾਇਤ ਦੇ ਰਾਮਸਰ ਪਿੰਡ ’ਚ ਚੀੜ ਦੇ ਜੰਗਲ ’ਚ ਅਚਾਨਕ ਅੱਗ ਲੱਗ ਗਈ। ਇਸ ਅੱਗ ਨਾਲ ਕਾਫੀ ਨੁਕਸਾਨ ਹੋਇਆ ਪਰ ਪੇਂਡੂ ਅਤੇ ਜੰਗਲਾਤ ਵਿਭਾਗ ਦੇ ਕਰਮਚਾਰੀਆਂ ਦੀ ਮਦਦ ਨਾਲ ਸਮੇਂ ਸਿਰ ਅੱਗ ’ਤੇ ਕਾਬੂ ਪਾ ਲਿਆ ਗਿਆ। ਇਸ ਦੌਰਾਨ ਟਿਕਟ ਲਾਲ ਇਲਾਕੇ ’ਚ ਭਿਆਨਕ ਅੱਗ ਜਾਰੀ ਰਹੀ। ਇੱਥੇ ਜੰਗਲ ਵਿੱਚ ਲੱਗੀ ਅੱਗ ਨੇ ਕੁਝ ਹੀ ਸਮੇਂ ਵਿਚ ਜੰਗਲ ਦਾ ਵੱਡਾ ਹਿੱਸਾ ਆਪਣੀ ਲਪੇਟ ਵਿੱਚ ਲੈ ਲਿਆ। ਇੱਥੇ ਇਹ ਜ਼ਿਕਰਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਇਲਾਕੇ ਦੇ ਜੰਗਲਾਂ ’ਚ ਅੱਗ ਲੱਗਣ ਦੀਆਂ ਘਟਨਾਵਾਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ।

Advertisement
Author Image

joginder kumar

View all posts

Advertisement