ਮੁਹਾਲੀ ਵਿੱਚ ਕਰੋਨਾ ਦੇ 28 ਨਵੇਂ ਮਾਮਲੇ; ਐੱਸਡੀਐੱਮ ਹੋਏ ਸਿਹਤਯਾਬ
ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 25 ਜੁਲਾਈ
ਮੁਹਾਲੀ ਜ਼ਿਲ੍ਹੇ ਵਿੱਚ ਕਰੋਨਾ ਮਹਾਮਾਰੀ ਦਾ ਲਗਾਤਾਰ ਕਹਿਰ ਵਧਦਾ ਜਾ ਰਿਹਾ ਹੈ। ਸ਼ਨਿਚਰਵਾਰ ਨੂੰ ਮੁਹਾਲੀ ਵਿੱਚ 28 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ ਤੇ ਖਰੜ ਵਿੱਚ 62 ਸਾਲਾ ਔਰਤ ਦੀ ਮੌਤ ਹੋ ਗਈ। ਇਸ ਨਾਲ ਜ਼ਿਲ੍ਹੇ ਵਿੱਚ ਕੁੱਲ ਮੌਤਾਂ ਦੀ ਗਿਣਤੀ 14 ਹੋ ਗਈ ਹੈ। ਤਾਜ਼ਾ ਕੇਸਾਂ ਵਿੱਚ 8 ਸਾਲ ਅਤੇ 14 ਸਾਲ ਦੇ ਤਿੰਨ ਬੱਚਿਆਂ ਸਮੇਤ 11 ਪੁਰਸ਼ ਅਤੇ 14 ਔਰਤਾਂ ਸ਼ਾਮਲ ਹਨ। ਇਸ ਤਰ੍ਹਾਂ ਸਮੁੱਚੇ ਮੁਹਾਲੀ ਜ਼ਿਲ੍ਹੇ ਵਿੱਚ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 690 ’ਤੇ ਪਹੁੰਚ ਗਈ ਹੈ। ਮੁਹਾਲੀ ਦੇ ਐੱਸਡੀਐੱਮ ਜਗਦੀਪ ਸਹਿਗਲ ਕਰੋਨਾ ਨੂੰ ਮਾਤ ਦੇਣ ਵਿੱਚ ਸਫਲ ਰਹੇ ਹਨ। ਅੱਜ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਹੈ ਅਤੇ ਉਨ੍ਹਾਂ ਦੇ ਘਰ ਵਿੱਚ ਇਕਾਂਤਵਾਸ ਪੀਰੀਅਡ ਵੀ ਪੂਰਾ ਹੋ ਚੁੱਕਾ ਹੈ। ਐਸਡੀਐਮ ਨੇ ਦੱਸਿਆ ਕਿ ਉਹ ਸੋਮਵਾਰ ਨੂੰ ਦਫ਼ਤਰ ਆ ਜਾਣਗੇ। ਸ੍ਰੀ ਸਹਿਗਲ ਕਰੋਨਾ ਖ਼ਿਲਾਫ਼ ਪਹਿਲੇ ਦਨਿ ਤੋਂ ਹੀ ਫਰੰਟ ਲਾਈਨ ’ਤੇ ਕੰਮ ਕਰਦੇ ਆ ਰਹੇ ਹਨ। ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਅਤੇ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਮੁਹਾਲੀ ਦੀ 48 ਸਾਲ ਦੀ ਔਰਤ, ਇੱਥੋਂ ਦੇ ਫੇਜ਼-10 ਵਿੱਚ 24 ਸਾਲਾ ਨੌਜਵਾਨ, 67 ਸਾਲ ਦਾ ਪੁਰਸ਼ ਅਤੇ 65 ਸਾਲ ਦੀ ਔਰਤ, ਫੇਜ਼-7 ਵਿੱਚ 35 ਸਾਲ ਦੀ ਔਰਤ, ਫੇਜ਼-5 ਵਿੱਚ 70 ਸਾਲ ਦਾ ਬਜ਼ੁਰਗ, ਫੇਜ਼-2 ਵਿੱਚ 45 ਸਾਲਾ ਪੁਰਸ਼, ਨਿਊ ਚੰਡੀਗੜ੍ਹ ਵਿੱਚ 31 ਸਾਲਾ ਨੌਜਵਾਨ ਤੇ ਮੁੱਲਾਂਪੁਰ ਗਰੀਬਦਾਸ ਵਿੱਚ 38 ਸਾਲਾ ਪੁਰਸ਼, ਸੈਕਟਰ-123 ਵਿੱਚ 30 ਸਾਲ ਦੀ ਔਰਤ, ਸਵਰਾਜ ਨਗਰ ਖਰੜ ਵਿੱਚ 62 ਸਾਲ ਦੀ ਔਰਤ ਅਤੇ ਸੰਨ੍ਹੀ ਇਨਕਲੇਵ ਦੀ 29 ਸਾਲਾ ਔਰਤ, ਸ਼ਿਵਾਲਿਕ ਸਿਟੀ ਖਰੜ ਵਿੱਚ 14 ਸਾਲ ਦਾ ਬੱਚਾ, ਐਕਮੇ ਹਾਈਟਸ ਖਰੜ ਵਿੱਚ 32 ਸਾਲ ਦੀ ਔਰਤ, ਢਕੋਲੀ ਵਿੱਚ 8 ਸਾਲ ਦਾ ਬੱਚਾ ਤੇ 46 ਸਾਲਾ ਪੁਰਸ਼, ਡੇਰਾਬੱਸੀ ਵਿੱਚ 42 ਸਾਲਾ ਔਰਤ ਅਤੇ ਗੋਲਫ਼ ਵੀਡੋਸ ਡੇਰਾਬੱਸੀ ਵਿੱਚ 29 ਸਾਲ ਅਤੇ 34 ਸਾਲ ਦੀਆਂ ਦੋ ਔਰਤਾਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ।
ਲਹਿਰਾਗਾਗਾ(ਰਮੇਸ਼ ਭਾਰਦਵਾਜ): ਲਹਿਰਾਗਾਗਾ ਸ਼ਹਿਰ ’ਚ ਕਰੋਨਾ ਪੀੜਤਾਂ ਦੀ ਗਿਣਤੀ ਵੱਧ ਰਹੀ ਹੈ। ਇਥੋ ਦੇ ਵਾਰਡ 13 ਦੇ ਇੱਕ ਬੱਚੇ ਸਣੇ 7 ਪਾਜ਼ੇਟਿਵ ਮਰੀਜ਼ ,ਵਾਰਡ ਇੱਕ ਦੇ ਇੱਕ ਬੱਚੇ ਸਣੇ ਤਿੰਨ ਅਤੇ ਪੰਜ ਲਾਗਲੇ ਪਿੰਡਾਂ ਤੋਂ ਪਾਜ਼ੇਟਿਵ ਆਏ ਹਨ। ਸਿਵਲ ਹਸਪਤਾਲ ਲਹਿਰਾਗਾਗਾ ਦੇ ਐੱਸਐੱਮਓ ਡਾ. ਸੂਰਜ ਸ਼ਰਮਾ ਨੇ ਦੱਸਿਆ ਕਿ ਅੱਜ ਸਰਕਾਰੀ ਲੈੈਬੋਰੇਟਰੀ ਪਟਿਆਲਾ ’ਚ ਆਈ ਰਿਪੋਰਟ ’ਚ ਅਜੀਤਪਾਲ ਸਿੰਘ,ਰਾਜਵਿੰਦਰ ਸਿੰਘ, ਪ੍ਰਦੀਪ ਕੌਰ, ਅਨਹਦ ਚਾਰ ਸਾਲ ਦਾ ਬੱਚਾ, ਜਸਪਾਲ ਕੌਰ, ਗੁਰਬਾਜ਼ ਸਿੰਘ, ਜਰਨੈਲ ਸਿੰਘ ਵਾਰਡ 13 ਨਾਲ ਸਬੰਧਤ ਸਾਰੇ, ਵਿਜੈ ਰਾਣੀ , ਮੀਨੂੰ ਅਤੇ ਬੱਚਾ ਕਰਨ ਕੁਮਾਰ ਵਾਰਡ ਇੱਕ, ਪਿੰਡ ਸੇਖੂਵਾਸ ਦੇ ਜਰਨੈਲ ਸਿੰਘ ਤੇ ਅਮਰ ਸਿੰਘ, ਪਰਮਜੀਤ ਕੌਰ ਭੁਟਾਲ ਕਲਾਂ, ਵੀਰਪਾਲ ਕੌਰ ਪਿੰਡ ਲੇਹਲ ਕਲਾਂ ਅਤੇ ਬੱਚਾ ਕਰਨ ਸਿੰਘ ਸ਼ਾਮਲ ਹਨ। ਮਰੀਜ਼ਾਂ ਜ਼ਿਲ੍ਹਾ ਕੋਵਿਡ ਹਸਪਤਾਲ ਘਾਬਦਾ ’ਚ ਭੇਜਿਆ ਜਾ ਰਿਹਾ ਹੈ।