ਪੰਦਰਾਂ ਸਾਲ ਪੁਰਾਣੇ ਡੀਜ਼ਲ ਆਟੋਆਂ ’ਤੇ ਹੋਵੇਗੀ ਸਖਤੀ
ਖੇਤਰੀ ਪ੍ਰਤੀਨਿਧ
ਅੰਮ੍ਰਿਤਸਰ, 10 ਜੂਨ
ਪ੍ਰਮੁੱਖ ਸਕੱਤਰ ਸਥਾਨਕ ਸਰਕਾਰ ਵਿਭਾਗ ਅਜੌਏ ਸ਼ਰਮਾ ਦੀ ਪ੍ਰਧਾਨਗੀ ਹੇਠ ਪੰਜਾਬ ਸਰਕਾਰ ਦੀ ਉਚ ਪੱਧਰੀ ਮੀਟਿੰਗ ਹੋਈ ਜਿਸ ਵਿਚ ਕਮਿਸ਼ਨਰ ਪੀ.ਐਮ.ਆਈ.ਡੀ.ਸੀ ਈਸ਼ਾ ਕਾਲੀਆ, ਕਮਿਸ਼ਨਰ ਪੁਲੀਸ ਅੰਮ੍ਰਿਤਸਰ ਨੌਨਿਹਾਲ ਸਿੰਘ, ਸੀ.ਈ.ਓ ਅੰਮ੍ਰਿਤਸਰ ਸਮਾਰਟ ਸਿਟੀ ਲਿਮ-ਕਮ-ਕਮਿਸ਼ਨਰ ਸੰਦੀਪ ਰਿਸ਼ੀ ਅਤੇ ਸਟੇਟ ਟਰਾਂਸਪੋਰਟ ਵਿਭਾਗ ਦੇ ਅਧਿਕਾਰੀ ਸ਼ਾਮਲ ਹੋਏ। ਮੀਟਿੰਗ ਵਿਚ ਸਰਕਾਰ ਦੀ 15 ਸਾਲ ਪੁਰਾਣੇ ਡੀਜ਼ਲ ਵਾਹਨਾਂ ਦੀ ਰੋਕਥਾਮ ਅਧੀਨ ਅੰਮ੍ਰਿਤਸਰ ਸ਼ਹਿਰ ਵਿਚ ਚੱਲ ਰਹੇ 15 ਸਾਲ ਪੁਰਾਣੇ ਡੀਜ਼ਲ ਆਟੋਆਂ ਨੂੰ ਸੜਕਾਂ ਤੋਂ ਹਟਾਉਣ ਲਈ ਵਿਚਾਰ-ਵਟਾਂਦਰਾ ਕੀਤਾ ਗਿਆ ਤਾਂ ਜੋ ਸ਼ਹਿਰ ਵਾਸੀਆਂ ਨੂੰ ਪ੍ਰਦੂਸ਼ਣ ਮੁਕਤ ਅਤੇ ਸਾਫ਼-ਸੁਥਰਾ ਵਾਤਾਵਰਣ ਮੁਹੱਈਆ ਹੋ ਸਕੇ। ਪ੍ਰਮੁੱਖ ਸਕੱਤਰ ਸਥਾਨਕ ਸਰਕਾਰ ਵਿਭਾਗ ਪੰਜਾਬ ਦੇ ਕਹਿਣ ‘ਤੇ ਕਮਿਸ਼ਨਰ ਪੁਲੀਸ ਨੌਨਿਹਾਲ ਸਿੰਘ ਨੇ ਭਰੋਸਾ ਦੁਆਇਆ ਕਿ ਅੰਮ੍ਰਿਤਸਰ ਸ਼ਹਿਰ ਵਿਚੋਂ ਇਨ੍ਹਾਂ 15 ਸਾਲ ਪੁਰਾਣੇ ਡੀਜ਼ਲ ਆਟੋਆਂ ਨੂੰ ਸੜਕਾਂ ਤੋਂ ਹਟਾਉਣ ਲਈ ਵਿਉਂਤਬੰਦੀ ਕਰਕੇ ਕਾਰਵਾਈ ਜਲਦ ਹੀ ਅਮਲ ਵਿਚ ਲਿਆਂਦੀ ਜਾਵੇਗੀ ਜਿਸ ਦਾ ਅਸਰ ਆਉਣ ਵਾਲੇ ਦਿਨਾਂ ‘ਚ ਮਿਲੇਗਾ।