ਸਹਿਕਾਰੀ ਸਭਾਵਾਂ ’ਚ ਭੇਜੀ ਖਾਦ ਦੀ ਜਾਂਚ ਮੰਗੀ
ਪੱਤਰ ਪ੍ਰੇਰਕ
ਪਾਤੜਾਂ, 20 ਜੂਨ
ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਸਤਨਾਮ ਸਿੰਘ ਬਹਿਰੂ ਨੇ ਲੋਕ ਸਭਾ ਚੋਣਾਂ ਦੌਰਾਨ ਮਾਰਕਫੈੱਡ ਵੱਲੋਂ ਗ਼ੈਰਮਿਆਰੀ ਡੀਏਪੀ ਖਾਦ ਕੋਆਪਰੇਟਿਵ ਸੁਸਾਇਟੀਆਂ ਰਾਹੀਂ ਵੇਚ ਕੇ ਕਰੋੜਾਂ ਰੁਪਏ ਕਮਾਉਣ ਦੇ ਦੋਸ਼ ਲਾਏ ਹਨ।
ਉਨ੍ਹਾਂ ਕਿਹਾ ਕਿ ਮੱਧਿਆ ਭਾਰਤ ਐਗਰੋ ਪ੍ਰੋਡਕਟਸ ਲਿਮਟਿਡ ਵੱਲੋਂ ਤਿਆਰ ਕੀਤੀ ਕਥਿਤ ਘਟੀਆ ਕਿਸਮ ਦੀ ਖਾਦ ਪਹਿਲਾਂ ਤੋਂ ਕਰਜ਼ੇ ਦੀ ਮਾਰ ਝੱਲਦੇ ਕਿਸਾਨਾਂ ਨੂੰ ਵੇਚ ਕੇ ਉਨ੍ਹਾਂ ਨੂੰ ਆਰਥਿਕ ਨੁਕਸਾਨ ਪਹੁੰਚਾਇਆ ਹੈ। ਉਨ੍ਹਾਂ ਉਕਤ ਖਾਦ ਦੀ ਵਿਕਰੀ ਕਰਵਾਉਣ ਵਿੱਚ ਖੇਤੀਬਾੜੀ ਵਿਭਾਗ ਦੇ ਉੱਚ ਅਧਿਕਾਰੀਆਂ ਦਾ ਹੱਥ ਹੋਣ ਦਾ ਖਦਸ਼ਾ ਜ਼ਾਹਿਰ ਕੀਤਾ ਹੈ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਖਾਦ ਘੁਟਾਲੇ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦੇ ਰੋਲ ਦੀ ਪੜਤਾਲ ਕਰਵਾਈ ਜਾਵੇ।
ਕੰਪਨੀ ਨੂੰ ਕਾਰਨ ਦੱਸੋ ਨੋਟਿਸ ਭੇਜਿਆ ਹੈ: ਡਾਇਰੈਕਟਰ
ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਨੇ ਕਿਹਾ ਹੈ ਕਿ ਖਾਦ ਦੀ ਵਿਕਰੀ ਬੰਦ ਕਰਕੇ ਸਹਿਕਾਰੀ ਸਭਾਵਾਂ ਸਮੇਤ ਕੰਪਨੀ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਹੈ ਕਿ ਸਿਰਫ ਮੁਹਾਲੀ ਜ਼ਿਲ੍ਹੇ ਦੇ ਸੈਂਪਲ ਫੇਲ੍ਹ ਹੋਏ ਹਨ। ਕੁਝ ਹੋਰ ਥਾਵਾਂ ਤੋਂ ਲਏ ਸੈਂਪਲਾਂ ਦੀ ਰਿਪੋਰਟ ਆਉਣੀ ਬਾਕੀ ਹੈ।