ਅਜੋਕੇ ਯਥਾਰਥ ਦਾ ਗਲਪੀਕਰਨ ‘ਗੱਲਾਂ ਕਰਨ ਕਹਾਣੀਆਂ’
ਡਾ. ਗੁਰਬਖ਼ਸ਼ ਸਿੰਘ ਭੰਡਾਲ
ਡਾ. ਪ੍ਰੇਮ ਮਾਨ ਵੱਲੋਂ ਸੰਪਾਦਕ ਕੀਤੀਆਂ 11 ਪੰਜਾਬੀ ਕਹਾਣੀਆਂ ਦਾ ਸੰਗ੍ਰਹਿ ‘ਗੱਲਾਂ ਕਰਨ ਕਹਾਣੀਆਂ’ ਅਜੋਕੇ ਸਮੇਂ ਦਾ ਸੱਚ ਸਮੋਈ ਬੈਠੀਆਂ ਹਨ ਜਿਸ ਤੋਂ ਮੁਨਕਰ ਹੋਣਾ ਮਨੁੱਖੀ ਵਿਕਾਸ ਦੇ ਰਾਹ ਵਿੱਚ ਅੜਿੱਕਾ ਬਣ ਰਿਹਾ ਹੈ। ਇਹ ਕਹਾਣੀ ਸੰਗ੍ਰਹਿ ਕਈ ਪੱਖਾਂ ਤੋਂ ਨਿਵੇਕਲਾ ਹੈ। ਇਨ੍ਹਾਂ ਕਹਾਣੀਆਂ ਦੀ ਚੋਣ ਵੀ ਨਿਰਪੱਖਤਾ ਨਾਲ ਕਹਾਣੀਆਂ ਦੇ ਵਿਸ਼ੇ ਅਤੇ ਅਜੋਕੇ ਸਰੋਕਾਰਾਂ ਪ੍ਰਤੀ ਸੰਵੇਦਨਾ ਵਿੱਚੋਂ ਪੈਦਾ ਹੋਈ ਹੈ। ਵਧੀਆ ਗੱਲ ਇਹ ਹੈ ਕਿ ਸਿਰਫ਼ ਦੋ ਪ੍ਰੋੜ ਕਹਾਣੀਕਾਰਾਂ ਡਾ. ਪ੍ਰੇਮ ਮਾਨ ਅਤੇ ਜਗਜੀਤ ਬਰਾੜ ਹੁਰਾਂ ਨੂੰ ਛੱਡ ਕੇ ਬਾਕੀ ਨੌਂ ਕਹਾਣੀਕਾਰ ਨਵੇਂ ਪੂਰ ਦੇ ਹਨ ਜਿਨ੍ਹਾਂ ਨੇ ਬਦਲਦੇ ਯਥਾਰਥ ਨੂੰ ਬਹੁਤ ਹੀ ਨੇੜਿਉਂ ਦੇਖਿਆ ਅਤੇ ਹੰਢਾਇਆ ਹੈ। ਚੰਗੀ ਗੱਲ ਇਹ ਹੈ ਇਨ੍ਹਾਂ ਕਹਾਣੀਆਂ ਦੇ ਵਿਸ਼ੇ ਨਿਵੇਕਲੇ ਹਨ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਕਹਾਣੀਆਂ ਮਰਦ-ਔਰਤ ਦੇ ਅਜਿਹੇ ਸਬੰਧਾਂ ਕਾਰਨ ਪੈਦਾ ਹੋਈ ਮਾਨਸਿਕ ਟੁੱਟ-ਭੱਜ ਦਾ ਬਿਰਤਾਂਤ ਹਨ ਜਿਸ ਨੂੰ ਸਮਾਜ ਆਗਿਆ ਨਹੀਂ ਦਿੰਦਾ ਪਰ ਇਨ੍ਹਾਂ ਨਵੇਂ ਸਬੰਧਾਂ ਨੂੰ ਨਵੀਂ ਪੀੜ੍ਹੀ ਮਾਨਤਾ ਦੇ ਰਹੀ ਹੈ।
ਇਸ ਸੰਗ੍ਰਹਿ ਦੀ ਇਹ ਵੀ ਖ਼ੂਬਸੂਰਤੀ ਹੈ ਕਿ ਵੱਡੇ-ਵੱਡੇ ਸਥਾਪਤ ਕਹਾਣੀਕਾਰਾਂ ਨੂੰ ਛੱਡ ਕੇ ਉਨ੍ਹਾਂ ਨਵੇਂ ਕਹਾਣੀਕਾਰਾਂ ਨੂੰ ਚੁਣਿਆ ਹੈ ਜਿਨ੍ਹਾਂ ਦੀ ਸੋਚ ਨਵੇਂ ਵਰਤਾਰੇ ਵਿੱਚੋਂ ਮਨੁੱਖੀ ਪਰਤਾਂ ਨੂੰ ਫਰੋਲਣ ਦੇ ਸਮਰੱਥ ਹੈ। ਇਹ ਸਾਰੀਆਂ ਹੀ ਕਹਾਣੀਆਂ ਬੀਤੇ ਸਾਲ ਵਿੱਚ ਪੰਜਾਬੀ ਦੇ ਚੋਟੀ ਦੇ ਰਸਾਲਿਆਂ ਵਿੱਚ ਛੱਪ ਚੁੱਕੀਆਂ ਹਨ ਜਿਨ੍ਹਾਂ ਨੂੰ ਪੰਜਾਬੀ ਪਾਠਕਾਂ ਨੇ ਭਰਵਾਂ ਹੁੰਗਾਰਾ ਭਰਿਆ ਸੀ। ਦਰਅਸਲ ਇਹ ਕਹਾਣੀਆਂ ਚਰਚਿਤ ਕਹਾਣੀਆਂ ਦਾ ਪੂਰ ਹੈ।
ਖ਼ਾਸ ਗੱਲ ਇਹ ਹੈ ਕਿ ਡਾ. ਪ੍ਰੇਮ ਮਾਨ ਨੇ ਹਰੇਕ ਕਹਾਣੀਕਾਰ ਦੀ ਕਹਾਣੀ ਤੋਂ ਪਹਿਲਾਂ ਕਹਾਣੀਕਾਰ ਦਾ ਸਵੈ-ਕਥਨ ਵੀ ਛਾਪਿਆ ਹੈ ਤਾਂ ਕਿ ਪਾਠਕ ਕਹਾਣੀਕਾਰ ਦੇ ਅੰਤਰੀਵ ਵਿੱਚ ਝਾਤੀ ਮਾਰ ਸਕੇ ਜਿਸ ਨਾਲ ਉਸ ਦੀ ਕਹਾਣੀ ਦੀਆਂ ਪਰਤਾਂ ਨੂੰ ਫਰੋਲਣਾ ਆਸਾਨ ਹੋ ਜਾਂਦਾ ਹੈ।
ਜਗਜੀਤ ਬਰਾੜ ਦੀ ਕਹਾਣੀ ‘ਚਿੱਟੀ ਤਿੱਤਲੀ ਦਾ ਸਿਰਨਾਵਾਂ’ ਮਾਨਸਿਕ ਦਵੰਧ ਦਾ ਬਾਖੂਬੀ ਵਰਨਣ ਹੈ। ਮਨੁੱਖੀ ਮਨ ਦੀਆਂ ਆਪਾ-ਵਿਰੋਧੀ ਪਰਤਾਂ ਦਾ ਵਿਸ਼ਲੇਸ਼ਣ ਹੈ। ਮਨ ਵਿਚ ਦੱਬੀਆਂ ਭਾਵਨਾਵਾਂ ਅਤੇ ਰਿਸ਼ਤਈ ਬੰਧਨਾਂ ਦਰਮਿਆਨ ਪੈਦਾ ਹੋਇਆ ਟਕਰਾਅ ਅਤੇ ਬੰਦੇ ਦੇ ਅੰਦਰਲੀ ਟੁੱਟ-ਭੱਜ ਕਿਵੇਂ ਕਈ ਪਰਤਾਂ ਦਾ ਰੂਪ ਧਾਰਦੀ ਹੈ, ਜਗਜੀਤ ਬਰਾੜ ਨੇ ਇਸ ਨੂੰ ਬਹੁਤ ਹੀ ਬਾਰੀਕ-ਬੀਨੀ ਨਾਲ ਚਿੱਤਰਿਆ ਹੈ।
ਆਗ਼ਾਜ਼ਬੀਰ ਦੀ ਕਹਾਣੀ ‘ਚੈਪਟਰ ਕਲੋਜ’ ਪੜ੍ਹਦਿਆਂ ਇਹ ਮਹਿਸੂਸ ਹੁੰਦਾ ਹੈ ਕਿ ਵਿਦੇਸ਼ ਵਿੱਚ ਜਾ ਕੇ ਮਨ ਦੀਆਂ ਖੁੱਲ੍ਹੀਆਂ ਪਰਤਾਂ ਰਾਹੀਂ ਬੰਦੇ ਦਾ ਮਾਨਸਿਕ ਵਿਕਾਸ ਕਿਵੇਂ ਹੁੰਦਾ ਹੈ? ਉਹ ਧਾਰਮਿਕ ਵਲਗਣਾਂ ਨੂੰ ਉਲੰਘ ਆਪਣੇ ਜੀਵਨ ਸਾਥੀ ਦੀ ਚੋਣ ਕਰਨ ਲਈ ਸਥਾਪਤ ਦਾਇਰਿਆਂ ਨੂੰ ਨਕਾਰ ਕੇ ਨਵੀਆਂ ਰਾਹਾਂ ਦੀ ਸਿਰਜਣਾ ਕਰਦਾ ਹੈ। ਦਰਅਸਲ ਇਹ ਕਹਾਣੀ ਧਾਰਮਿਕ ਕੱਟੜਤਾ ਦੇ ਖੰਡਰ ’ਤੇ ਉਸਰੇ ਮੁਹੱਬਤ ਦੇ ਮਹਿਲ ਦੀ ਤਾਮੀਰਦਾਰੀ ਹੈ।
ਅਨੇਮਨ ਸਿੰਘ ਦੀ ‘ਮਾਰੂਥਲ’ ਨਾਂ ਦੀ ਕਹਾਣੀ ਜਵਾਨੀ ਵੇਲੇ ਮਾਂ ਦੀਆਂ ਝੁਲਸੀਆਂ ਖ਼ੁਸ਼ੀਆਂ ਦਾ ਦੁਬਾਰਾ ਪੁੰਗਰਨਾ ਅਤੇ ਮਾਰੂਥਲ ਵਰਗੇ ਜੀਵਨ ’ਚ ਸੰਦਲੀ ਵਕਤਾਂ ਦੀ ਦਸਤਕ ਅਤੇ ਜ਼ਿੰਦਗੀ ਦੇ ਫਿੱਕੇ ਰੰਗਾਂ ਵਿੱਚ ਗੂੜ੍ਹੇ ਰੰਗ ਭਰਨ ਦੀ ਕਥਾ ਹੈ ਜਿਸ ਨੂੰ ਉਸ ਦਾ ਪੁੱਤਰ ਵੀ ਮਾਨਤਾ ਦੇ ਦਿੰਦਾ ਹੈ।
ਸਿਮਰਨ ਧਾਲੀਵਾਲ ਦੀ ਕਹਾਣੀ ‘ਝਾਂਜਰਾਂ ਦਾ ਜੋੜਾ’ ਪਤੀ-ਪਤਨੀ ਦੇ ਰਿਸ਼ਤੀ ਸਮਰਪਿੱਤਾ ਵਿੱਚੋਂ ਉੱਗੀ ਵਾਰਤਾ ਹੈ ਜਿਹੜੀ ਰਿਸ਼ਤਿਆਂ ਵਿਚਲੇ ਖਲਾਅ ਨੂੰ ਭਰਨ ਦੀ ਬੇਹੱਦ ਖ਼ੂਬਸੂਰਤ ਸ਼ੁਰੂਆਤ ਹੈ।
ਸੁਰਿੰਦਰ ਨੀਰ ਦੀ ਕਹਾਣੀ ‘ਟੌਫੀਆਂ ਦਾ ਹਾਰ’ ਧੀਆਂ ਜਾਂ ਪੁੱਤਰਾਂ ਦੀ ਲੋਹੜੀ ਤੋਂ ਬੱਚਿਆਂ ਦੀ ਲੋਹੜੀ ਮਨਾਉਣ ਦੀ ਆਰਜਾ ਨਾਲ ਭਰਪੂਰ ਹੈ ਜੋ ਨਵੇਂ ਮਾਨਸਿਕ ਬਦਲਾਅ ਦਾ ਅਗਾਜ਼ ਹੈ। ਪੁਰਾਣੀਆਂ ਰਵਾਇਤਾਂ ਨੂੰ ਨਕਾਰ ਕੇ ਨਵੇਂ ਯੁੱਗ ਦੀ ਸ਼ੁਰੂਆਤ ਕਰਨ ਦਾ ਸਨੇਹਾ ਦਿੰਦੀ ਹੈ ਇਹ ਕਹਾਣੀ।
ਜਸਪਾਲ ਕੌਰ ਦੀ ਕਹਾਣੀ ‘ਓਹਲਿਆਂ ਦੇ ਆਰ ਪਾਰ’ ਵਿਆਹੋਂ ਬਾਹਰੇ ਸਬੰਧਾਂ ਦਾ ਮਤਲਬੀਪੁਣਾ ਤੇ ਖ਼ੌਖਲਾਪਣ ਦਰਸਾਉਂਦੀ ਅਧੂਰੀ ਜ਼ਿੰਦਗੀ ਨੂੰ ਸੰਪੂਰਨ ਰੂਪ ਵਿੱਚ ਜਿਊਣ ਦਾ ਚਾਅ ਵੀ ਅਜਿਹੇ ਰਿਸ਼ਤਿਆਂ ਦਾ ਮੁੱਢ ਬਣਦਾ ਹੈ। ਔਰਤ ਦੇ ਮਨ ਦੀਆਂ ਕਈ ਪਰਤਾਂ ਦਾ ਮਨੋਵਿਗਿਆਨਕ ਵਿਸ਼ਲੇਸ਼ਣ ਹੈ ਇਹ ਕਹਾਣੀ।
ਜਤਿੰਦਰ ਹਾਂਸ ਦੀ ਕਹਾਣੀ ‘ਉਸ ਦੀਆਂ ਅੱਖਾਂ ’ਚ ਸੂਰਜ ਦਾ ਵਾਸ ਹੈ’ ਦਰਅਸਲ ਅਜੋਕੇ ਅਤੇ ਅਖੌਤੀ ਗਊ ਰਾਖਿਆਂ ਵੱਲੋਂ ਗ਼ਰੀਬਾਂ ਅਤੇ ਬੇਕਸੂਰਾਂ ’ਤੇ ਢਾਹੇ ਜਾ ਰਹੇ ਜ਼ੁਲਮ ਅਤੇ ਕਤਲ ਕੀਤੀਆਂ ਜਾ ਰਹੀਆਂ ਗਊ-ਰੂਹਾਂ ਦਾ ਬਿਰਤਾਂਤ ਹੈ ਜੋ ਅੱਜਕੱਲ੍ਹ ਸਾਡੇ ਸਮਾਜ ਵਿੱਚ ਧਰਮ ਤੇ ਨਾਮ ’ਤੇ ਧੰਦਾ ਬਣ ਚੁੱਕਾ ਹੈ।
ਨਿਰੰਜਣ ਬੋਹਾ ਦੀ ‘ਨਰ ਬੰਦਾ’ ਦਰਅਸਲ ਅਣਖ ’ਚੋਂ ਉੱਭਰੇ ਨਰ ਬੰਦਾ ਦੀ ਕਥਾ ਹੈ ਜੋ ਹਰ ਔਰਤ ਚਾਹੁੰਦੀ ਹੈ ਕਿ ਉਸ ਦੇ ਸਿਰ ਦਾ ਸਾਈਂ ਨਰ ਬੰਦਾ ਹੀ ਬਣੇ। ਗੁਰਮੇਲ ਦੀ ਦਲੇਰੀ ਨੇ ਆਪਣੀ ਬੇਵਾ ਭਰਜਾਈ ਦੇ ਮਨ ਵਿੱਚ ਸਦਾ ਲਈ ਥਾਂ ਬਣਾਉਣ ਦੀ ਕਥਾ ਬੁਣੀ। ਬਲਵੰਤ ਫਰਵਾਲੀ ਦੀ ‘ਡੌਂਕੀ’ ਕਹਾਣੀ ਦਰਅਸਲ ਵਿਦੇਸ਼ ਨੂੰ ਲਾਈ ਜਾਣ ਵਾਲੀ ਡੌਂਕੀ ਤੋਂ ਆਪਣੇ ਹੀ ਦੇਸ਼ ਵਿੱਚ ਡੌਂਕੀ ਲਾਉਣ ਲਈ ਆਪਣੇ ਅੰਦਰ ਹੀ ਡੌਂਕੀ ਲਾਉਣ ਦੀ ਖ਼ੂਬਸੂਰਤ ਵਿਧਾ ਨੂੰ ਕਹਾਣੀ ਰਾਹੀਂ ਪੇਸ਼ ਕਰਨ ਦਾ ਹੁਨਰ ਅਤੇ ਹਾਸਲ ਹੈ।
ਰਮਨਦੀਪ ਵਿਰਕ ਦੀ ਕਹਾਣੀ ‘ਐਨ ਅਫੇਅਰ’ ਵਿਆਹੋਂ ਬਾਹਰੇ ਰਿਸ਼ਤਿਆਂ ਵਿੱਚੋਂ ਸੁਖਨ ਭਾਲਦਿਆਂ ਆਪਣੇ ਜੀਵਨ ਨੂੰ ਵਿਅਰਥ ਗਵਾਉਣ, ਸਮਾਜਿਕ ਨਮੋਸ਼ੀ ਵਿੱਚੋਂ ਆਪਣੇ ਆਪ ਨੂੰ ਖ਼ਤਮ ਕਰਨ ਅਤੇ ਕਿਸੇ ਦੇ ਦਰਦ ਵਿੱਚ ਪਸੀਜ ਜਾਣ ਦਾ ਨਹੋਰਾ ਹੈ। ਇਸ ਸੰਗ੍ਰਹਿ ਦੀ ਆਖਰੀ ਕਹਾਣੀ ਡਾ. ਪ੍ਰੇਮ ਮਾਨ ਦੀ ‘ਹਕੀਕਤ’ ਕਹਾਣੀ ਹੈ ਜਿਹੜੀ ਆਧੁਨਿਕ ਜੀਵਨ ਵਿੱਚ ਮਰਦ-ਔਰਤ ਦੇ ਦਿਲ ਦੀ ਥਾਹ ਪਾਉਂਦੀ, ਦਿਲ ਤੋਂ ਰੂਹਾਂ ਤੀਕ ਅਸਰ ਅੰਦਾਜ਼ ਕਰਦੀ ਹੈ। ਕਮਾਲ ਇਸ ਗੱਲ ਦਾ ਹੈ ਕਿ ਇਸ ਕਹਾਣੀ ਵਿੱਚ ਆਪਣੇ ਵਿਆਹੋਂ ਬਾਹਰੇ ਰਿਸ਼ਤੇ ਬਾਰੇ ਮਾਂ ਵੀ ਆਪਣੇ ਪੁੱਤ ਕੋਲ ਝੂਠ ਨਹੀਂ ਬੋਲਦੀ। ਜਦ ਪੁੱਤ ਦਾ ਅੰਕਲ ਵੀ ਸੱਚ ਦੱਸਦਿਆਂ ਕਹਿੰਦਾ ਹੈ ਕਿ ‘‘ਹਾਂ, ਮੈਂ ਹੀ ਤੇਰਾ ਬਾਪ ਹਾਂ’ ਤਾਂ ਪੁੱਤ ਇਸ ਰਿਸ਼ਤੇ ਨੂੰ ਮਾਨਤਾ ਦਿੰਦਾ, ਆਪਣੇ ਨਵਾਂ ਪਤਾ ਲੱਗੇ ਬਾਪ ਨੂੰ ਗਲਵੱਕੜੀ ਵਿੱਚ ਲੈਂਦਾ ਹੈ। ਦਰਅਸਲ ਇਹ ਕਹਾਣੀ ਨਵੀਨ ਸੋਚ ਅਤੇ ਨਵੀਂ ਧਾਰਨਾ ਨੂੰ ਅਪਣਾ ਕੇ ਕਿਸੇ ਆਪਣੇ ਦੀ ਜ਼ਿੰਦਗੀ ਨੂੰ ਖ਼ੁਸ਼ੀਆਂ ਅਤੇ ਖੇੜਿਆਂ ਨਾਲ ਭਰਨ ਅਤੇ ਜ਼ਿੰਦਗੀ ਨੂੰ ਰੂਹਦਾਰੀ ਨਾਲ ਜਿਊਣ ਦਾ ਪੈਗ਼ਾਮ ਦਿੰਦੀ ਹੈ। ਮੁਹੱਬਤ ਪ੍ਰਤੀ ਉਸਾਰੂ ਨਜ਼ਰੀਏ ਨਾਲ ਓਤ ਪੋਤ ਇਹ ਕਹਾਣੀ ਨਵੀਆਂ ਪਿਰਤਾਂ ਦਾ ਸੰਦੇਸ਼ ਅਤੇ ਆਧਾਰ ਹੈ।
ਇਨ੍ਹਾਂ ਕਹਾਣੀਆਂ ਦੇ ਸੱਜਰੇ ਵਿਸ਼ੇ, ਨਿਵੇਕਲੀ ਬਿਰਤਾਂਤ-ਵਿਧੀ ਅਤੇ ਸਮਾਜਿਕ ਸਰੋਕਾਰਾਂ ਨੂੰ ਖਹਿ ਕੇ ਅਜੋਕੀਆਂ ਪ੍ਰਸਥਿਤੀਆਂ ਦੀ ਚਾਰ ਦੀਵਾਰੀ ਵਿੱਚੋਂ ਆਪਣਾ ਨਵੇਂ ਰਾਹ ਸਥਾਪਤ ਕਰਨ ਦੀ ਕੋਸ਼ਿਸ਼ ਕਰਦੀਆਂ ਹਨ। ਕੁਝ ਕੁ ਪੰਜਾਬੀ ਕਹਾਣੀਆਂ ਦੇ ਅੰਗਰੇਜ਼ੀ ਦੇ ਨਾਮ ਕੁਝ ਕੁ ਅੱਖਰਦੇ ਹਨ ਭਾਵੇਂ ਕਿ
ਇਹ ਅੰਗਰੇਜ਼ੀ ਨੁਮਾ ਸ਼ਬਦ ਪੰਜਾਬੀ ਉਚਾਰਣ ਦਾ ਹਿੱਸਾ ਬਣ ਚੁੱਕੇ ਹਨ। ਸ਼ਾਇਦ ਕਹਾਣੀਕਾਰ ਦੀ ਕੋਈ ਮਜਬੂਰੀ ਹੋਵੇ।
ਇਸ ਕਹਾਣੀ ਸੰਗ੍ਰਹਿ ਦਾ ਸਭ ਤੋਂ ਵੱਡਾ ਹਾਸਲ ਇਹ ਹੈ ਕਿ ਹਰ ਕਹਾਣੀ ਇੱਕ ਸੁਖਾਵੇਂ ਮੋੜ ’ਤੇ ਪੂਰੀ ਹੁੰਦੀ ਹੈ। ਪਾਠਕ ਹੈਰਾਨ ਹੁੰਦਾ ਹੈ ਕਿ ਇੰਝ ਵੀ ਕਹਾਣੀ ਨੂੰ ਕਾਟਵੇਂ ਮੋੜ ’ਤੇ ਲਿਆ ਕੇ ਪੂਰਨ ਕੀਤਾ ਜਾ ਸਕਦਾ ਹੈ। ਨਵੀਂ ਪੀੜ੍ਹੀ ਦੇ ਕਹਾਣੀਕਾਰਾਂ ਨੇ ਇਹ ਦਰਸਾ ਦਿੱਤਾ ਕਿ ਕਹਾਣੀ ਇੰਝ ਵੀ ਲਿਖੀ ਜਾ ਸਕਦੀ ਹੈ। ਜੀਵਨ ਵਿੱਚ ਭਰੀ ਹੋਈ ਨਕਾਰਾਤਮਕਤਾ ਨੂੰ ਸਕਾਰਾਤਮਕਤਾ ਵਿੱਚ ਬਦਲਣ ਵਾਲੇ ਇਸ ਕਹਾਣੀ ਸੰਗ੍ਰਹਿ ਦਾ ਹਾਰਦਿਕ ਸੁਆਗਤ ਅਤੇ ਡਾ. ਪ੍ਰੇਮ ਮਾਨ ਨੂੰ ਬਹੁਤ ਮੁਬਾਰਕਾਂ।
ਸੰਪਰਕ: 216-556-2080