ਫੀਸ ਮਾਮਲਾ: ਮਾਪਿਆਂ ਵੱਲੋਂ ਸਕੂਲ ਦੇ ਗੇਟ ਅੱਗੇ ਮੁਜ਼ਾਹਰਾ
ਰਵੇਲ ਸਿੰਘ ਭਿੰਡਰ
ਪਟਿਆਲਾ, 21 ਅਗਸਤ
ਫੀਸਾਂ ਦੇ ਮਾਮਲੇ ਨੂੰ ਲੈ ਕੇ ਇਥੋਂ ਨੇੜਲੇ ਪੈਂਦੇ ਨਰਾਇਣ ਪਬਲਿਕ ਸਕੂਲ ਦੇ ਸਾਹਮਣੇ ਮਾਪਿਆਂ ਵੱਲੋਂ ਜ਼ਬਰਦਸਤ ਨਾਅਰੇਬਾਜ਼ੀ ਕਰਦਿਆਂ ਰੋਸ ਮੁਜ਼ਾਹਰਾ ਕੀਤਾ ਗਿਆ। ਮਾਪਿਆਂ ਦਾ ਸ਼ਿਕਵਾ ਸੀ ਕਿ ਫੀਸਾਂ ਨੂੰ ਮੁੱਦਾ ਬਣਾ ਕੇ ਸਕੂਲ ਮੈਨੇਜਮੈਂਟ ਵੱਲੋਂ ਦਰਜਨਾਂ ਹੀ ਵਿਦਿਆਰਥੀਆਂ ਦਾ ਸਕੂਲ ਤੋਂ ਨਾਮ ਕੱਟ ਦਿੱਤਾ ਹੈ ਤੇ ਅਜਿਹੇ ਬੱਚਿਆਂ ਨੂੰ ਆਨ-ਲਾਈਨ ਕਲਾਸਾਂ ਦੇ ਪੋਰਟਲ ’ਚੋਂ ਵੀ ਬਾਹਰ ਕੱਢ ਦਿੱਤਾ ਗਿਆ ਹੈ। ਮਾਪਿਆਂ ਦਾ ਸ਼ਿਕਵਾ ਸੀ ਕਿ ਸਕੂਲ ਮੈਨੇਜਮੈਂਟ ਕਈ ਤਰ੍ਹਾਂ ਦੇ ਬਹਾਨੇ ਬਣਾ ਕੇ ਫੀਸਾਂ ਵਸੂਲ ਰਿਹਾ ਹੈ ਤੇ ਜਿਹੜੇ ਮਾਪੇ ਕੋਵਿਡ ਦੀ ਵਜ੍ਹਾ ਨਾਲ ਕੰਮ ਬੰਦ ਹੋਣ ਕਰਕੇ ਫੀਸਾਂ ਨਹੀਂ ਭਰ ਸਕੇ ਸਕੂਲ ਉਨ੍ਹਾਂ ਦੇ ਬੱਚਿਆਂ ਨੂੰ ਬਾਹਰ ਦਾ ਰਸਤਾ ਵਿਖਾ ਰਿਹਾ ਹੈ। ਮਾਪਿਆਂ ਦੇ ਰੋਸ ਧਰਨੇ ਦੀ ਅਗਵਾਈ ਕਰਕੇ ਪਰਤੇ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਦੁਖੀ ਤੇ ਪ੍ਰੇਸ਼ਾਨ ਮਾਪਿਆਂ ਨੇ ਫੈਸਲਾ ਕੀਤਾ ਹੈ ਕਿ ਜੇ ਸਕੂਲ ਮੈਨੇਜਮੈਂਟ ਟੱਸ ਤੋਂ ਮੱਸ ਨਾ ਹੋਈ ਤਾਂ ਭਵਿੱਖ ’ਚ ਮਾਪਿਆਂ ਦੀ ਵੱਡੀ ਲਾਮਬੰਦੀ ਕਰਕੇ ਹੋਰ ਮਾਪੇ ਐਸੋਸੀਏਸ਼ਨਾਂ ਦਾ ਸਹਿਯੋਗ ਲੈ ਕੇ ਸਕੂਲ ਖ਼ਿਲਾਫ਼ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਮਾਪਿਆਂ ਨੇ ਪੰਜਾਬ ਸਰਕਾਰ ਨੂੰ ਫੀਸਾਂ ਦੇ ਅੱਧ ਵਿਚਾਲੇ ਫਸੇ ਮਾਮਲੇ ’ਤੇ ਤੁਰੰਤ ਕੋਈ ਅਹਿਮ ਫੈਸਲਾ ਲੈਣ ਦੀ ਮੰਗ ਵੀ ਕੀਤੀ।
ਮਸਲਾ ਹੱਲ ਕਰ ਲਿਆ ਜਾਵੇਗਾ: ਐੱਮਡੀ
ਸਕੂਲ ਦੇ ਐਮ.ਡੀ. ਅਵਤਾਰ ਸਿੰਘ ਨੇ ਦੱਸਿਆ ਕਿ ਮਾਪਿਆਂ ਦੀ ਸ਼ਿਕਾਇਤ ਦੂਰ ਕਰਨ ਲਈ ਪਿ੍ੰਸੀਪਲ ਵੱਲੋਂ ਸੋਮਵਾਰ ਨੂੰ ਮਾਪਿਆਂ ਨਾਲ ਦੁਵੱਲੀ ਬੈਠਕ ਰੱਖੀ ਹੈ ਤੇ ਜੋ ਵੀ ਮਸਲਾ ਹੋਵੇਗਾ ਸਕੂਲ ਵੱਲੋਂ ਹੱਲ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ।