ਤਿਉਹਾਰਾਂ ਦਾ ਸੀਜ਼ਨ: ਮੁਹਾਲੀ ਦੀਆਂ ਸੜਕਾਂ ’ਤੇ ਜਾਮ, ਰਾਹਗੀਰ ਪ੍ਰੇਸ਼ਾਨ
ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 29 ਅਕਤੂਬਰ
ਦੀਵਾਲੀ ਤਿਉਹਾਰ ਦੌਰਾਨ ਜਿੱਥੇ ਬਾਜ਼ਾਰਾਂ ਵਿੱਚ ਲੋਕਾਂ ਦੀ ਪੂਰੀ ਚਹਿਲ-ਪਹਿਲ ਹੈ ਉੱਥੇ ਸ਼ਹਿਰ ਦੀਆਂ ਅੰਦਰਲੀਆਂ ਸੜਕਾਂ ਸਮੇਤ ਮੁੱਖ ਮਾਰਗ ’ਤੇ ਟਰੈਫ਼ਿਕ ਸਮੱਸਿਆ ਗੰਭੀਰ ਹੁੰਦੀ ਜਾ ਰਹੀ ਹੈ। ਸੜਕਾਂ ’ਤੇ ਲੰਮੇ ਜਾਮ ਲੱਗੇ ਹੋਣ ਕਾਰਨ ਇੱਕ ਦੂਜੇ ਤੋਂ ਅੱਗੇ ਲੰਘਣ ਦੇ ਚੱਕਰ ਵਿੱਚ ਆਮ ਨਾਗਰਿਕਾਂ ਤੇ ਵਾਹਨ ਚਾਲਕਾਂ ਵਿੱਚ ਝਗੜੇ ਵੀ ਹੋ ਰਹੇ ਹਨ।
ਅਜਿਹਾ ਹੀ ਇੱਕ ਤਾਜ਼ਾ ਮਾਮਲਾ ਸੈਕਟਰ-70 (ਮਟੌਰ) ਦੀ ਮਾਰਕੀਟ ਵਿੱਚ ਸਾਹਮਣੇ ਆਇਆ ਹੈ, ਜਿੱਥੇ ਇੱਕ ਵਿਅਕਤੀ ਨੇ ਕਿਸੇ ਦੇ ਦਫ਼ਤਰ ਅੱਗੇ ਗਲਤ ਤਰੀਕੇ ਨਾਲ ਆਪਣੀ ਫਾਰਚੂਨਰ ਗੱਡੀ ਖੜ੍ਹੀ ਕਾਰਕਿੰਗ ਕਰ ਦਿੱਤੀ। ਇਸੇ ਦੌਰਾਨ ਸਬੰਧਤ ਵਿਅਕਤੀ ਆਪਣੇ ਦਫ਼ਤਰ ਪਹੁੰਚ ਗਿਆ ਤੇ ਗੱਡੀ ਪਾਸੇ ਹਟਾਉਣ ਲਈ ਆਖਣ ’ਤੇ ਵਾਹਨ ਵਾਲਾ ਵਿਅਕਤੀ ਖਫ਼ਾ ਹੋ ਗਿਆ। ਇਸ ਤਕਰਾਰ ਦੌਰਾਨ ਸੜਕ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲਾਈਨਾਂ ਲੱਗ ਗਈਆਂ ਪਰ ਇਸ ਦੇ ਬਾਵਜੂਦ ਫਾਰਚੂਨਰ ਵਾਲੇ ਆਪਣੀ ਗੱਡੀ ਉੱਥੋਂ ਨਹੀਂ ਹਟਾਈ। ਹਾਲਾਂਕਿ ਪੀਸੀਆਰ ਦੀ ਗੱਡੀ ਵੀ ਉੱਥੇ ਨੇੜੇ ਹੀ ਫੁੱਟਪਾਥ ’ਤੇ ਖੜ੍ਹੀ ਸੀ। ਇਸ ਦੌਰਾਨ ਪੁਲੀਸ ਕਰਮਚਾਰੀ ਨੇ ਟਰੈਫ਼ਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੀ ਕੋਸ਼ਿਸ਼ ਕੀਤੀ। ਇਸੇ ਦੌਰਾਨ ਦੀਵਾਲੀ ਮੌਕੇ ਭੀੜ-ਭੜੱਕੇ ਵਾਲੀਆਂ ਥਾਵਾਂ ’ਤੇ ਕਿਸੇ ਅਣਸੁਖਾਵੀਂ ਘਟਨਾ ਨਾਲ ਨਜਿੱਠਣ ਲਈ ਮੁਹਾਲੀ ਪੁਲੀਸ ਨੇ ਅੱਜ ਵੱਖ-ਵੱਖ ਥਾਵਾਂ ਉੱਤੇ ਮੌਕ ਡਰਿੱਲ ਕੀਤੀ ਗਈ। ਇਸ ਦੌਰਾਨ ਸੀਪੀ-67 ਮਾਲ, ਬੈਸਟੈੱਕ ਅਤੇ ਮੁਹਾਲੀ ਵਾਕ ਵਿੱਚ ਜਾਂਚ ਕੀਤੀ ਗਈ। ਮੌਕ ਡਰਿੱਲ ਦੀ ਅਗਵਾਈ ਕਰ ਰਹੇ ਮੁਹਾਲੀ ਦੇ ਡੀਐਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਮੌਕ ਡਰਿੱਲ ਦੌਰਾਨ ਬਾਕਾਇਦਾ ਨਾਕੇਬੰਦੀ ਕਰਕੇ ਸ਼ੱਕੀ ਵਿਅਕਤੀਆਂ, ਵਾਹਨਾਂ ਅਤੇ ਸਮਾਨ ਦੀ ਜਾਂਚ ਕੀਤੀ ਗਈ। ਇਸ ਮੌਕੇ ਬੰਬ ਡਿਸਪੋਜ਼ਲ ਯੂਨਿਟ ਨੇ ਵੀ ਜਾਂਚ ਕੀਤੀ ਤੇ ਡਾਗ ਸਕੁਐਡ ਵੀ ਤਾਇਨਾਤ ਕੀਤੇ ਗਏ।
ਡਿਪਟੀ ਮੇਅਰ ਬੇਦੀ ਨੇ ਐੱਸਐੱਸਪੀ ਤੋਂ ਟਰੈਫ਼ਿਕ ਸਮੱਸਿਆ ਦਾ ਹੱਲ ਮੰਗਿਆ
ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਐੱਸਐੱਸਪੀ ਨੂੰ ਪੱਤਰ ਭੇਜ ਕੇ ਸ਼ਹਿਰ ਵਿੱਚ ਥਾਂ-ਥਾਂ ਲੱਗਦੇ ਟਰੈਫ਼ਿਕ ਜਾਮ ਦੀ ਸਮੱਸਿਆ ਤੋਂ ਲੋਕਾਂ ਨੂੰ ਨਿਜਾਤ ਦਿਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਮੁਹਾਲੀ ਦੀ ਮੁੱਖ ਸ਼ਾਪਿੰਗ ਸਟਰੀਟ ਉੱਤੇ ਫੋਰਟਿਸ ਹਸਪਤਾਲ, ਗਮਾਡਾ, ਸ਼ੈਲਬੀ ਹਸਪਤਾਲ, ਫੇਜ਼-8, ਫੇਜ਼-9, ਫੇਜ਼-10 ਦੀ ਕਰਾਸਿੰਗ ਉੱਤੇ ਜ਼ਿਆਦਾਤਰ ਟਰੈਫ਼ਿਕ ਲਾਈਟਾਂ ਬੰਦ ਰਹਿੰਦੀਆਂ ਹਨ। ਫੇਜ਼-3ਬੀ2 ਅਤੇ ਫੇਜ਼-5 ਵਿੱਚ ਵੀ ਲੰਮੇ ਟਰੈਫ਼ਿਕ ਜਾਮ ਲੱਗ ਰਹੇ ਹਨ। ਐਮਰਜੈਂਸੀ ਹਾਲਤ ਵਿੱਚ ਕਿਸੇ ਮਰੀਜ਼ ਨੂੰ ਹਸਪਤਾਲ ਲੈ ਕੇ ਜਾਣਾ ਵੀ ਮੁਸ਼ਕਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਗਮਾਡਾ ਵੱਲੋਂ ਫੇਜ਼-7 ਤੋਂ ਫੇਜ਼-11 ਤੱਕ ਸੜਕ ਚੌੜੀ ਕੀਤੀ ਜਾ ਰਹੀ ਹੈ। ਇਸ ਕਰਕੇ ਇਸ ਪਾਸੇ ਜ਼ਿਆਦਾਤਰ ਟਰੈਫ਼ਿਕ ਲਾਈਟਾਂ ਬੰਦ ਪਈਆਂ ਹਨ। ਇਨ੍ਹਾਂ ਟਰੈਫ਼ਿਕ ਲਾਈਟਾਂ ਉੱਤੇ ਕੋਈ ਪੁਲੀਸ ਕਰਮਚਾਰੀ ਨਜ਼ਰ ਨਹੀਂ ਆਉਂਦਾ। ਉਨ੍ਹਾਂ ਮੰਗ ਕੀਤੀ ਕਿ ਇਸ ਸਮੱਸਿਆ ਦੇ ਹੱਲ ਲਈ ਵੱਖ-ਵੱਖ ਟਰੈਫ਼ਿਕ ਲਾਈਟਾਂ ਉੱਤੇ ਵਿਸ਼ੇਸ਼ ਟਾਸਕ ਫੋਰਸ ਲਾਈ ਜਾਵੇ ਤਾਂ ਜੋ ਲੋਕਾਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ।