ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਨੀਮ-ਖੁਸ਼ਕ ਖੇਤਰ ਦੇ ਬਾਗਾਂ ’ਚ ਖਾਦ ਪ੍ਰਬੰਧ

10:27 AM Dec 30, 2023 IST

ਸੁਖਵਿੰਦਰ ਸਿੰਘ, ਚੇਤਕ ਬਿਸ਼ਨੋਈ ਅਤੇ ਅੰਗਰੇਜ ਸਿੰਘ
ਫਲਾਂ ਦੀ ਕਾਸ਼ਤ ਨਾ ਸਿਰਫ਼ ਖੇਤੀ ਵਿਭਿੰਨਤਾ ਲਈ ਸਗੋਂ ਮੁਨੱਖੀ ਸਿਹਤ ਅਤੇ ਖੇਤੀ ਆਰਥਿਕ ਸਥਿਰਤਾ ਲਈ ਵੀ ਲਾਜ਼ਮੀ ਹੈ ਪਰ ਫਲਾਂ ਦੀ ਕਾਸ਼ਤ ਤੋਂ ਪੂਰਾ ਲਾਹਾ ਲੈਣ ਲਈ ਪੌਦਿਆਂ ਦੀ ਖ਼ੁਰਾਕ-ਵਿਉਂਤਬੰਦੀ ਵੱਲ ਤਵੱਜੋਂ ਦੇਣ ਦੀ ਬੜੀ ਲੋੜ ਹੁੰਦੀ ਹੈ। ਫਲਦਾਰ ਪੌਦਿਆਂ ਲਈ ਖ਼ੁਰਾਕੀ ਤੱਤਾਂ ਦੀ ਲੋੜ ਮਿੱਟੀ ਦੀ ਕਿਸਮ, ਜਲਵਾਯੂ, ਕਾਸ਼ਤਕਾਰੀ ਤਕਨੀਕ, ਫੁੱਲ ਅਤੇ ਫਲ ਲੱਗਣ ਦੇ ਸਮੇਂ ਆਦਿ ’ਤੇ ਨਿਰਭਰ ਕਰਦੀ ਹੈ, ਇਸ ਲਈ ਫਲਦਾਰ ਪੌਦਿਆਂ ਨੂੰ ਲੰਬੇ ਸਮੇਂ ਤੱਕ ਸਿਹਤਮੰਦ ਰੱਖਣ ਦੇ ਨਾਲ ਨਾਲ ਗੁਣਵੱਤਾ ਭਰਪੂਰ ਅਤੇ ਵਧੇਰੇ ਫਲ ਉਤਪਾਦਨ ਲੈਣ ਲਈ ਜੈਵਿਕ ਖਾਦ ਜਿਵੇਂ ਰੂੜੀ ਦੀ ਖਾਦ ਅਤੇ ਰਸਾਇਣਕ ਖਾਦਾਂ ਦੀ ਸੰਯੁਕਤ ਵਰਤੋਂ ਵਧੇਰੇ ਲਾਭਦਾਇਕ ਹੋ ਸਕਦੀ ਹੈ।
ਰੂੜੀ ਦੀ ਖਾਦ: ਦੇਸੀ ਰੂੜੀ ਦੀ ਖਾਦ ਦਾ ਜ਼ਮੀਨ ਦੀਆਂ ਭੌਤਿਕ-ਰਸਾਇਣਕ ਪ੍ਰਤੀਕਿਰਿਆਵਾਂ ਸੰਚਾਲਤ ਕਰਨ ਵਿੱਚ ਅਹਿਮ ਰੋਲ ਹੁੰਦਾ ਹੈ। ਇਸ ਨਾਲ ਜ਼ਮੀਨ ਵਿੱਚ ਸੂਖਮ ਜੀਵ ਕਿਰਿਆਵਾਂ ਗਤੀਸ਼ੀਲ ਹੁੰਦੀਆਂ ਹਨ ਜਿਸ ਨਾਲ ਪੌਦੇ ਦੀਆਂ ਜੜਾਂ ਦੁਆਲੇ ਹਵਾਖੋਰੀ ਅਤੇ ਨਮੀ ਬਰਕਰਾਰ ਰਹਿਣ ਕਰ ਕੇ, ਖ਼ਾਸ ਕਰ ਕੇ ਖੁਸ਼ਕ ਖੇਤਰਾਂ ਵਿੱਚ ਖ਼ੁਰਾਕੀ ਤੱਤਾਂ ਦੀ ਉਪਲੱਭਤ ਮਾਤਰਾ ਪੌਦੇ ਤੱਕ ਲਗਾਤਾਰ ਪਹੁੰਚਣ ਵਿੱਚ ਸੌਖ ਰਹਿੰਦੀ ਹੈ, ਨਤੀਜੇ ਵਜੋਂ ਫਲਦਾਰ ਪੌਦੇ ਲੰਬੇ ਸਮੇਂ ਤੱਕ ਚੰਗੀ ਗੁਣਵੱਤਾ ਵਾਲਾ ਵਾਧੂ ਝਾੜ ਦੇ ਸਕਦੇ ਹਨ। ਪ੍ਰਚੱਲਿਤ ਧਾਰਨਾ ਕਿ ‘ਰੂੜੀ ਦੀ ਵਰਤੋਂ ਇੱਕ ਸਾਲ ਛੱਡ ਕੇ ਕੀਤੀ ਜਾ ਸਕਦੀ ਹੈ’ ਦੀ ਬਜਾਇ ਬਾਗਾਂ ਨੂੰ ਰੂੜੀ ਦੀ ਖਾਦ ਹਰ ਸਾਲ ਪਾਉਣੀ ਚਾਹੀਦੀ ਹੈ। ਰੂੜੀ ਦੀ ਖਾਦ ਬਾਗ ਦੀ ਉਮਰ ਦੇ ਹਿਸਾਬ ਨਾਲ ਸਿਫ਼ਾਰਸ਼ ਕੀਤੀ ਮਾਤਰਾ, ਅਮਰੂਦ ਅਤੇ ਬੇਰ ਨੂੰ ਮਾਰਚ-ਅਪਰੈਲ ਮਹੀਨੇ ਜਦੋਂਕਿ ਬਾਕੀ ਫਲ਼ਦਾਰ ਬੂਟਿਆਂ ਨੂੰ ਦਸੰਬਰ ਮਹੀਨੇ ਪਾਉਣੀ ਚਾਹੀਦੀ ਹੈ।
ਨਾਈਟ੍ਰੋਜਨ: ਨਾਈਟ੍ਰੋਜਨ ਤੱਤ ਲਈ ਯੂਰੀਆ ਖਾਦ ਨਿੰਬੂ ਜਾਤੀ ਅਤੇ ਹੋਰ ਪੱਤਝੜੀ ਪੌਦਿਆਂ ਲਈ ਦੋ ਕਿਸ਼ਤਾਂ- ਪਹਿਲੀ ਫਰਵਰੀ ਅਤੇ ਦੂਜੀ ਅਪਰੈਲ ਵਿੱਚ ਪਾਉ ਜਦੋਂਕਿ ਅਮਰੂਦ ਅਤੇ ਬੇਰ ਲਈ ਨਾਈਟ੍ਰੋਜਨ ਵਾਲੀ ਖਾਦ ਦੀ ਪਹਿਲੀ ਕਿਸ਼ਤ ਮਈ-ਜੂਨ ਅਤੇ ਦੂਜੀ ਸਤੰਬਰ-ਅਕਤੂਬਰ ਵਿੱਚ ਪਾ ਦਿਉ।
ਫਾਸਫੋਰਸ: ਫਾਸਫੋਰਸ ਤੱਤ ਲਈ ਖਾਦ ਡੀਏਪੀ ਵਰਤੀ ਜਾ ਸਕਦੀ ਹੈ ਪਰ ਸਿੰਗਲ ਸੁਪਰ ਫਾਸਫੇਟ ਨੂੰ ਤਰਜੀਹ ਦੇਣ ਨਾਲ ਪੌਦਿਆਂ ਨੂੰ ਕੈਲਸ਼ੀਅਮ ਅਤੇ ਸਲਫਰ ਤੱਤ ਲਈ ਮਿਲ ਜਾਂਦੇ ਹਨ। ਫਾਸਫੇਟ ਖਾਦ ਦੀ ਸਿਫ਼ਾਰਸ਼ ਕੀਤੀ ਮਾਤਰਾ ਨਾਈਟ੍ਰੋਜਨ ਵਾਲੀ ਖਾਦ ਦੀ ਪਹਿਲੀ ਕਿਸ਼ਤ ਦੇ ਨਾਲ ਹੀ ਪਾ ਦੇਣੀ ਚਾਹੀਦੀ ਹੈ।
ਪੋਟਾਸ਼ੀਅਮ: ਪੋਟਾਸ਼ੀਅਮ ਦੀ ਪੂਰਤੀ ਲਈ ਮਿਉਰੇਟ ਆਫ ਪੋਟਾਸ਼ ਦੀ ਲੋੜੀਂਦੀ ਮਾਤਰਾ ਯੂਰੀਆ ਖਾਦ ਦੀ ਪਹਿਲੀ ਕਿਸ਼ਤ ਦੇ ਨਾਲ ਹੀ ਪਾ ਦਿਉ। ਆਰਥਿਕ ਫ਼ਾਇਦੇਮੰਦੀ ਲਈ ਪੋਟਾਸ਼ ਖਾਦ ਦੀ ਵਰਤੋਂ ਮਿੱਟੀ ਪਰਖ ਰਿਪੋਰਟ ਦੇ ਆਧਾਰ ’ਤੇ ਹੀ ਕਰੋ।
ਪਰ ਪੋਟਾਸ਼ੀਅਮ ਨਾਈਟ੍ਰੇਟ (13:0:45) ਦਾ ਛਿੜਕਾਅ ਕਰ ਕੇ ਫਲ਼ਾਂ ਦੀ ਗੁਣਵੱਤਾ ਵਧਦੀ ਹੈ, ਭਾਰ ਵਧਣ ਸਦਕਾ ਝਾੜ ਵਧਦਾ ਹੈ ਅਤੇ ਇਸ ਦੀ ਵਰਤੋਂ ਧੁੰਦ ਤੇ ਧੂੰਏਂ ਵਾਲੇ ਮੌਸਮ (ਅਕਤੂਬਰ-ਨਵੰਬਰ ਮਹੀਨੇ) ਦੌਰਾਨ ਫਲਦਾਰ ਪੌਦਿਆਂ, ਖਾਸ ਕਰ ਕੇ ਕਿੰਨੂ ਲਈ ਬਹੁਤ ਲਾਭਦਾਇਕ ਹੁੰਦੀ ਹੈ। ਕਿੰਨੂ ਉੱਪਰ ਪੋਟਾਸ਼ੀਅਮ ਨਾਈਟ੍ਰੇਟ ਦਾ ਛਿੜਕਾਅ 10 ਗਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਮਈ, ਜੂਨ ਅਤੇ ਜੁਲਾਈ ਵਿੱਚ ਕਰੋ ਜਦੋਂਕਿ ਅਮਰੂਦ ਉੱਪਰ ਇਸ ਦਾ ਛਿੜਕਾਅ 20 ਗਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਅਗਸਤ ਮਹੀਨੇ ਫਲ ਪੈਣ ਤੋਂ ਬਾਅਦ ਅਤੇ ਦੁਬਾਰਾ ਸਤੰਬਰ ਮਹੀਨੇ ਵਿੱਚ ਕਰੋ। ਬੇਰਾਂ ਲਈ ਪੋਟਾਸ਼ੀਅਮ ਨਾਈਟ੍ਰੇਟ ਦਾ ਛਿੜਕਾਅ 15 ਗਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਅੱਧ ਨਵੰਬਰ ਅਤੇ ਅੱਧ ਜਨਵਰੀ ਵਿੱਚ ਕਰੋ।
ਲਘੂ ਤੱਤਾਂ ਦੀ ਕਮੀ ਦੀ ਪੂਰਤੀ: ਫਲਦਾਰ ਬੂਟਿਆਂ ਵਿੱਚ ਲਘੂ ਤੱਤਾਂ ਦੀ ਕਮੀ ਨਾਲ ਪੱਤਿਆਂ ਦਾ ਹਰਾ ਰੰਗ ਖ਼ਰਾਬ ਹੋ ਜਾਂਦਾ ਹੈ ਅਤੇ ਆਕਾਰ ਛੋਟਾ ਰਹਿ ਜਾਂਦਾ ਹੈ ਜਿਸ ਕਰ ਕੇ ਝਾੜ ਘਟ ਜਾਂਦਾ ਹੈ। ਗੰਭੀਰ ਸਥਿਤੀ ਵਿੱਚ ਬੂਟੇ ਮਰ ਜਾਂਦੇ ਹਨ ਅਤੇ ਵਿੱਤੀ ਨੁਕਸਾਨ ਸਹਿਣ ਕਰਨਾ ਪੈਂਦਾ ਹੈ। ਇਸ ਲਈ ਹਲਕੀਆਂ, ਖਾਰੀਆਂ ਜ਼ਮੀਨਾਂ ਵਿੱਚ ਨਿੰਬੂ ਜਾਤੀ ਅਤੇ ਅਮਰੂਦ ਦੀ ਕਾਸ਼ਤ ਸਮੇਂ ਲਘੂ ਤੱਤਾਂ ਦੀ ਪੂਰਤੀ ਵੱਲ ਬਹੁਤ ਧਿਆਨ ਦੇਣ ਦੀ ਲੋੜ ਹੈ।
ਅਮਰੂਦ ਵਿੱਚ ਜ਼ਿੰਕ ਦੀ ਕਮੀ ਦੂਰ ਕਰਨ ਲਈ 10 ਗ੍ਰਾਮ ਜਿੰਕ ਸਲਫੇਟ ਪ੍ਰਤੀ ਲਿਟਰ ਪਾਣੀ ਅਤੇ ਅਣਬੁਝਿਆ ਚੂਨਾ 5 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਘੋਲ ਨੂੰ ਮਿਲਾ ਕੇ, ਪੰਦਰਾ ਦਿਨਾਂ ਦੇ ਅੰਤਰਾਲ ’ਤੇ ਜੂਨ ਤੋਂ ਸਤੰਬਰ ਤੱਕ 2-3 ਛਿੜਕਾਅ ਕਰੋ। ਨਿੰਬੂ ਜਾਤੀ ਦੇ ਫਲਾਂ ਲਈ ਜ਼ਿੰਕ ਸਲਫੇਟ 4.7 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ, ਚੂਨੇ ਦੀ ਵਰਤੋਂ ਬਿਨਾਂ, ਅੱਧ ਅਪਰੈਲ ਅਤੇ ਅੱਧ ਅਗਸਤ ਵਿੱਚ ਕਰੋ।
ਨਿੰਬੂ ਜਾਤੀ ਦੇ ਪੌਦਿਆਂ ਵਿੱਚ ਮੈਂਗਨੀਜ਼ ਦੀ ਘਾਟ ਦੂਰ ਕਰਨ ਲਈ ਮੈਂਗਨੀਜ਼ ਸਲਫੇਟ ਦਾ 3.3 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਦੋ ਛਿੜਕਾਅ ਪਹਿਲਾ ਅਪਰੈਲ ਅਤੇ ਦੂਜਾ ਸਤੰਬਰ ਵਿੱਚ ਕਰੋ।
ਧਿਆਨ ਰਹੇ ਕਿ ਬੋਰਡੋ ਮਿਕਸਰ ਅਤੇ ਜ਼ਿੰਕ ਸਲਫੇਟ ਜਾਂ ਮੈਂਗਨੀਜ਼ ਸਲਫੇਟ ਦੇ ਛਿੜਕਾਅ ਦਰਮਿਆਨ ਘੱਟੋ-ਘੱਟ ਇੱਕ ਹਫ਼ਤੇ ਦਾ ਅੰਤਰ ਜ਼ਰੂਰ ਹੋਵੇ।

Advertisement

Advertisement
Advertisement