ਫੀਮੇਲ ਹੈਲਥ ਵਰਕਰਾਂ ਵੱਲੋਂ ਮੰਗਾਂ ਦੀ ਪੂਰਤੀ ਲਈ ਭੁੱਖ ਹੜਤਾਲ ਜਾਰੀ
ਸਰਬਜੀਤ ਸਿੰਘ ਭੰਗੂ
ਪਟਿਆਲਾ, 27 ਜੁਲਾਈ
ਮਲਟੀਪਰਪਜ਼ ਹੈਲਥ ਵਰਕਰਜ਼ ਯੂਨੀਅਨ (ਫੀਮੇਲ) ਵੱਲੋੋਂ ਆਪਣੀਆਂ ਮੰਗਾਂ ਦੀ ਪੂਰਤੀ ਲਈ ਇਥੇ ਸਿਵਲ ਸਰਜਨ ਦਫ਼ਤਰ ਅੱਗੇ ਸ਼ੁਰੂ ਕੀਤੀ ਗਈ ਲੜੀਵਾਰ ਭੁੱਖ ਹੜਤਾਲ਼ ਅੱਜ ਵੀ ਜਾਰੀ ਰਹੀ। ਜਿਸ ਦੌਰਾਨ ਪ੍ਰ੍ਰਾਇਮਰੀ ਹੈਲਥ ਸੈਂਟਰ ਕਾਲੋਮਾਜਰਾ ਨਾਲ਼ ਸਬੰਧਤ ਦਲਜੀਤ ਕੌਰ, ਸੰਦੀਪ ਕੌਰ, ਚਰਨਜੀਤ ਕੌਰ, ਭੁਪਿੰਦਰ ਕੌਰ, ਪਰਮਜੀਤ ਕੌਰ ਅਤੇ ਮੰਜੂ ਚੌਹਾਨ ਭੁੱਖ ਹੜਤਾਲ਼ ’ਤੇ ਬੈਠੀਆਂ। ਇਸ ਮੌਕੇ ’ਤੇ ਜਥੇਬੰਦੀ ਦੀ ਜ਼ਿਲ੍ਹਾ ਪ੍ਰਧਾਨ ਮੀਨਾ ਰਾਣੀ ਤੇ ਜ਼ਿਲ੍ਹਾ ਆਗੂ ਰਾਜਬੀਰ ਕੌਰ ਰਾਮਗੜ੍ਹ ਨੇ ਕਿਹਾ ਕਿ ਐੱਨਐੱਚਐੱਮ ਅਧੀਨ ਕੰਮ ਕਰ ਰਹੀਆਂ 2211 ਮਲਟੀਪਰਪਜ਼ ਹੈਲਥ ਵਰਕਰ ਫੀਮੇਲ ਨੂੰ ਪਹਿਲ ਦੇ ਆਧਾਰ ’ਤੇ ਪੱਕਾ ਕੀਤਾ ਜਾਵੇ। ਨਵ ਨਿਯੁਕਤ 1263 ਹੈਲਥ ਵਰਕਰਾਂ ਦਾ ਪਰਖ ਕਾਲ ਸਮਾਂ ਦੋ ਸਾਲ ਕੀਤਾ ਜਾਵੇ ਤੇ ਕਰੋਨਾ ਦੌਰਾਨ ਕੰਮ ਕਰਨ ਵਾਲ਼ੇ ਸਿਹਤ ਮੁਲਾਜ਼ਮਾਂ ਨੂੰ ਸਪੈਸ਼ਲ ਇਨਕਰੀਮੈਂਟ ਦਿੱਤਾ ਜਾਵੇ। ਉਨ੍ਹਾਂ ਦਾ ਕਹਿਣਾ ਸੀ ਕਿ ਜਥੇਬੰਦੀ ਦੀ ਸੂਬਾਈ ਲੀਡਰਸ਼ਿਪ ਵੱਲੋਂ ਲਏ ਗਏ ਫੈਸਲੇ ਤਹਿਤ ਜ਼ਿਲ੍ਹਾ ਹੈੱਡ ਕੁਆਟਰਰਾਂ ’ਤੇ 6 ਅਗਸਤ ਤੱਕ ਇਸੇ ਤਰ੍ਹਾਂ ਰੋਜ਼ਾਨਾ ਲੜੀਵਾਰ ਭੁੱਖ ਹੜਤਾਲ ਸਮੇਤ ਕੋਵਿਡ ਸਮੇਤ ਹੋਰ ਸਾਰੀਆਂ ਰਿਪੋਰਟ ਤਿਆਰ ਕਰਨ ਦਾ ਬਾਈਕਾਟ ਜਾਰੀ ਰਹੇਗਾ। ਜੇ ਛੇ ਅਗਸਤ ਤੱਕ ਉਨ੍ਹਾਂ ਦੀਆਂ ਮੰਗਾਂ ਦੀ ਪੂਰਤੀ ਨਾ ਹੋਈ ਤਾਂ ਜਥੇਬੰਦੀ ਵੱਲੋਂ ਮੁੱਖ ਮੰਤਰੀ ਦੇ ਪਟਿਆਲਾ ਸਥਿਤ ਨਿਵਾਸ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ, ਜਸਵਿੰਦਰ ਕੌਰ, ਕੁਲਦੀਪ ਕੌਰ, ਪਰਮਜੀਤ ਕੌਰ ਆਦਿ ਹਾਜ਼ਰ ਸਨ।