ਫਿਰੋਜ਼ਪੁਰ ਤੀਹਰਾ ਕਤਲ: ਇੱਕ ਹੋਰ ਮੁਲਜ਼ਮ ਗ੍ਰਿਫ਼ਤਾਰ; ਦੋ ਪਿਸਤੌਲ ਬਰਾਮਦ
ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 17 ਅਗਸਤ
ਕਾਊਂਟਰ ਇੰਟੈਲੀਜੈਂਸ (ਸੀਆਈ) ਬਠਿੰਡਾ ਨੇ ਸ੍ਰੀ ਮੁਕਤਸਰ ਸਾਹਿਬ ਪੁਲੀਸ ਨਾਲ ਸਾਂਝੇ ਆਪ੍ਰੇਸ਼ਨ ਤਹਿਤ ਫਿਰੋਜ਼ਪੁਰ ਤੀਹਰੇ ਕਤਲ ਕਾਂਡ ਵਿੱਚ ਸ਼ਾਮਲ ਇੱਕ ਹੋਰ ਅਹਿਮ ਮੁਲਜ਼ਮ ਲਵਜੀਤ ਸਿੰਘ ਉਰਫ਼ ਲਾਭਾ ਵਾਸੀ ਸ੍ਰੀ ਮੁਕਤਸਰ ਸਾਹਿਬ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਡੀਜੀਪੀ ਗੌਰਵ ਯਾਦਵ ਨੇ ਦਿੱਤੀ। ਇਹ ਕਾਰਵਾਈ, ਐਂਟੀ ਗੈਂਗਸਟਰ ਟਾਸਕ ਫੋਰਸ ਵੱਲੋਂ 31 ਜੁਲਾਈ, 2024 ਨੂੰ ਫਿਰੋਜ਼ਪੁਰ ਵਿੱਚ ਹੋਈਆਂ ਤਿੰਨ ਤਾਜ਼ਾ ਹੱਤਿਆਵਾਂ ਨੂੰ ਅੰਜ਼ਾਮ ਦੇਣ ਵਾਲੇ ਮਾਸਟਰਮਾਈਂਡ ਸੁਨੀਲ ਭੰਡਾਰੀ ਉਰਫ਼ ਨਾਟਾ ਸਣੇ ਪੰਜ ਵਿਅਕਤੀਆਂ ਦੀ ਗ੍ਰਿਫਤਾਰੀ ਤੋਂ ਬਾਅਦ ਅਮਲ ਵਿੱਚ ਲਿਆਂਦੀ ਗਈ ਹੈ। ਡੀਜੀਪੀ ਨੇ ਦੱਸਿਆ ਕਿ ਮੁਲਜ਼ਮ ਲਵਜੀਤ ਸਿੰਘ, ਜੋ ਕਿ ਗੈਂਗਸਟਰ ਸੁਨੀਲ ਭੰਡਾਰੀ ਉਰਫ਼ ਨਾਟਾ ਦਾ ਮੁੱਖ ਸਾਥੀ ਹੈ, ਨੇ ਕਤਲ ਮਗਰੋਂ ਉਸ ਨੂੰ ਅਤੇ ਉਸ ਦੇ ਸਾਥੀਆਂ ਨੂੰ ਪਨਾਹ ਦਿੱਤੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਲਵਜੀਤ ਲਾਭਾ ਦੇ ਕਬਜ਼ੇ ’ਚੋਂ .30 ਬੋਰ ਦਾ ਪਿਸਤੌਲ ਅਤੇ .32 ਬੋਰ ਦਾ ਪਿਸਤੌਲ, ਚਾਰ ਕਾਰਤੂਸ ਵੀ ਮਿਲੇ ਹਨ। ਏਆਈਜੀ ਸੀਆਈ ਬਠਿੰਡਾ ਅਵਨੀਤ ਕੌਰ ਸਿੱਧੂ ਨੇ ਦੱਸਿਆ ਕਿ ਮੁਸਤੈਦੀ ਨਾਲ ਕਾਰਵਾਈ ਕਰਦੇ ਹੋਏ, ਸੀਆਈਏ ਬਠਿੰਡਾ ਦੀਆਂ ਪੁਲੀਸ ਟੀਮਾਂ ਨੇ ਸ੍ਰੀ ਮੁਕਤਸਰ ਸਾਹਿਬ ਪੁਲੀਸ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਮੁਲਜ਼ਮ ਲਵਜੀਤ ਸਿੰਘ ਨੂੰ ਪਿੰਡ ਈਨਾ ਖੇੜਾ ਦੇ ਸੂਏ ਦੇ ਪੁਲ ਨੇੜਿਓਂ ਕਾਬੂ ਕੀਤਾ।