ਭੁਬਨੇਸ਼ਵਰ, 26 ਫਰਵਰੀਭਾਰਤੀ ਮਹਿਲਾ ਹਾਕੀ ਟੀਮ ਨੇ ਅੱਜ ਮੌਜੂਦਾ ਓਲੰਪਿਕ ਚੈਂਪੀਅਨ ਨੈਦਰਲੈਡਜ਼ ਦੀ ਟੀਮ ਨੂੰ ਅੱਜ ਇੱਥੇ ਐੱਫਆਈਐੱਚ ਪ੍ਰੋ ਹਾਕੀ ਲੀਗ ਦੇ ਇੱਕ ਮੈਚ ਦੌਰਾਨ ਸ਼ੂਟਆਊਟ ’ਚ 2-1 ਗੋਲਾਂ ਨਾਲ ਹਰਾ ਦਿੱਤਾ। ਨਿਰਧਾਰਿਤ ਸਮੇਂ ’ਚ ਦੋਵਾਂ ਟੀਮਾਂ 2-2 ਗੋਲਾਂ ਨਾਲ ਬਰਾਬਰੀ ’ਤੇ ਸਨ। ਟੀਮ ਦੀ ਜਿੱਤ ’ਚ ਗੋਲਕੀਪਰ ਸਵਿਤਾ ਪੂਨੀਆ ਨੇ ਅਹਿਮ ਭੂਮਿਕਾ ਨਿਭਾਈ। ਮੈਚ ਦੌਰਾਨ ਪੀਏਨ ਸੈਂਡਰਸ ਨੇ 17ਵੇਂ ਮਿੰਟ ਤੇ ਫੇਅ ਵਾਨ ਡੇਰ ਐਲਸਟ ਨੇ 28ਵੇਂ ਮਿੰਟ ’ਚ ਗੋਲ ਕਰਕੇ ਨੈਦਰਲੈਂਡਜ਼ ਨੂੰ 2-0 ਨਾਲ ਲੀਡ ਦਿਵਾਈ ਪਰ ਭਾਰਤ ਨੇ ਦੀਪਿਕਾ ਵੱਲੋਂ 35ਵੇਂ ਮਿੰਟ ਅਤੇ ਬਲਜੀਤ ਕੌਰ ਵੱਲੋਂ 43ਵੇਂ ਮਿੰਟ ’ਚ ਕੀਤੇ ਗੋਲਾਂ ਸਦਕਾ ਬਰਾਬਰੀ ਕੀਤੀ। ਸ਼ੂਟਆਊਟ ’ਚ ਭਾਰਤ ਲਈ ਦੀਪਿਕਾ ਤੇ ਮੁਮਤਾਜ਼ ਖ਼ਾਨ ਨੇ ਗੋਲ ਦਾਗੇ ਜਦਕਿ ਨੈਦਰਲੈਂਡਜ਼ ਵੱਲੋਂ ਇਕਲੌਤੀ ਮੈਰੀਜਿਨ ਵੀਨ ਹੀ ਗੋਲ ਕਰ ਸਕੀ।ਦੂਜੇ ਪਾਸੇ ਹਾਕੀ ਇੰਡੀਆ (ਐੱਚਆਈ) ਨੇ ਕਿਹਾ ਕਿ ਓਲੰਪਿਕ ਚੈਂਪੀਅਨ ਤੇ ਵਿਸ਼ਵ ਦੀ ਅੱਵਲ ਨੰਬਰ ਟੀਮ ਨੈਦਰਲੈਂਡਜ਼ ’ਤੇ ਜਿੱਤ ਦਰਜ ਕਰਨ ਵਾਲੀ ਭਾਰਤੀ ਮਹਿਲਾ ਹਾਕੀ ਟੀਮ ਦੀ ਹਰੇਕ ਮੈਂਬਰ ਨੂੰ ਇੱਕ-ਇੱਕ ਲੱਖ ਰੁਪਏ ਇਨਾਮ ਵਜੋਂ ਦਿੱਤੇ ਜਾਣਗੇ। ਸਹਾਇਕ ਸਟਾਫ ਮੈਂਬਰਾਂ ਨੂੰ 50-50 ਹਜ਼ਾਰ ਰੁਪਏ ਮਿਲਣਗੇ। -ਪੀਟੀਆਈ