ਸੰਦੀਪ ਸਿੰਘ ’ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਾਉਣ ਵਾਲੀ ਮਹਿਲਾ ਕੋਚ ਮੁਅੱਤਲ
ਚੰਡੀਗੜ੍ਹ, 16 ਅਗਸਤ
ਹਰਿਆਣਾ ਦੇ ਮੰਤਰੀ ਸੰਦੀਪ ਸਿੰਘ ’ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਗਾਉਣ ਵਾਲੀ ਜੂਨੀਅਰ ਅਥਲੈਟਿਕਸ ਕੋਚ ਨੂੰ ਨਿਯਮਾਂ ਦੀ ਉਲੰਘਣਾ ਦੇ ਦੋਸ਼ ਹੇਠ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਹਰਿਆਣਾ ਦੇ ਖੇਡ ਨਿਰਦੇਸ਼ਕ ਯਸ਼ੇਂਦਰ ਸਿੰਘ ਵੱਲੋਂ 11 ਅਗਸਤ ਨੂੰ ਮੁਅੱਤਲੀ ਦੇ ਹੁਕਮ ਜਾਰੀ ਕੀਤੇ ਗਏ ਹਨ। ਹਾਲਾਂਕਿ ਇਸ ਵਿੱਚ ਮੁਅੱਤਲੀ ਦੇ ਕਾਰਨਾਂ ਦਾ ਜ਼ਿਕਰ ਨਹੀਂ ਕੀਤਾ ਗਿਆ।
ਸੂਤਰਾਂ ਅਨੁਸਾਰ ਮਹਿਲਾ ਕੋਚ ਨੂੰ ਕਥਿਤ ਅਨੁਸ਼ਾਸਨਹੀਣਤਾ ਅਤੇ ਸੇਵਾ ਆਚਰਨ ਨਿਯਮਾਂ ਦੀ ਉਲੰਘਣਾ ਦੇ ਦੋਸ਼ ਹੇਠ ਮੁਅੱਤਲ ਕਰ ਦਿੱਤਾ ਗਿਆ ਹੈ। ਹੁਕਮਾਂ ਅਨੁਸਾਰ, ‘‘ਜੂਨੀਅਰ ਅਥਲੈਟਿਕਸ ਕੋਚ ਦੀਆਂ ਸੇਵਾਵਾਂ ਤੁਰੰਤ ਪ੍ਰਭਾਵ ਨਾਲ ਮੁਅੱਤਲ ਕੀਤੀਆਂ ਜਾਂਦੀਆਂ ਹਨ।’’ ਇਸ ਦੌਰਾਨ ਉਹ ਗੁਜ਼ਾਰਾ ਭੱਤੇ ਦੀ ਹੱਕਦਾਰ ਹੈ।
ਉਧਰ ਮਹਿਲਾ ਕੋਚ ਨੇ ਦੋਸ਼ ਲਾਇਆ ਕਿ ਪਿਛਲੇ ਕੁਝ ਮਹੀਨਿਆਂ ਤੋਂ ਉਸ ’ਤੇ ਦਬਾਅ ਪਾਇਆ ਜਾ ਰਿਹਾ ਹੈ। ਉਸ ਨੇ ਕਿਹਾ ਕਿ ਜੇ ਉਸ ਦੀਆਂ ਸੇਵਾਵਾਂ ਖ਼ਤਮ ਵੀ ਕਰ ਦਿੱਤੀਆਂ ਜਾਂਦੀਆਂ ਹਨ ਤਾਂ ਵੀ ਉਹ ਸੰਘਰਸ਼ ਜਾਰੀ ਰੱਖੇਗੀ। ਮਹਿਲਾ ਕੋਚ ਨੇ ਕਿਹਾ ਕਿ ਉਹ ਇਸ ‘ਅਣਉਚਿਤ ਮੁਅੱਤਲੀ’ ਦੇ ਫ਼ੈਸਲੇ ਖ਼ਿਲਾਫ਼ ਅਦਾਲਤ ਜਾਣ ਬਾਰੇ ਵਿਚਾਰ ਕਰ ਰਹੀ ਹੈ। ਜਦੋਂ ਉਸ ਕੋਲੋਂ ਪੁੱਛਿਆ ਗਿਆ ਕਿ ਉਸ ’ਤੇ ਕੌਣ ਦਬਾਅ ਪਾ ਰਿਹਾ ਹੈ ਤਾਂ ਮਹਿਲਾ ਕੋਚ ਨੇ ਕਿਹਾ, ‘‘ਮੀਡੀਆ ਨੂੰ ਸਭ ਕੁੱਝ ਪਤਾ ਹੈ। ਉਨ੍ਹਾਂ ਨੇ ਮੈਨੂੰ ਮੁਅੱਤਲ ਕਰ ਦਿੱਤਾ ਹੈ ਪਰ ਇਸ ਦਾ ਕੋਈ ਕਾਰਨ ਨਹੀਂ ਦੱਸਿਆ। -ਪੀਟੀਆਈ