ਹਰਿਆਣਾ ਗੁਰਦੁਆਰਾ ਕਮੇਟੀ ਦੇ ਪੰਦਰਾਂ ਮੈਂਬਰਾਂ ਵੱਲੋਂ ਸਬ-ਕਮੇਟੀਆਂ ਤੋਂ ਅਸਤੀਫ਼ੇ
ਪੱਤਰ ਪ੍ਰੇਰਕ
ਗੂਹਲਾ ਚੀਕਾ, 16 ਜੁਲਾਈ
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 15 ਮੈਂਬਰਾਂ ਨੇ ਕਮੇਟੀ ਪ੍ਰਧਾਨ ਮਹੰਤ ਕਰਮਜੀਤ ਸਿੰਘ ਵੱਲੋਂ ਬਣਾਈਆਂ ਸਬ-ਕਮੇਟੀਆਂ ਤੋਂ ਅਸਤੀਫ਼ੇ ਦੇ ਦਿੱਤੇ ਹਨ। ਇਨ੍ਹਾਂ ਮੈਂਬਰਾਂ ਨੇ ਇਹ ਫ਼ੈਸਲਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 9ਵੇਂ ਸਥਾਪਨਾ ਦਿਵਸ ਮੌਕੇ ਕਮੇਟੀ ਦੇ ਮੁੱਖ ਦਫ਼ਤਰ ਗੁਰਦੁਆਰਾ ਸਾਹਬਿ ਪਾਤਸ਼ਾਹੀ ਛੇਵੀਂ ਕੁਰੂਕਸ਼ੇਤਰ ਵਿੱਚ ਲਿਆ। ਜਾਣਕਾਰੀ ਅਨੁਸਾਰ ਕੁਦਰਤੀ ਆਫ਼ਤ ਕਾਰਨ ਕਮੇਟੀ ਦੇ ਸਥਾਪਨਾ ਦਿਵਸ ਮੌਕੇ ਵੱਡਾ ਸਮਾਗਮ ਨਹੀਂ ਕਰਵਾਇਆ ਗਿਆ, ਜਿਸ ਕਾਰਨ ਅੱਜ ਸਿਰਫ਼ ਕਮੇਟੀ ਮੈਂਬਰਾਂ ਨੇ ਹੀ ਗੁਰਦੁਆਰਾ ਪਾਤਸ਼ਾਹੀ ਵਿਖੇ ਅਰਦਾਸ ਕੀਤੀ। ਇਸ ਮਗਰੋਂ ਕਮੇਟੀ ਦੇ ਮੁੱਖ ਦਫਤਰ ਵਿੱਚ ਹਾਜ਼ਰ 15 ਮੈਂਬਰਾਂ ਨੇ ਮੀਟਿੰਗ ਕਰ ਕੇ ਸਰਬਸੰਮਤੀ ਨਾਲ ਕੁਝ ਮਤੇ ਪਾਸ ਕੀਤੇ। ਮਤਿਆਂ ਅਨੁਸਾਰ ਕਮੇਟੀ ਦੇ ਪ੍ਰਬੰਧ ਵਿੱਚ ਹੋ ਰਹੀਆਂ ਬੇਨਿਯਮੀਆ ਰੋਕਣ ਅਤੇ ਹੜ੍ਹਾਂ ਕਾਰਨ ਬਣੇ ਹਾਲਾਤਾਂ ਨਾਲ ਨਜਿੱਠਣ ਲਈ ਕਮੇਟੀ ਦਾ ਆਮ ਇਜਲਾਸ ਸੱਦਣ ਦੀ ਮੰਗ ਕੀਤੀ। ਇਸ ਦੇ ਨਾਲ ਹੀ ਹੜ੍ਹ ਪੀੜਤ ਕਿਸਾਨਾਂ ਦੀ ਮਦਦ ਲਈ ਕਮੇਟੀ ਦੇ 50 ਏਕੜ ਵਿੱਚ ਝੋਨੇ ਦੀ ਪਨੀਰੀ ਲਾਉਣ ਦਾ ਸੁਝਾਅ ਦਿੱਤਾ। ਇਸ ਮੌਕੇ ਹਾਜ਼ਰ 15 ਮੈਂਬਰਾਂ ਤੋਂ ਇਲਾਵਾ ਅੱਠ ਹੋਰ ਮੈਂਬਰਾਂ ਨੇ ਫੋਨ ’ਤੇ ਇਨ੍ਹਾਂ ਉਪਰ ਸਹਿਮਤੀ ਪ੍ਰਗਟਾਈ। ਇਨ੍ਹਾਂ ਅਹੁਦੇਦਾਰਾਂ ਤੇ ਮੈਂਬਰਾਂ ਵਿੱਚ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਮੌਜੂਦਾ ਮੈਂਬਰ, ਗੁਰਵਿੰਦਰ ਸਿੰਘ ਧਮੀਜਾ ਜਨਰਲ ਸਕੱਤਰ, ਬੀਬੀ ਰਵਿੰਦਰ ਕੌਰ ਅਜਰਾਣਾ ਅੰਤ੍ਰਿੰਗ ਮੈਂਬਰ, ਕੰਵਲਜੀਤ ਸਿੰਘ ਅਜਰਾਣਾ ਬੁਲਾਰਾ, ਸੁਦਰਸ਼ਨ ਸਿੰਘ ਸਹਿਗਲ ਮੈਂਬਰ, ਸੁਖਵਿੰਦਰ ਸਿੰਘ ਮੰਡੇਬਰ ਮੈਂਬਰ, ਮਾਲਿਕ ਸਿੰਘ ਕੰਗ ਮੈਂਬਰ, ਤਰਵਿੰਦਰਪਾਲ ਸਿੰਘ ਮੈਂਬਰ, ਹਰਭਜਨ ਸਿੰਘ ਰਾਠੌੜ ਮੈਂਬਰ, ਗੁਲਾਬ ਸਿੰਘ ਮੂਨਕ ਮੈਂਬਰ, ਮਲਕੀਤ ਸਿੰਘ ਗੁਰਾਇਆ ਮੈਂਬਰ ਤੇ ਅੰਗਰੇਜ਼ ਸਿੰਘ ਗੁਰਾਇਆ ਮੈਂਬਰ ਹਾਜ਼ਰ ਸਨ।