ਫਿਰੋਜ਼ਪੁਰ: ਮੌਨਸੂਨ ਦੇ ਭਰਵੇਂ ਮੀਂਹ ਨਾਲ ਗਰਮੀ ਤੋਂ ਰਾਹਤ
ਸੰਜੀਵ ਹਾਂਡਾ
ਫ਼ਿਰੋਜ਼ਪੁਰ, 5 ਜੁਲਾਈ
ਜ਼ਿਲ੍ਹੇ ਅੰਦਰ ਭਰਵੇਂ ਮੀਂਹ ਨਾਲ ਲੋਕਾਂ ਨੂੰ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਹੁੰਮਸ ਭਰੀ ਗਰਮੀ ਤੋਂ ਰਾਹਤ ਮਿਲੀ ਹੈ। ਮੌਸਮ ਵਿਭਾਗ ਅਨੁਸਾਰ ਅਗਲੇ ਤਿੰਨ-ਚਾਰ ਦਿਨ ਮੀਂਹ ਨਾਲ ਲੋਕਾਂ ਨੂੰ ਗਰਮੀ ਤੋਂ ਹੋਰ ਰਾਹਤ ਮਿਲਦੀ ਰਹੇਗੀ। ਜਾਣਕਾਰੀ ਅਨੁਸਾਰ ਜ਼ਿਲ੍ਹੇ ਵਿੱਚ ਅੱਜ 22 ਐੱਮਐੱਮ ਮੀਂਹ ਪੈਣ ਨਾਲ ਨਗਰ ਕੌਂਸਲ ਦੇ ਪ੍ਰਬੰਧਾਂ ਦੀ ਪੋਲ ਖੁੱਲ੍ਹ ਗਈ। ਸ਼ਹਿਰ ਦੇ ਕਈ ਨੀਵੇਂ ਇਲਾਕੇ ਪਾਣੀ ਨਾਲ ਭਰ ਗਏ ਜਿਸ ਕਰਕੇ ਲੋਕਾਂ ਨੂੰ ਲੰਘਣਾ ਮੁਸ਼ਕਿਲ ਹੋ ਗਿਆ। ਦੁਪਹਿਰ ਤੱਕ ਲਗਾਤਾਰ ਮੀਂਹ ਦੇ ਚੱਲਦਿਆਂ ਬਾਜ਼ਾਰ ਵਿਚਲੀਆਂ ਦੁਕਾਨਾਂ ਵੀ ਦੇਰ ਨਾਲ ਖੁੱਲ੍ਹੀਆਂ। ਇਹੀ ਹਾਲ ਸਰਕਾਰੀ ਦਫ਼ਤਰਾਂ ਵਿਚ ਵੇਖਣ ਨੂੰ ਮਿਲਿਆ। ਜ਼ਿਆਦਾਤਰ ਦਫ਼ਤਰਾਂ ਵਿਚ ਮੁਲਾਜ਼ਮਾਂ ਦੀ ਹਾਜ਼ਰੀ ਬਹੁਤ ਘੱਟ ਰਹੀ। ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ ’ਤੇ ਵੀ ਅੱਜ ਦੇ ਮੀਂਹ ਦਾ ਭਾਰੀ ਅਸਰ ਵੇਖਣ ਨੂੰ ਮਿਲਿਆ। ਉਧਰ ਦੂਜੇ ਪਾਸੇ ਝੋਨੇ ਦੀ ਬਿਜਾਈ ਕਰਨ ਵਾਲੇ ਕਿਸਾਨਾਂ ਦੇ ਚਿਹਰਿਆਂ ’ਤੇ ਰੌਣਕ ਨਜ਼ਰ ਆਈ। ਝੋਨੇ ਦੀ ਬਿਜਾਈ ਤੋਂ ਬਾਅਦ ਕਿਸਾਨਾਂ ਨੂੰ ਇਨ੍ਹਾਂ ਦਿਨਾਂ ਵਿਚ ਮੀਂਹ ਦੀ ਬਹੁਤ ਲੋੜ ਰਹਿੰਦੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਅਗਲਾ ਇੱਕ ਹਫ਼ਤਾ ਉਨ੍ਹਾਂ ਨੂੰ ਪਾਣੀ ਦੀਆਂ ਮੋਟਰਾਂ ਚਲਾਉਣ ਦੀ ਹੁਣ ਲੋੜ ਨਹੀਂ ਪਵੇਗੀ। ਹਾਲਾਂਕਿ ਇਸ ਇਲਾਕੇ ਦੇ ਸਰਹੱਦੀ ਪਿੰਡਾਂ ਦੇ ਬਹੁਤ ਸਾਰੇ ਛੋਟੇ ਕਿਸਾਨ ਜੋ ਸਬਜ਼ੀਆਂ ਦੀ ਕਾਸ਼ਤ ’ਤੇ ਨਿਰਭਰ ਹਨ, ਉਹ ਕਿਸਾਨ ਨਿਰਾਸ਼ ਨਜ਼ਰ ਆ ਰਹੇ ਹਨ। ਗੱਟੀ ਰਾਜੋ ਕੀ, ਟੇਂਡੀ ਵਾਲਾ, ਬਾਰੇ ਕੇ ਆਦਿ ਪਿੰਡਾਂ ਤੋਂ ਸਬਜ਼ੀਆਂ ਲੈ ਕੇ ਆਉਣ ਵਾਲੇ ਕਿਸਾਨਾਂ ਦਾ ਕਹਿਣਾ ਹੈ ਕਿ ਇਸ ਮੀਂਹ ਨਾਲ ਸਬਜ਼ੀਆਂ ਦੀ ਫ਼ਸਲ ’ਤੇ ਮਾੜਾ ਅਸਰ ਪਵੇਗਾ, ਜਿਸ ਨਾਲ ਸਬਜ਼ੀਆਂ ਦੇ ਭਾਅ ਹੋਰ ਤੇਜ਼ ਹੋ ਜਾਣਗੇ।
ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ
ਸਿਰਸਾ (ਪ੍ਰਭੂ ਦਿਆਲ): ਇਥੇ ਲੰਘੀ ਦੇਰ ਰਾਤ ਪਏ ਦਰਮਿਆਨੇ ਮੀਂਹ ਨਾਲ ਕਿਸਾਨਾਂ ਨੂੰ ਕਾਫੀ ਫਾਇਦਾ ਹੋਇਆ ਹੈ। ਲੋਕਾਂ ਨੂੰ ਜਿਥੇ ਗਰਮੀ ਤੋਂ ਰਾਹਤ ਮਿਲੀ ਹੈ ਉਥੇ ਹੀ ਸ਼ਹਿਰ ਚੋਂ ਮੀਂਹ ਦੇ ਪਾਣੀ ਦੇ ਪ੍ਰਬੰਧ ਨਾ ਹੋਣ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਜਨਤਾ ਭਵਨ ਰੋਡ ਸਥਿਤ ਦੁਕਾਰਨਦਾਰਾਂ ਨੇ ਪਾਣੀ ਦੀ ਨਿਕਾਸੀ ਦੇ ਮਾੜੇ ਪ੍ਰਬੰਧਾਂ ਨੂੰ ਲੈ ਕੇ ਪ੍ਰਸ਼ਾਸਨ ਖ਼ਿਲਾਫ਼ ਜੋਰਦਾਰ ਨਾਅਰੇਬਾਜ਼ੀ ਕੀਤੀ।
ਇਸ ਮੌਕੇ ’ਤੇ ਦੁਕਾਨਦਾਰ ਲਖਵਿੰਦਰ ਸਿੰਘ ਲੱਖਾ ਨੇ ਦੱਸਿਆ ਕਿ ਥੋੜ੍ਹੇ ਜਿਹੇ ਮੀਂਹ ਪੈਣ ਨਾਲ ਇਥੋਂ ਦੇ ਲੋਕਾਂ ਲਈ ਵੱਡੀ ਮੁਸੀਬਤ ਖੜ੍ਹੀ ਹੋ ਜਾਂਦੀ ਹੈ। ਉਨ੍ਹਾਂ ਨੇ ਦੱਸਿਆ ਕਿ ਪ੍ਰਸ਼ਾਸਨਿਕ ਅਧਿਕਾਰੀ ਭਾਵੇਂ ਮੀਂਹ ਦੇ ਪਾਣੀ ਦੀ ਨਿਕਾਸੀ ਲਈ ਲੱਖਾਂ ਦਾਅਵੇ ਕਰ ਰਹੇ ਹਨ ਪਰ ਅਸਲੀਅਤ ਕੁਝ ਹੋਰ ਹੀ ਹੈ।
ਮੀਂਹ ਦਾ ਪਾਣੀ ਲੋਕਾਂ ਦੇ ਘਰਾਂ ਵਿੱਚ ਵੜਿਆ
ਪੱਖੋ ਕੈਂਚੀਆਂ (ਰੋਹਿਤ ਗੋਇਲ): ਪਿੰਡ ਚੀਮਾ ਵਿੱਚ ਨਵੀਂ ਬਣਾਈ ਸੜਕ ਦਾ ਲੈਵਲ ਸਹੀ ਨਾ ਹੋਣ ਕਾਰਨ ਮੀਂਹ ਦਾ ਪਾਣੀ ਲੋਕਾਂ ਦੇ ਘਰਾਂ ਵਿੱਚ ਵੜ੍ਹਨ ਲੱਗਿਆ, ਜਿਸ ਕਾਰਨ ਪਿੰਡ ਦੇ ਲੋਕਾਂ ਵਿੱਚ ਵਿਭਾਗ ਪ੍ਰਤੀ ਰੋਸ ਹੈ। ਇਸ ਸਬੰਧੀ ਆਜ਼ਾਦ ਕਲੱਬ ਚੀਮਾ ਦੇ ਖਜ਼ਾਨਚੀ ਲਖਵਿੰਦਰ ਸਿੰਘ ਸੀਰਾ, ਕੁਲਦੀਪ ਸਿੰਘ ਅਤੇ ਗੁਰਮੇਲ ਸਿੰਘ ਨੇ ਦੱਸਿਆ ਕਿ ਪਿੰਡ ਜੋਧਪੁਰ ਤੋਂ ਲੈ ਕੇ ਰਾਏਸਰ ਤੱਕ ਪ੍ਰਧਾਨ ਮੰਤਰੀ ਸੜਕ ਗ੍ਰਾਮੀਣ ਯੋਜਨਾ ਤਹਿਤ 18 ਫ਼ੁੱਟ ਚੌੜੀ ਸੜਕ ਬਣਾਈ ਗਈ ਹੈ। ਇਸ ਦੌਰਾਨ ਪਿੰਡ ਚੀਮਾ ਦੀ ਫਿਰਨੀ ਵੀ ਨਵੀਂ ਬਣੀ ਹੈ। ਪਰ ਵਿਭਾਗ ਨੇ ਬਿਨਾ ਕਿਸੇ ਲੈਵਲ ਦੇ ਸੜਕ ਬਣਾ ਦਿੱਤੀ। ਸੜਕ ਬਣਾਏ ਜਾਣ ਤੋਂ ਬਾਅਦ ਅੱਜ ਪਹਿਲੇ ਮੀਂਹ ਨੇ ਹੀ ਮਹਿਕਮੇ ਦੀ ਪੋਲ੍ਹ ਖੋਲ੍ਹ ਦਿੱਤੀ ਹੈ ਤੇ ਮੀਂਹ ਦਾ ਪਾਣੀ ਘਰਾਂ ਵਿੱਚ ਵੜ ਗਿਆ। ਇਸ ਦੌਰਾਨ ਇਸ ਦੀ ਵਿਜੀਲੈਂਸ ਵਿਭਾਗ ਤੋਂ ਜਾਂਚ ਮੰਗੀ ਹੈ। ਲੋਕ ਨਿਰਮਾਣ ਵਿਭਾਗ ਦੇ ਜੇਈ ਜਗਦੇਵ ਸਿੰਘ ਨੇ ਕਿਹਾ ਕਿ ਸੜਕ ਲਈ 6 ਇੰਚ ਪੱਥਰ ਅਤੇ 3 ਇੰਚ ਲੁੱਕ ਪਾਉਣ ਦੀ ਮਨਜ਼ੂਰੀ ਸੀ। ਉਨ੍ਹਾਂ ਕਿਹਾ ਕਿ ਜੇਕਰ ਫਿਰ ਵੀ ਕਿਸੇ ਜਗ੍ਹਾ ਸੜਕ ਉਪਰ ਪਾਣੀ ਦੀ ਸਮੱਸਿਆ ਆ ਰਹੀ ਹੈ, ਉਸਦੀ ਨਿਕਾਸੀ ਲਈ ਪੰਚਾਇਤ ਨੂੰ ਨਾਲ ਲੈ ਕੇ ਹੱਲ ਕੀਤਾ ਜਾਵੇਗਾ।