ਸਾਮੰਤਵਾਦੀ ਨਜ਼ਰੀਆਤ
ਡਾ. ਲਾਭ ਸਿੰਘ ਖੀਵਾ
ਬੜੇ ਅਜੀਬ ਨਜ਼ਰੀਆਤ ਸਨ/ ਮੇਰੇ ਅੱਬੂ ਜਾਨ ਦੇ।
ਸਾਮੰਤੀ ਖਾਸੇ ਦੀ ਖਾਣ ਦੇ।
... ... ...
ਉਹ ਬੇਬਾਕ ਹੋ ਫ਼ਰਮਾਉਂਦੇ,
‘‘ਤੁਹਾਡੀ ਸੀਟੀ ਦੇ ਇੱਕ ਬੁਲਾਵੇ ’ਤੇ, ਘੋੜੀ ਤੇ ਬੀਵੀ ਨਾ ਆਵੇ,
ਸਮਝੋ ਤੁਹਾਡੇ ’ਚ ਦਮ ਨਹੀਂ|
ਚੰਗੇ ਸ਼ਾਹ-ਸਵਾਰਾਂ ’ਚ ਸ਼ਾਮਿਲ ਨਹੀਂ। ਜਾਂ ਫਿਰ ਮਰਦੇ-ਕਾਮਿਲ ਨਹੀਂ।’’
... ... ...
ਉਹ ਇਹ ਵੀ ਸਿਖਾਉਂਦੇ,
‘‘ਜੋ ਜ਼ਮੀਨ ਨਾ ਦੇਵੇ ਫ਼ਸਲ, ਵੇਚ ਦੇਵੋ ਤੇ ਯੂਪੀ-ਬਿਹਾਰ ’ਚੋਂ, ਸਸਤੀ ਖਰੀਦ ਲਵੋ।
ਦੱਬ ਕੇ ਵਾਹੋ, ਬੀਜ ਲਵੋ, ਤੇ ਭਰਵੀਂ ਫ਼ਸਲ, ਹਰ ਸਾਲ ਲੈਂਦੇ ਰਹੋ।
ਜਿਸ ਕੋਲ ਫ਼ਸਲ ਦਾ ਅੰਬਾਰ ਹੈ, ਉਹੀ ਕਬੀਲੇ ਦਾ ਸਰਦਾਰ ਹੈ।
ਜੀਹਦੀ ਕੋਠੀ ਦਾਣੇ, ਉਹਦੇ ਕਮਲੇ ਵੀ ਸਿਆਣੇ।’’
... ... ...
ਉਹ ਇਹ ਵੀ ਸਮਝਾਉਂਦੇ,
‘‘ਜ਼ਮੀਨ ਤੇ ਜ਼ੋਰੂ, ਚੰਗੀ ਫ਼ਸਲ ਤੇ ਨਸਲ ਦਾ ‘ਗਰੰਟੀ-ਬਾਂਡ’ ਹੁੰਦੇ ਨੇ।
ਢੇਰ ਜ਼ਰ ਦਾ ਵਸੀਲਾ ਬਣਦੇ ਨੇ, ਤੇ ਪੀੜ੍ਹੀ ਦਾ ਬਲਸ਼ਾਲੀ ਕਬੀਲਾ ਬਣਦੇ ਨੇ।
... ... ...
ਆਪਣਾ ਰਈਸੀ ਕੁਰਸੀਨਾਮਾ ਸੁਣਾਉਂਦੇ,
ਇੱਕ ਰੋਜ਼ ਅੱਬੂ ਦੀ ਫੌਤ ਹੋ ਗਈ। ਉਸਦੇ ਹਉਂ ਦੀ ਵੀ ਮੌਤ ਹੋ ਗਈ।
ਮੈਂ ਅਜਿਹੀ ਗਹਿਰੀ ਕਬਰ ਖੋਦੀ/ ਕਿ ਉਸ ਦੇ ਸਾਮੰਤੀ ਨਜ਼ਰੀਆਤ ਵੀ,
ਬਾਖ਼ੂਬੀ ਦਫ਼ਨ ਹੋ ਜਾਣ।
ਮੈਂ ਮਜ਼ਾਰ ਨਾ ਬਣਾਈ
ਕਿਧਰੇ ਉਹ/ਪੀਰ-ਫ਼ਕੀਰ ਬਣਕੇ, ਮਜ਼ਾਰ ਉੱਤੇ ਬੈਠੇ ਆਣ।
... ... ...
ਨਾ ਤਾਂ ਕੋਈ ਪਰਲੋ ਆਈ/ ਤੇ ਨਾ ਹੀ ਕੋਈ ਕਿਆਮਤ।
ਮੈਂ ਹੈਰਾਨ ਹਾਂ, ਪ੍ਰੇਸ਼ਾਨ ਹਾਂ/ ਕਿ ਕਿਵੇਂ ਜਾਗ ਪਏ ਮੇਰੇ ਅੱਬੂ ਦੇ,
ਸਾਮੰਤਵਾਦੀ ਨਜ਼ਰੀਆਤ, ਡੂੰਘੀਆਂ ਕਬਰਾਂ ’ਚੋਂ।
ਜੋ ਸਾਡੇ ਆਲੇ ਦੁਆਲੇ, ਅੱਜ ਵੀ ਫਿਰਦੇ ਨੇ ਘੁੰਮਦੇ।
ਤੇ ਭੂਤ-ਪ੍ਰੇਤ ਬਣਕੇ, ਸਾਡੇ ਆਜ਼ਾਦ ਖ਼ਿਆਲਾਤ ਨੂੰ, ਚੋਰੀ-ਛੁਪੇ ਸੁੰਘਦੇ।
ਸੰਪਰਕ: 94171-78487
ਗ਼ਜ਼ਲ
ਜਸਵਿੰਦਰ ਸਿੰਘ ਰੁਪਾਲ
ਤਬਦੀਲੀਆਂ ਦੀ ਖੁਸ਼ਬੂ ਬਾਗੀ ਮਿਜਾਜ਼ ਅੰਦਰ।
ਛਾਈ ਬੇਚੈਨੀ ਭਾਰੀ ਉਸ ਦੇ ਅੰਦਾਜ਼ ਅੰਦਰ।
ਟਾਹਣੀ ਤੋਂ ਟੁੱਟ ਕੇ ਤਾਂ ਰੋਇਆ ਹੈ ਪੱਤ ਡਾਢਾ
ਛੁਪਿਆ ਹੈ ਦਰਦ ਭਾਰੀ ਖੜ ਖੜ ਆਵਾਜ਼ ਅੰਦਰ
ਸੱਜਣ ਨੂੰ ਯਾਦ ਕਰਕੇ ਅੱਖਾਂ ’ਚੋਂ ਨੀਰ ਆਇਐ
ਅੱਲ੍ਹਾ ਦਾ ਮੇਲ ਹੋਇਆ ਫ਼ਜ਼ਰ-ਏ-ਨਮਾਜ਼ ਅੰਦਰ।
ਡਾਢੀ ਸਵਾਦ ਲੱਗੇ ਹੱਕ ਦੀ ਮਿਲੇ ਜੇ ਰੁੱਖੀ
ਸਾਰੇ ਹੀ ਤੱਤ ਮਿਲਦੇ ਆਲੂ ਪਿਆਜ਼ ਅੰਦਰ।
ਚਿੰਤਾ ਕਰੀਂ ਨਾ ਕਾਈ ਸਭ ਕੰਮ ਕਰ ਦਿਆਂਗੇ
ਸੇਵਾ ਨੂੰ ਪਾ ਲਿਫ਼ਾਫ਼ੇ ਧਰ ਜੀਂ ਦਰਾਜ ਅੰਦਰ।
ਇੱਕ ਹੋਰ ਪੀੜ੍ਹੀ ਤੋਂ ਵੀ ਕਰਜ਼ਾ ਨਾ ਮੋੜ ਹੋਣਾ
ਸਾਡੀ ਤਾਂ ਉਮਰ ਬੀਤੀ ਇਸ ਦੇ ਵਿਆਜ ਅੰਦਰ।
ਅੰਬਰ ਬੁਲਾ ਰਿਹਾ ਹੈ ਪਰਵਾਜ਼ ਭਰਨੀ ਉੱਚੀ,
ਫਸਿਆ ‘ਰੁਪਾਲ’ ਕਿਹੜੇ ਜਗ ਦੇ ਰਿਵਾਜ ਅੰਦਰ।
ਕਰੀਬੀ ਰਿਸ਼ਤੇ
ਕੇਵਲ ਸਿੰਘ ਰੱਤੜਾ
ਭਲਿਆ ਤੂੰ ਕਹਿਨੈਂ, ਉਹ ਬੜਾ ਪਿਆਰ ਕਰਦੇ ਨੇ
ਲੋਕ ਤਾਂ ਇਸ ਰਸਤੇ ਵੀ ਸ਼ਿਕਾਰ ਕਰਦੇ ਨੇ
ਤੂੰ ਸਮਝਦੈਂ ਉਹ ਬਹੁਤ ਨੇ ਦਿਲ ਦੇ ਕਰੀਬ,
ਨੇੜੇ ਹੋ ਕੇ ਹੀ ਤਾਂ ਜੇਬ ’ਤੇ ਵਾਰ ਕਰਦੇ ਨੇ
ਉਨ੍ਹਾਂ ਨੂੰ ਫ਼ਕਰ ਹੈ ਮਾਵਾਂ, ਬੋਲੀ ਤੇ ਵਿਰਸੇ ਦਾ,
ਹਾਂ, ਉਹ ਏਸੇ ਦਾ ਹੀ ਤਾਂ ਵਪਾਰ ਕਰਦੇ ਨੇ
ਪਰਖਣੇ ਚੰਗੇ ਹੁੰਦੇ ਕਦੇ ਕੁਝ ਕਰੀਬੀ ਰਿਸ਼ਤੇ ਵੀ,
ਜਦੋਂ ਚਾਣਚੱਕ ਟੁੱਟਦੇ, ਬੜਾ ਅਵਾਜ਼ਾਰ ਕਰਦੇ ਨੇ
ਬਹੁਤੇ ਮੁਲਕਾਂ ’ਚ ਪੈਸੇ ਬਣਦੇ ਨੇ ਹੱਥੀਂ ਕੰਮ ਕਰਕੇ
ਏਥੇ ਇਹੋ ਕੰਮ ਫੋਨ, ਰਿਸ਼ਤੇ ਜਾਂ ਹਥਿਆਰ ਕਰਦੇ ਨੇ
ਸ਼ੱਕ ਹੀ ਰਹਿੰਦਾ, ਸੁਣੇ ਮਿੱਠੇ ਤੇ ਪਿਆਰੇ ਬੋਲਾਂ ’ਤੇ,
ਕਿ ਸੱਚੀਂ ਕਦਰ ਹੈ ਜਾਂ ਗ਼ਰਜ਼ ਦਾ ਇਜ਼ਹਾਰ ਕਰਦੇ ਨੇ
ਲੋਕਤੰਤਰ ਵਿੱਚ ਪਕੜ ਘਟੇ, ਸ਼ਰਧਾ ਤੇ ਚੌਧਰ ਦੀ
ਪਰ ਨਿਆਂ ਲਈ ਲੋਕ, ਸਾਲਾਂ ਤੱਕ ਇੰਤਜ਼ਾਰ ਕਰਦੇ ਨੇ
ਪੁਲੀਸ ਹੁੰਦੀ ਹੈ ਚਿਹਰਾ, ਰਾਜੇ ਦੇ ਅਕਸ ਦਾ,
ਜਿੱਥੇ ਖ਼ੁਦ ਹੋਣ ਅਪਰਾਧੀ ਬੜਾ ਅੱਤਿਆਚਾਰ ਕਰਦੇ ਨੇ
ਚੌਕੰਨੇ ਹੋ, ਸਬੂਤ ਰੱਖੀਂ, ਨਹੀਂ ਰਹੇ ਜ਼ੁਬਾਨਾਂ ਦੇ ਸੌਦੇ,
ਕਚਹਿਰੀ ਲੱਭਦੇ ‘ਰੱਤੜਾ’, ਜੋ ਪੱਕੇ ਇਕਰਾਰ ਕਰਦੇ ਨੇ
ਸੰਪਰਕ: 82838-30599