ਕੈਨੇਡਾ ’ਚ ਪੀਆਰ ਮਿਲਣ ਮਗਰੋਂ ਲਾੜੇ ਵੱਲੋਂ ਪਰਵਾਸੀ ਪਤਨੀ ਨੂੰ ਧੋਖਾ
ਮਹਿੰਦਰ ਸਿੰਘ ਰੱਤੀਆਂ
ਮੋਗਾ, 25 ਜੁਲਾਈ
ਵਿਆਹ ਕਰਕੇ ਕੈਨੇਡਾ ’ਚ ਪੀਆਰ ਲੈਣ ਤੋਂ ਬਾਅਦ ਪਰਵਾਸੀ ਪੰਜਾਬੀ ਮੁਟਿਆਰਾਂ ਨੂੰ ਛੱਡਣ ਦੀਆਂ ਸ਼ਿਕਾਇਤਾਂ ’ਚ ਦਨਿ ਪ੍ਰਤੀ ਦਨਿ ਵਾਧਾ ਹੋ ਰਿਹਾ ਹੈ। ਥਾਣਾ ਐੱਨਆਰਆਈ ਮੁਖੀ ਇੰਸਪੈਕਟਰ ਹਰਜਿੰਦਰ ਕੌਰ ਨੇ ਦੱਸਿਆ ਕਿ ਵਧੀਕ ਡੀਜੀਪੀ ਪਰਵਾਸੀ ਭਾਰਤੀ ਤੇ ਮਹਿਲਾ ਵਿੰਗ ਪੰਜਾਬ, ਮੁਹਾਲੀ ਦੇ ਹੁਕਮ ਉੱਤੇ ਮੂਲ ਰੂਪ ਵਿੱਚ ਪਿੰਡ ਘੋਲੀਆ ਖੁਰਦ ਕੈਨੇਡਾ ਰਹਿੰਦੀ ਪਰਵਾਸੀ ਮੁਟਿਆਰ ਕੁਲਦੀਪ ਕੌਰ ਧਾਲੀਵਾਲ ਦੀ ਸ਼ਿਕਾਇਤ ਉੱਤੇ ਉਸ ਦੇ ਪਤੀ ਕਰਮ ਸਿੰਘ, ਸਹੁਰਾ ਸੁਖਮੰਦਰ ਸਿੰਘ, ਸੱਸ ਸੁਖਦੇਵ ਕੌਰ, ਜੇਠ ਕਮਲ ਅਤੇ ਨਨਾਣ ਖ਼ਿਲਾਫ਼ 406, 498 ਏ, 420 ਤੇ 120 ਬੀ ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੇਸ ਦੀ ਮੁਢਲੀ ਪੜਤਾਲ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਕਰਮ ਸਿੰਘ ਨੇ ਸਿਰਫ ਪੀਆਰ ਹਾਸਲ ਕਰਨ ਲਈ ਵਿਆਹ ਕਰਵਾਇਆ ਸੀ।
ਜਾਂਚ ਅਧਿਕਾਰੀ ਥਾਣੇਦਾਰ ਤੇਜਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਕਰਮ ਸਿੰਘ ਦੀ ਗ੍ਰਿਫ਼ਤਾਰੀ ਲਈ ਐੱਲਓਸੀ ਜਾਰੀ ਕਰ ਕੇ ਪਾਸਪੋਰਟ ਰੱਦ ਕਰਨ ਲਈ ਸਮਰੱਥ ਅਥਾਰਟੀ ਨੂੰ ਲਿਖਿਆ ਗਿਆ ਹੈ। ਐੱਫ਼ਆਈਆਰ ਮੁਤਾਬਕ ਕੁਲਦੀਪ ਕੌਰ ਦਾ ਪਹਿਲਾਂ ਤਲਾਕ ਹੋਇਆ ਸੀ। ਉਸਦਾ ਮੁਲਜ਼ਮ ਕਰਮ ਸਿੰਘ ਨਾਲ 23 ਫ਼ਰਵਰੀ 2015 ਨੂੰ ਵਿਆਹ ਹੋਇਆ ਸੀ। ਉਸ ਨੇ ਕੈਨੇਡਾ ਪਹੁੰਚ ਕੇ ਆਪਣੀ ਪਤੀ ਦਾ ਵੀਜ਼ਾ ਅਪਲਾਈ ਕੀਤਾ ਪਰ ਕਿਸੇ ਕਾਰਨ ਇਹ ਰੱਦ ਹੋ ਗਿਆ। ਉਹ ਅੰਬੈਸੀ ਵਿੱਚ ਸਾਰੇ ਦਸਤਾਵੇਜ਼ ਦਿਖਾਉਣ ਲਈ ਵਾਪਸ ਭਾਰਤ ਆਈ ਅਤੇ ਉਸ ਦੇ ਪਤੀ ਦਾ ਵੀਜ਼ਾ ਲੱਗ ਗਿਆ ਅਤੇ ਨਵੰਬਰ 2017 ਵਿੱਚ ਕੈਨੇਡਾ ਚਲਾ ਗਿਆ। ਉੱਥੇ ਪੀਆਰ ਕਾਰਡ ਮਿਲਣ ਮਗਰੋਂ ਉਸਨੂੰ 4 ਮਾਰਚ 2018 ਨੂੰ ਕੈਨੇਡਾ ਪੁਲੀਸ ਨੂੰ ਨਾਲ ਲਿਆ ਕੇ ਸਾਮਾਨ ਚੁੱਕ ਕੇ ਉੱਥੋਂ ਉਸਨੂੰ ਛੱਡ ਕੇ ਚਲਾ ਗਿਆ। ਦੂਜੇ ਪਾਸੇ ਮੁਲਜ਼ਮ ਧਿਰ ਨੇ ਕਿਹਾ ਕਿ ਉਨ੍ਹਾਂ ਵਿਆਹ ਉੱਤੇ 25 ਲੱਖ ਰੁਪਏ ਖਰਚ ਕੀਤੇ ਸਨ।