For the best experience, open
https://m.punjabitribuneonline.com
on your mobile browser.
Advertisement

ਮੁਹਾਲੀ ਦੇ ਸਰਸ ਮੇਲੇ ਵਿੱਚ ਮੇਲੀਆਂ ਦੀਆਂ ਵਧੀਆਂ ਰੌਣਕਾਂ

06:35 AM Oct 24, 2024 IST
ਮੁਹਾਲੀ ਦੇ ਸਰਸ ਮੇਲੇ ਵਿੱਚ ਮੇਲੀਆਂ ਦੀਆਂ ਵਧੀਆਂ ਰੌਣਕਾਂ
ਮੁਹਾਲੀ ਦੇ ਸਰਸ ਮੇਲੇ ਵਿੱਚ ਲੋਕ ਨਾਚ ਦਾ ਮੁਜਾਹਰਾ ਕਰਦੇ ਹੋਏ ਕਲਾਕਾਰ। -ਫੋਟੋ: ਵਿੱਕੀ ਘਾਰੂ
Advertisement

ਕਰਮਜੀਤ ਸਿੰਘ ਚਿੱਲਾ
ਐੱਸਏਐੱਸ ਨਗਰ(ਮੁਹਾਲੀ), 23 ਅਕਤੂਬਰ
ਮੁਹਾਲੀ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਸੈਕਟਰ 88 ਦੇ ਮਾਨਵ ਮੰਗਲ ਸਕੂਲ ਨੇੜੇ ਕਰਵਾਇਆ ਜਾ ਰਿਹਾ ਸਰਸ ਮੇਲਾ ਲੋਕਾਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਮੇਲੇ ਵਿੱਚ 20 ਰਾਜਾਂ ਦੇ 600 ਤੋਂ ਵੱਧ ਕਾਰੀਗਰ, ਦਸਤਕਾਰ ਤੇ ਹੋਰ ਦੁਕਾਨਦਾਰ ਸਵੇਰੇ 10 ਵਜੇ ਤੋਂ ਰਾਤ 10 ਵਜੇ ਤੱਕ 300 ਸਟਾਲਾਂ ਉੱਤੇ ਆਪਣੀਆਂ ਵਸਤਾਂ ਦੀ ਵਿਕਰੀ ਕਰ ਰਹੇ ਹਨ। ਮੇਲਾ 27 ਅਕਤੂਬਰ ਤੱਕ ਚੱਲੇਗਾ।
ਮੇਲੇ ਵਿੱਚ ਜਿੱਥੇ ਹੱਥ ਦੀ ਕਲਾ ਸ਼ਿਲਪਕਾਰੀ ਦੀਆਂ ਸਟਾਲਾਂ ਦੇਖਣਯੋਗ ਹਨ, ਉੱਥੇ ਹੀ ਭਾਰਤ ਦੇ ਮਹਾਨ ਅਤੇ ਵਿਲੱਖਣ ਸਭਿਆਚਾਰ ਨੂੰ ਦਰਸਾਉਂਦੇ ਵੱਖ-ਵੱਖ ਖੇਤਰਾਂ ਦੇ ਲੋਕ ਨਾਚ ਅਤੇ ਲੋਕ ਧੁਨਾਂ ਨਾਲ ਪਿਰੋਏ ਲੋਕ ਗੀਤ ਨਵੀਂ ਪੀੜ੍ਹੀ ਦਾ ਮਨੋਰੰਜਨ ਕਰ ਰਹੇ ਹਨ। ਮੇਲੇ ਵਿੱਚ ਉੱਤਰ ਭਾਰਤ ਸੱਭਿਆਚਾਰਕ ਕੇਂਦਰ ਪਟਿਆਲਾ ਦੇ ਸਹਿਯੋਗ ਸਦਕਾ ਰਾਜਸਥਾਨ ਦਾ ਨਗਾੜਾ ਅਤੇ ਕਾਲਬੇਲੀਆ ਜੋ ਕਿ ਭਰਤਪੁਰ, ਜੈਸਲਮੇਰ ਤੇ ਜੈਪੂਰ ਦੇ ਖੇਤਰਾਂ ਦਾ ਮਸ਼ਹੂਰ ਲੋਕ ਨਾਚ ਹੈ, ਹਰਿਆਣਾ ਦਾ ਫਾਗ ਅਤੇ ਉੱਤਰ ਪ੍ਰਦੇਸ਼ ਦਾ ਮਯੂਰ ਨਾਚ, ਅਸਾਮ ਦਾ ਪਿਹੂ ਅਤੇ ਪੰਜਾਬ ਦੇ ਭੰਗੜਾ, ਲੁੱਡੀ ਅਤੇ ਸੰਮੀ ਲੋਕ-ਨਾਚ ਮੇਲੇ ਵਿੱਚ ਆਏ ਮੇਲੀਆਂ ਨੂੰ ਲੋਕ ਸਾਜਾਂ ਉੱਤੇ ਥਿਰਕਣ ਲਈ ਮਜਬੂਰ ਕਰ ਦਿੰਦੇ ਹਨ।
ਜ਼ਿਲ੍ਹਾ ਬਠਿੰਡਾ ਦੇ ਪਿੰਡ ਡਿੱਖ ਦੇ ਬਾਜ਼ੀਗਰਾਂ ਵੱਲੋਂ ਮੇਲੇ ਦਾ ਆਨੰਦ ਮਾਣ ਰਹੇ ਲੋਕਾਂ ਦਾ ਆਪਣੀਆਂ ਬਾਜ਼ੀਆਂ ਰਾਹੀਂ ਖ਼ੂਬ ਮਨੋਰੰਜਨ ਕੀਤਾ ਜਾ ਰਿਹਾ ਹੈ। ਗਰੁੱਪ ਦੇ ਮੁਖੀ ਵਕੀਲ ਸਿੰਘ ਨੇ ਕਿਹਾ, ‘‘ਅੱਜ ਦੇ ਸਮੇਂ ਵਿੱਚ ਸਾਡੇ ਕਿੱਤੇ ਨੂੰ ਨਵੀਂ ਪੀੜ੍ਹੀ ਬਿਲਕੁਲ ਭੁੱਲ ਚੁੱਕੀ ਹੈ, ਇਹ ਅਲੋਪ ਹੋ ਰਿਹਾ ਹੈ।’’ ਪੰਜਾਬੀ ਬੋਲੀ ਨੂੰ ਪ੍ਰਫੁਲਿਤ ਕਰਨ ਲਈ ਜਾਗਰੂਕਤਾ ਪੈਦਾ ਕਰਨ ਵਾਲੇ ਮਾਨਸਾ ਦੇ ਤੇਜਿੰਦਰ ਸਿੰਘ ਖਾਲਸਾ ਦੀਆਂ ਗੁਰਮੁਖੀ ਵਾਲੀਆਂ ਵਸਤਾਂ ਦੀ ਸਟਾਲ ਵੀ ਖਿੱਚ ਦਾ ਕੇਂਦਰ ਹੈ। ਇਸੇ ਤਰਾਂ ਰਾਜਸਥਾਨ ਦੇ ਕਾਰੀਗਰਾਂ ਦੀਆਂ ਬਿਨਾਂ ਜੋੜ ਤੋਂ ਬਣਾਈਆਂ ਸੰਗਮਰਮਰ ਦੀਆਂ ਮੂਰਤੀਆਂ, ਹੱਥੀਂ ਬਣਾਈਆਂ ਜੁੱਤੀਆਂ ਤੇ ਖਾਣ-ਪੀਣ ਦੀਆਂ ਵਸਤਾਂ ਦੀ ਖ਼ੂਬ ਵਿਕਰੀ ਹੋ ਰਹੀ ਹੈ।
ਹਰਿਆਣਾ ਦੇ ਜ਼ਿਲ੍ਹਾ ਨੂੰਹ ਦੀ ਸਵਿੱਤਰੀ ਵੱਲੋਂ ਕੱਚੀ ਮਿੱਟੀ ਦੇ ਭਾਂਡਿਆਂ ਦਾ ਸਟਾਲ ਵੀ ਦਰਸ਼ਕਾਂ ਲਈ ਖਿੱਚ ਦਾ ਕੇਂਦਰ ਬਣ ਰਿਹਾ ਹੈ। ਬੀਤੀ ਰਾਤ ਮੇਲੇ ਵਿੱਚ ਕਰਵਾ ਚੌਥ ਨੂੰ ਸਮਰਪਿਤ ਫ਼ੈਸ਼ਨ ਸ਼ੋਅ ਵੀ ਕਰਾਇਆ ਗਿਆ। ਮੇਲਾ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੋਨਮ ਚੌਧਰੀ ਨੇ ਦੱਸਿਆ ਕਿ ਸੁਹਾਗਣਾਂ ਨੇ ਇਸ ਵਿੱਚ ਪੂਰੇ ਉਤਸ਼ਾਹ ਨਾਲ ਭਾਗ ਲਿਆ। ਸੰਗੀਤਕ ਸ਼ਾਮ ਵਿੱਚ ਪੰਜਾਬੀ ਗਾਇਕ ਲਖਵਿੰਦਰ ਵਡਾਲੀ ਨੇ ਆਪਣੇ ਨਵੇਂ-ਪੁਰਾਣੇ ਗੀਤਾਂ ਨਾਲ ਖੂਬ ਰੰਗ ਬੰਨ੍ਹਿਆ। ਮੁਹਾਲੀ ਦੀ ਡੀਸੀ ਆਸ਼ਿਕਾ ਜੈਨ ਨੇ ਮੇਲੇ ਵਿੱਚ ਸ਼ਮੂਲੀਅਤ ਕੀਤੀ। ਉਨ੍ਹਾਂ ਟਰਾਈਸਿਟੀ ਦੇ ਵਸਨੀਕਾਂ ਨੂੰ ਸਰਸ ਮੇਲੇ ਵਿੱਚ ਪਹੁੰਚ ਕੇ ਸੱਭਿਆਚਾਰ ਅਤੇ ਦਸਤਕਾਰੀ ਨੂੰ ਦੇਖਣ ਦਾ ਸੱਦਾ ਦਿੱਤਾ ਹੈ।

Advertisement

ਪੀਣ ਵਾਲੇ ਪਾਣੀ ਅਤੇ ਸਫ਼ਾਈ ਦੀ ਘਾਟ

ਸਰਸ ਮੇਲਾ ਦੇਖਣ ਆਉਂਦੇ ਮੇਲੀਆਂ ਨੇ ਮੇਲੇ ਵਿੱਚ ਪਾਣੀ ਦੀ ਘਾਟ ਦਾ ਜ਼ਿਕਰ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਨੂੰ ਦੂਰ ਕੀਤਾ ਜਾਣਾ ਚਾਹੀਦਾ ਹੈ। ਇਸੇ ਤਰ੍ਹਾਂ ਉੱਘੜ-ਦੁੱਘੜ ਗਰਾਊਂਡ ਵਿੱਚ ਕਈ ਪਾਸੇ ਜਾਲੀਦਾਰ ਮੈਟ ਵਿਛਾਇਆ ਹੋਣ ਕਾਰਨ ਮੈਟਾਂ ਦੀਆਂ ਜਾਲੀਆਂ ਵਿੱਚੋਂ ਕਾਫ਼ੀ ਧੂੜ-ਮਿੱਟੀ ਉੱਡਦੀ ਰਹਿੰਦੀ ਹੈ। ਮੇਲੇ ਵਿੱਚ ਪਖਾਨਿਆਂ ਦੇ ਕੀਤੇ ਆਰਜ਼ੀ ਪ੍ਰਬੰਧਾਂ ਦੀ ਸਫ਼ਾਈ ਉੱਤੇ ਵੀ ਦਰਸ਼ਕਾਂ ਨੇ ਉਂਗਲ ਚੁੱਕੀ ਹੈ ਅਤੇ ਪ੍ਰਸ਼ਾਸ਼ਨ ਕੋਲੋਂ ਤੁਰੰਤ ਇਸ ਵੱਲ ਧਿਆਨ ਦੇਣ ਦੀ ਮੰਗ ਕੀਤੀ ਹੈ।

Advertisement

Advertisement
Author Image

Advertisement