ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਫਿਰੋਜ਼ਪੁਰ: ਅੱਠ ਮਹੀਨਿਆਂ ’ਚ ਚੌਥੀ ਵਾਰ ਸੜੀ ਵਾਟਰ ਸਪਲਾਈ ਦੀ ਮੋਟਰ

08:57 AM Sep 04, 2024 IST
ਗਾਂਧੀ ਨਗਰ ਇਲਾਕੇ ਦਾ ਬੰਦ ਪਿਆ ਸਰਕਾਰੀ ਵਾਟਰ ਪੰਪ।

ਸੰਜੀਵ ਹਾਂਡਾ
ਫ਼ਿਰੋਜ਼ਪੁਰ, 3 ਸਤੰਬਰ
ਇਥੇ ਗਾਂਧੀ ਨਗਰ ਇਲਾਕੇ ਦੇ ਲੋਕ ਅੱਠ ਮਹੀਨਿਆਂ ’ਚ ਚੌਥੀ ਵਾਰ ਸਰਕਾਰੀ ਵਾਟਰ ਸਪਲਾਈ ਦੇ ਪੰਪ ਦੀ ਮੋਟਰ ਸੜਨ ਕਾਰਨ ਨਿਰਾਸ਼ ਹਨ। ਇਸ ਸਬੰਧੀ ਇੱਕ ਵਿਅਕਤੀ ਨੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਮੁੱਖ ਸਕੱਤਰ ਪੰਜਾਬ ਨੂੰ ਈ-ਮੇਲ ਰਾਹੀਂ ਸ਼ਿਕਾਇਤ ਭੇਜ ਕੇ ਠੇਕੇਦਾਰ, ਸਬੰਧਤ ਜੇਈ ਅਤੇ ਐੱਸਡੀੳ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਸ਼ਹਿਰ ਦੀ ਮਾਲ ਰੋਡ ’ਤੇ ਸਥਿਤ ਇਸ ਇਲਾਕੇ ਵਿਚ ਅਕਸਰ ਸਰਕਾਰੀ ਮੋਟਰ ਸੜ ਜਾਂਦੀ ਹੈ। ਸ਼ਹਿਰ ਅੰਦਰ ਵਾਟਰ ਸਪਲਾਈ ਲਈ ਤਿੰਨ ਦਰਜਨ ਤੋਂ ਵੱਧ ਪੰਪ ਲੱਗੇ ਹੋਏ ਹਨ। ਮਹਿਕਮੇ ਵੱਲੋਂ ਇਨ੍ਹਾਂ ਮੋਟਰਾਂ ਦੀ ਮੁਰੰਮਤ ਅਤੇ ਫ਼ਿਟਿੰਗ ਦਾ ਕੰਮ ਇਥੋਂ ਦੇ ਇੱਕ ਪੁਰਾਣੇ ਠੇਕੇਦਾਰ ਨੂੰ ਦਿੱਤਾ ਹੋਇਆ ਹੈ ਜਿਸ ਨੂੰ ਹਰ ਮਹੀਨੇ ਇੱਕ ਲੱਖ ਰੁਪਏ ਦੀ ਅਦਾਇਗੀ ਕੀਤੀ ਜਾਂਦੀ ਹੈ। ਸ਼ਹਿਰ ਨਿਵਾਸੀਆਂ ਨੂੰ ਆਏ ਦਿਨ ਕਿਸੇ ਨਾ ਕਿਸੇ ਮੋਟਰ ਦੇ ਸੜਨ ਕਾਰਨ ਪਰੇਸ਼ਾਨੀ ਝੱਲਣੀ ਪੈਂਦੀ ਹੈ। ਲੋਕਾਂ ਦਾ ਦੋਸ਼ ਹੈ ਕਿ ਜਿਹੜੀ ਮੋਟਰ ਸੜ ਜਾਂਦੀ ਹੈ ਉਹ ਕਈ-ਕਈ ਦਿਨ ਠੀਕ ਨਹੀਂ ਕਰਵਾਈ ਜਾਂਦੀ। ਸ਼ਹਿਰ ਅੰਦਰ ਪਾਣੀ ਸਪਲਾਈ ਦੀਆਂ ਪਾਈਪਾਂ ਇੰਟਰਕੁਨੈੱਕਟ ਹੋਣ ਦੇ ਬਾਵਜੂਦ ਪ੍ਰਭਾਵਿਤ ਇਲਾਕਿਆਂ ਵਿਚ ਸੰਕਟ ਵੇਲੇ ਪਾਣੀ ਨਹੀਂ ਪਹੁੰਚਦਾ। ਪਿਛਲੇ ਦਿਨੀਂ ਸ਼ਹਿਰ ਦੇ ਲੋਕਾਂ ਵੱਲੋਂ ਜੇਈ ਅਤੇ ਐਸਡੀਓ ਖ਼ਿਲਾਫ਼ ਕਾਰਵਾਈ ਕੀਤੇ ਜਾਣ ਦੀ ਸ਼ਿਕਾਇਤ ਵੀ ਕੀਤੀ ਗਈ ਸੀ। ਗਾਂਧੀ ਨਗਰ ਇਲਾਕੇ ਦੀ ਮੋਟਰ ਪਹਿਲਾਂ ਇਸੇ ਸਾਲ ਫ਼ਰਵਰੀ ਮਹੀਨੇ ਵਿਚ ਸੜ ਗਈ ਸੀ ਤੇ ਫਿਰ ਅਪਰੈਲ ਮਹੀਨੇ ਸੜੀ ਗਈ ਸੀ ਜਿਸ ਕਾਰਨ ਕਈ ਦਿਨ ਤੱਕ ਲੋਕਾਂ ਨੂੰ ਪਾਣੀ ਦੀ ਕਿੱਲਤ ਦਾ ਸਾਹਮਣਾ ਕਰਨਾ ਪਿਆ ਸੀ। ਇਸ ਮਗਰੋਂ 24 ਜੁਲਾਈ ਨੂੰ ਫ਼ਿਰ ਇਹ ਮੋਟਰ ਸੜ ਗਈ ਹੈ। ਨਵੀਂ ਮੋਟਰ ਪਾਈ ਨੂੰ ਅਜੇ ਡੇਢ ਮਹੀਨਾ ਵੀ ਨਹੀਂ ਹੋਇਆ ਕਿ ਅੱਜ ਫ਼ਿਰ ਇਹ ਮੋਟਰ ਜਵਾਬ ਦੇ ਗਈ। ਮੰਗਲਵਾਰ ਨੂੰ ਪੂਰਾ ਦਿਨ ਇਸ ਇਲਾਕੇ ਵਿਚ ਪਾਣੀ ਨਹੀਂ ਆਇਆ। ਇਸ ਇਲਾਕੇ ਦੇ ਰਹਿਣ ਵਾਲੇ ਸੰਜੀਵ ਕੁਮਾਰ ਨੇ ਮਹਿਕਮੇ ਦੇ ਉਚ ਅਧਿਕਾਰੀਆਂ ਸਮੇਤ ਮੁੱਖ ਮੰਤਰੀ ਅਤੇ ਮੁੱਖ ਸਕੱਤਰ ਨੂੰ ਈਮੇਲ ਰਾਹੀਂ ਸ਼ਿਕਾਇਤ ਭੇਜ ਕੇ ਕਾਰਵਾਈ ਦੀ ਮੰਗ ਕੀਤੀ ਹੈ। ਮਹਿਕਮੇ ਦੇ ਕੁਝ ਮੁਲਾਜ਼ਮਾਂ ਨੇ ਦੱਸਿਆ ਕਿ ਵਾਟਰ ਸਪਲਾਈ ਦੇ ਪੰਪਾਂ ਦੀਆਂ ਜ਼ਿਆਦਾਤਰ ਮੋਟਰਾਂ ਪੁਰਾਣੀਆਂ ਤੇ ਕੰਡਮ ਹੋ ਚੁੱਕੀਆਂ ਹਨ। ਅਧਿਕਾਰੀਆਂ ਵੱਲੋਂ ਕਈ ਵਾਰ ਨਵੀਆਂ ਮੋਟਰਾਂ ਦੇਣ ਦੀ ਮੰਗ ਭੇਜੀ ਜਾ ਚੁੱਕੀ ਹੈ ਪਰ ਸਰਕਾਰ ਵੱਲੋਂ ਨਵੀਆਂ ਮੋਟਰਾਂ ਨਹੀਂ ਭੇਜੀਆਂ ਜਾ ਰਹੀਆਂ ਜਿਸ ਕਰਕੇ ਇਹ ਪਰੇਸ਼ਾਨੀ ਆ ਰਹੀ ਹੈ।

Advertisement

ਪੰਜ ਨਵੀਆਂ ਮੋਟਰਾਂ ਆ ਗਈਆਂ ਹਨ: ਐੱਸਡੀਓ

ਐੱਸਡੀਓ ਗੁਲਸ਼ਨ ਕੁਮਾਰ ਦਾ ਕਹਿਣਾ ਸੀ ਕਿ ਸ਼ਹਿਰ ਵਾਸਤੇ ਨਵੀਆਂ ਪੰਜ ਮੋਟਰਾਂ ਆ ਰਹੀਆਂ ਹਨ ਜਿਸ ਤੋਂ ਬਾਅਦ ਕੰਡਮ ਮੋਟਰਾਂ ਨੂੰ ਬਦਲ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨਵੀਆਂ ਮੋਟਰਾਂ ਲੱਗਣ ਪਿਛੋਂ ਲੋਕਾਂਂ ਨੂੰ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਵੇਗਾ।

Advertisement
Advertisement