27 ਫਰਵਰੀ: ਬੱਬਰਾਂ ਦਾ ਸ਼ਹੀਦੀ ਦਿਹਾੜਾ
ਸਿੰਘ ਸਭਾ ਲਹਿਰ ਦੇ ਪ੍ਰਭਾਵ ਹੇਠ ਸਿੱਖਾਂ ਨੂੰ ਆਪਣੀ ਖ਼ਾਲਸਈ ਰਹਿਤ ਬਾਰੇ ਉਪਜੀ ਚੇਤਨਾ ਕਾਰਨ ਗੁਰਦੁਆਰਿਆਂ ਦੀ ਸੰਪਤੀ ਉੱਤੇ ਸੱਪ-ਕੁੰਡਲੀ ਮਾਰੀ ਬੈਠੇ ਮਹੰਤਾਂ ਅਤੇ ਪੁਜਾਰੀਆਂ ਦਾ ਗੁਰਮਤਿ ਵਿਰੋਧੀ ਵਿਹਾਰ ਰੜਕਣ ਲੱਗ ਪਿਆ। ਵੀਹਵੀਂ ਸਦੀ ਦੇ ਪਹਿਲੇ ਦਹਾਕੇ ਦੌਰਾਨ ਅਖ਼ਬਾਰਾਂ ਅਤੇ ਸਿੱਖਾਂ ਦੀਆਂ ਇਕੱਤਰਤਾਵਾਂ ਵਿਚ ਇਸ ਮਨਮਤੀ ਵਤੀਰੇ ਨੂੰ ਨੱਥ ਪਾ ਕੇ ਗੁਰਦੁਆਰਿਆਂ ਦੇ ਪ੍ਰਬੰਧ ਵਿਚ ਸੁਧਾਰ ਲਿਆਉਣ ਦੀ ਚਰਚਾ ਹੋਣ ਲੱਗੀ। ਇਸ ਬਾਰੇ ਸਰਕਾਰ ਨੂੰ ਪੇਸ਼ ਕੀਤੇ ਅਰਜ਼ੀ ਪਰਚਿਆਂ ਦਾ ਕੋਈ ਅਸਰ ਨਾ ਹੋਇਆ ਤਾਂ ਸੰਗਤ ਨੇ ਆਪ ਮੁਹਾਰੇ ਸੰਗਤੀ-ਬਲ ਦੇ ਸਹਾਰੇ ਅਜਿਹਾ ਕਰਨਾ ਸ਼ੁਰੂ ਕਰ ਦਿੱਤਾ। ਧੂੰਆਂ ਤਾਂ ਕਈ ਥਾਵੀਂ ਧੁਖ ਰਿਹਾ ਸੀ ਪਰ ਆਰੰਭ ਲਾਹੌਰ ਦੇ ਭਾਟੀ ਦਰਵਾਜ਼ੇ ਸਥਿਤ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਦੀ ਯਾਦ ਵਿਚ ਉਸਾਰੇ ਗੁਰਦੁਆਰੇ ਚੋਮਾਲਾ ਸਾਹਿਬ ਤੋਂ ਹੋਇਆ। ਇਸ ਗੁਰਦੁਆਰੇ ਦਾ ਗ੍ਰੰਥੀ ਭਾਈ ਹਰੀ ਸਿੰਘ ਇਕ ਤਾਂ ਗੁਰਦੁਆਰੇ ਵਿਚ ਮਰਿਆਦਾ ਅਨੁਸਾਰ ਪਾਠ ਪੂਜਾ ਨਹੀਂ ਸੀ ਕਰਦਾ, ਦੂਜੇ ਉਸ ਨੇ ਗੁਰਦੁਆਰੇ ਦੀ ਜ਼ਮੀਨ ਬੁੱਚੜਾਂ ਨੂੰ ਦਿੱਤੀ ਹੋਈ ਸੀ। ਲਾਹੌਰ ਦੇ ਮੁਖੀ ਸਿੱਖਾਂ ਦੀ ਹਾਜ਼ਰੀ ਵਿਚ ਸੰਗਤ ਨੇ 27 ਸਤੰਬਰ 1920 ਨੂੰ ਗੁਰਦੁਆਰੇ ਦਾ ਪ੍ਰਬੰਧ ਹੱਥ ਵਿਚ ਲੈ ਕੇ ਇਸ ਦਾ ਪ੍ਰਬੰਧ ਚਲਾਉਣ ਵਾਸਤੇ 14 ਗੁਰਸਿੱਖਾਂ ਦੀ ਕਮੇਟੀ ਬਣਾ ਦਿੱਤੀ। ਅਜਿਹੀ ਘਟਨਾ ਸਿਆਲਕੋਟ ਵਿਚ ਵੀ ਹੋਈ ਜਿੱਥੇ 5 ਅਕਤੂਬਰ 1920 ਨੂੰ ਗੁਰਦੁਆਰੇ ਦਾ ਪ੍ਰਬੰਧ ਸੰਗਤ ਦੇ ਚੁਣੇ ਤੇਰਾਂ ਮੈਂਬਰਾਂ ਦੇ ਹੱਥ ਆ ਗਿਆ। ਇਕ ਹਫਤਾ ਹੀ ਬੀਤਿਆ ਸੀ ਕਿ 12 ਅਕਤੂਬਰ 1920 ਨੂੰ ਸ੍ਰੀ ਦਰਬਾਰ ਸਾਹਿਬ ਸਮੂਹ ਦਾ ਪ੍ਰਬੰਧ ਸਿੱਖ ਸੰਗਤ ਦੇ ਚੋਣਵੇਂ ਪ੍ਰਤੀਨਿੱਧਾਂ ਨੇ ਸਾਂਭ ਲਿਆ। ਇਸ ਘਟਨਾ ਤੋਂ ਉਤਸ਼ਾਹਿਤ ਹੋ ਕੇ ਸਿੱਖ ਸੰਗਤ ਨੇ ਗੁਰਦੁਆਰਿਆਂ ਵਿਚ ਬੈਠੇ ਬਦਨਾਮ ਮਹੰਤਾਂ ਨੂੰ ਸਿੱਧੇ ਰਾਹ ਲਿਆਉਣ ਦੀ ਲਹਿਰ ਸ਼ੁਰੂ ਕਰ ਦਿੱਤੀ। ਜਥੇ ਦੇ ਰੂਪ ਵਿਚ ਸਿੱਖ ਸੰਗਤ ਕਿਸੇ ਇਲਾਕੇ ਦੀ ਸੰਗਤ ਵੱਲੋਂ ਦੱਸੇ ਬਦਨਾਮ ਮਹੰਤ ਨੂੰ ਮਿਲ ਕੇ ਉਸ ਨੂੰ ਉਸ ਦੀਆਂ ਕੁਰੀਤੀਆਂ ਤੋਂ ਜਾਣੂ ਕਰਵਾਉਂਦੀ, ਜੇਕਰ ਮਹੰਤ ਗ਼ਲਤੀ ਮੰਨ ਕੇ ਸੁਧਰ ਜਾਣ ਦਾ ਇਕਰਾਰ ਕਰਦਾ ਤਾਂ ਉਸ ਨੂੰ ਕੁਝ ਸ਼ਰਤਾਂ ਅਧੀਨ ਸੰਬੰਧਿਤ ਗੁਰਦੁਆਰੇ ਦੀ ਸੇਵਾ ਕਰਨ ਦਾ ਮੌਕਾ ਦੇ ਦਿੱਤਾ ਜਾਂਦਾ, ਨਹੀਂ ਗੁਰਦੁਆਰੇ ਦਾ ਪ੍ਰਬੰਧ ਚਲਾਉਣ ਵਾਸਤੇ ਸਥਾਨਕ ਸਿੱਖ ਨੁਮਾਇੰਦਿਆਂ ਦੀ ਕਮੇਟੀ ਬਣਾ ਦਿੱਤੀ ਜਾਂਦੀ। ਗੁਰਦੁਆਰਾ ਪੰਜਾ ਸਾਹਿਬ, ਪਿੰਡ ਝੰਬਰ ਕਲਾਂ ਸਥਿਤ ਗੁਰਦੁਆਰਾ ਥੰਮ ਸਾਹਿਬ, ਗੁਰਦੁਆਰਾ ਖਰਾ ਸੌਦਾ, ਗੁਰਦੁਆਰਾ ਚੋਹਲਾ ਸਾਹਿਬ, ਗੁਰਦੁਆਰਾ ਕੇਰ ਸਾਹਿਬ, ਗੁਰਦੁਆਰਾ ਮਾਛੀ ਕੇ ਜ਼ਿਲ੍ਹਾ ਸ਼ੇਖੂਪੁਰਾ ਆਦਿ ਵਿਚ ਇਉਂ ਹੀ ਹੋਇਆ ਪਰ 25 ਜਨਵਰੀ 1921 ਨੂੰ ਦਰਬਾਰ ਸਾਹਿਬ ਤਰਨਤਾਰਨ ਦੇ ਪੁਜਾਰੀਆਂ ਨੇ ਸੰਗਤ ਨਾਲ ਝਗੜਾ ਕੀਤਾ ਜਿਸ ਵਿਚ ਦੋ ਸਿੰਘ ਸ਼ਹੀਦ ਹੋ ਗਏ ਅਤੇ 20 ਫਰਵਰੀ 1921 ਨੂੰ ਗੁਰਦੁਆਰਾ ਨਨਕਾਣਾ ਸਾਹਿਬ ਦੇ ਮਹੰਤ ਨੇ ਸੈਂਕੜੇ ਸ਼ਾਂਤਮਈ ਸਿੱਖਾਂ ਨੂੰ ਸ਼ਹੀਦ ਕਰਨ ਦਾ ਅਮਨੁੱਖੀ ਕਾਰਾ ਕੀਤਾ।
ਇਹ ਹਾਲਤ ਦੇਖ ਕੇ ਸਿੱਖ ਆਗੂ ਅਗਲੇ ਪੈਂਤੜੇ ਬਾਰੇ ਸੋਚਣ ਲੱਗੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੇ ਨਿਸ਼ਾਨੇ ਦੀ ਪੂਰਤੀ ਲਈ ਢੁੱਕਵੀਆਂ ਜਥੇਬੰਦੀਆਂ ਮੰਨਦਿਆਂ ਕੁਝ ਗ਼ਦਰੀ ਆਗੂ ਅਕਾਲੀ ਸਫਾਂ ਵਿਚ ਸਰਗਰਮ ਹੋ ਚੁੱਕੇ ਸਨ। ਮਾਸਟਰ ਮੋਤਾ ਸਿੰਘ, ਕਿਸ਼ਨ ਸਿੰਘ ਗੜਗੱਜ ਅਤੇ ਕਈ ਹੋਰ ਸਿੱਖ ਆਗੂ ਗ਼ਦਰੀ ਸੋਚ ਨਾਲ ਸਹਿਮਤ ਸਨ। 25 ਤੋਂ 27 ਮਾਰਚ 1921 ਨੂੰ ਪੁਰ ਹੀਰਾਂ (ਜ਼ਿਲ੍ਹਾ ਹੁਸ਼ਿਆਰਪੁਰ) ਵਿਚ ਸਿੱਖ ਵਿਦਿਅਕ ਕਾਨਫਰੰਸ ਸਮੇਂ ਮਾਸਟਰ ਮੋਤਾ ਸਿੰਘ, ਕਿਸ਼ਨ ਸਿੰਘ ਗੜਗੱਜ, ਸ਼ੰਕਰ ਸਿੰਘ ਪੰਡੋਰੀ ਬੀਬੀ (ਜ਼ਿਲ੍ਹਾ ਹੁਸ਼ਿਆਰਪੁਰ), ਬਿਜਲਾ ਸਿੰਘ ਘੜੂੰਆਂ (ਰਿਆਸਤ ਪਟਿਆਲਾ), ਅਮਰ ਸਿੰਘ ਗ੍ਰੰਥੀ ਪਿੰਡ ਕੋਟ ਬਾੜੇ ਖਾਂ, ਅਮਰ ਸਿੰਘ ਦਿੱਲੀ, ਚਤਰ ਸਿੰਘ, ਗੁਰਬਚਨ ਸਿੰਘ ਪਿੰਡ ਅੰਬਾਲਾ (ਜ਼ਿਲ੍ਹਾ ਹੁਸ਼ਿਆਰਪੁਰ), ਵਤਨ ਸਿੰਘ ਕਾਹਰੀ ਸਾਹਰੀ (ਜ਼ਿਲ੍ਹਾ ਹੁਸ਼ਿਆਰਪੁਰ),, ਚੈਂਚਲ ਸਿੰਘ ਜੰਡਿਆਲਾ (ਜ਼ਿਲ੍ਹਾ ਜਲੰਧਰ), ਨਰੈਣ ਸਿੰਘ ਚਾਟੀਵਿੰਡ (ਜ਼ਿਲ੍ਹਾ ਅੰਮ੍ਰਿਤਸਰ), ਤੋਤਾ ਸਿੰਘ ਪਸ਼ੌਰੀ, ਬੇਲਾ ਸਿੰਘ ਘੋਲੀਆ (ਜ਼ਿਲ੍ਹਾ ਫਿਰੋਜ਼ਪੁਰ) ਅਤੇ ਗੰਡਾ ਸਿੰਘ ਨੇ ਵੱਖਰਿਆਂ ਗੁਪਤ ਮੀਟਿੰਗ ਕੀਤੀ ਅਤੇ ਗੁਰੂ ਘਰਾਂ ਉੱਤੇ ਕਾਬਜ਼ ਮਹੰਤਾਂ ਵਿਚੋਂ ਮਹੰਤ ਬਸੰਤ ਦਾਸ ਮਾਣਕ ਅਤੇ ਮਹੰਤ ਨਰੈਣ ਦਾਸ ਨਨਕਾਣਾ ਸਾਹਿਬ, ਉਨ੍ਹਾਂ ਦੀ ਸਰਪ੍ਰਸਤੀ ਕਰਨ ਵਾਲੇ ਸਰਕਾਰੀ ਅਧਿਕਾਰੀਆਂ ਡਿਪਟੀ ਕਮਿਸ਼ਨਰ ਕਿੰਗ ਅਤੇ ਪੁਲੀਸ ਕਪਤਾਨ ਬੋਰਿੰਗ ਅਤੇ ਅਧਿਕਾਰੀਆਂ ਦੀ ਹਾਂ ਵਿਚ ਹਾਂ ਮਿਲਾਉਣ ਵਾਲਿਆਂ ਸੁੰਦਰ ਸਿੰਘ ਮਜੀਠੀਆ ਅਤੇ ਬਾਵਾ ਕਰਤਾਰ ਸਿੰਘ ਬੇਦੀ ਨੂੰ ਸੋਧਣ ਦਾ ਫੈਸਲਾ ਹੋਇਆ। ਕਾਰਵਾਈ ਲਈ ਡਿਊਟੀਆਂ ਲੱਗ ਗਈਆਂ ਪਰ ਮੁਖਬਰੀ ਕਾਰਨ ਬੇਲਾ ਸਿੰਘ ਤੇ ਗੰਡਾ ਸਿੰਘ ਪੁਲੀਸ ਨੇ ਗ੍ਰਿਫ਼ਤਾਰ ਕਰ ਲਏ। ‘ਅਕਾਲੀ ਸਾਜ਼ਿਸ਼’ ਨਾਂ ਨਾਲ ਜਾਣੇ ਗਏ ਇਸ ਮੁਕੱਦਮੇ ਵਿਚ ਮਾਸਟਰ ਮੋਤਾ ਸਿੰਘ ਅਤੇ ਕਿਸ਼ਨ ਸਿੰਘ ਵੀ ਦੋਸ਼ੀ ਨਾਮਜ਼ਦ ਕੀਤੇ ਗਏ ਪਰ ਉਹ ਗੁਪਤਵਾਸ ਜਾਣ ਕਾਰਨ ਪੁਲੀਸ ਦੇ ਹੱਥ ਨਾ ਆਏ। ਇਸ ਮੁਕੱਦਮੇ ਵਿਚ ਕੁਝ ਅਕਾਲੀਆਂ ਨੂੰ ਸਜ਼ਾ ਹੋਈ। ਮਨੋਰਥ ਵਿਚ ਸਫਲਤਾ ਨਾ ਮਿਲਣ ਦੇ ਬਾਵਜੂਦ ਇਹ ਘਟਨਾ ਬੱਬਰ ਅਕਾਲੀ ਲਹਿਰ ਦਾ ਬੀਜ ਬਣੀ। ਹਿੰਦੋਸਤਾਨੀ ਸੈਨਾ ਵਿਚੋਂ ਹੌਲਦਾਰ ਵਜੋਂ ਸੇਵਾ-ਨਵਿਰਤ ਕਿਸ਼ਨ ਸਿੰਘ ਗੜਗੱਜ ਅਤੇ ਗ਼ਦਰੀਆਂ ਨਾਲ ਕੈਨੇਡਾ ਤੋਂ ਆਏ ਭਾਈ ਕਰਮ ਸਿੰਘ ਦੁਆਬੇ ਵਿਚ ਥੋੜ੍ਹਾ ਸਮਾਂ ਜ਼ਾਲਮ ਅੰਗਰੇਜ਼ ਵਿਰੁੱਧ ਹਥਿਆਰ ਉਠਾ ਲੈਣ ਦਾ ਅੱਡੋ-ਅੱਡ ਸੱਦਾ ਦੇਣ ਤੋਂ ਛੇਤੀ ਪਿੱਛੋਂ ਇਕ ਜਥੇ ਵਿਚ ਇਕੱਠੇ ਹੋ ਗਏ ਜਿਸ ਨੂੰ ‘ਬੱਬਰ ਅਕਾਲੀ ਜਥਾ’ ਨਾਉਂ ਦਿੱਤਾ ਗਿਆ। ਦੋ ਢਾਈ ਸਾਲ ਦੁਆਬੇ ਵਿਚ ਬੱਬਰ ਅਕਾਲੀਆਂ ਦਾ ਦਬਦਬਾ ਰਿਹਾ ਜਿਸ ਨੂੰ ਸਰਕਾਰ ਨੇ ਫੌਜ ਅਤੇ ਘੋੜਸਵਾਰ ਪੁਲੀਸ ਦੀ ਤਾਇਨਾਤੀ, ਬੱਬਰਾਂ ਦੇ ਸਿਰਾਂ ਉੱਤੇ ਜ਼ਮੀਨੀ ਗ੍ਰਾਂਟਾਂ, ਨਕਦ ਇਨਾਮ ਐਲਾਨਣ ਆਦਿ ਹਰਬੇ ਵਰਤ ਕੇ ਕੰਟਰੋਲ ਹੇਠ ਲਿਆਂਦਾ।
ਜਦ ਫੜ-ਫੜਾਈ ਸ਼ੁਰੂ ਹੋਈ ਤਾਂ ਕਈ ਕਮਜ਼ੋਰ ਨਿਕਲੇ ਜਿਨ੍ਹਾਂ ਤੋਂ ਭੇਤ ਲੈ ਕੇ ਪੁਲੀਸ ਨੇ ਥੋਕ ਵਿਚ ਗ੍ਰਿਫ਼ਤਾਰੀਆਂ ਕੀਤੀਆਂ ਅਤੇ 93 ਜਣਿਆਂ ਨੂੰ ਕਸੂਰਵਾਰ ਬਣਾ ਕੇ ਉਨ੍ਹਾਂ ਖਿਲਾਫ ਸਰਕਾਰ ਦਾ ਤਖ਼ਤਾ ਪਲਟਾਉਣ ਦੇ ਨਾਲ ਕਤਲ, ਚੋਰੀ, ਡਾਕੇ ਆਦਿ ਦੀਆਂ ਧਾਰਾਵਾਂ ਲਾ ਕੇ ਮੁਕੱਦਮਾ ਚਲਾਇਆ ਜੋ ਆਈਐੱਲਏ ਬੁਲ, ਸਪੈਸ਼ਲ ਮੈਜਿਸਟਰੇਟ ਜਿਸ ਦਾ ਅਧਿਕਾਰ ਖੇਤਰ ਸਾਰਾ ਪੰਜਾਬ ਸੀ, ਨੇ ਲਾਹੌਰ ਵਿਚ ਅਦਾਲਤ ਲਾ ਕੇ 15 ਅਗਸਤ 1923 ਨੂੰ ਸੁਣਨਾ ਸ਼ੁਰੂ ਕੀਤਾ। ਉਸ ਨੇ 8 ਅਪਰੈਲ 1924 ਨੂੰ ਫਰਦ ਜੁਰਮ ਲਾ ਕੇ ਮੁਕੱਦਮਾ ਸੈਸ਼ਨ ਸਪੁਰਦ ਕਰ ਦਿੱਤਾ। ਐਡੀਸ਼ਨਲ ਸੈਸ਼ਨ ਜੱਜ ਜੇਕੇ ਟਪ ਦੀ ਅਦਾਲਤ ਵਿੱਚ ਸੁਣਵਾਈ 2 ਜੂਨ 1924 ਨੂੰ ਸ਼ੁਰੂ ਹੋਈ। ਸੈਸ਼ਨ ਜੱਜ ਦੇ 28 ਫਰਵਰੀ 1925 ਨੂੰ ਸੁਣਾਏ ਫੈਸਲੇ ਅਨਸਾਰ 5 ਬੱਬਰਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ। ਦੋਵਾਂ ਧਿਰਾਂ ਨੇ ਸੈਸ਼ਨ ਕੋਰਟ ਦੇ ਫੈਸਲੇ ਵਿਰੁੱਧ ਹਾਈ ਕੋਰਟ ਵਿਚ ਅਪੀਲ ਪਾਈ, ਮੁਲਜ਼ਮਾਂ ਨੇ ਦਿੱਤੀਆਂ ਸਜ਼ਾਵਾਂ ਸਖ਼ਤ ਦੱਸ ਕੇ ਅਤੇ ਸਰਕਾਰ ਨੇ ਸਜ਼ਾਵਾਂ ਨੂੰ ਵਧਾਉਣ ਵਾਸਤੇ। ਹਾਈ ਕੋਰਟ ਵਿਚ ਜਸਟਿਸ ਬਰਾਡਵੇਅ ਅਤੇ ਜਸਟਿਸ ਹੈਰੀਸਨ ਦੇ ਬੈਂਚ ਨੇ ਅਪੀਲ ਦਾ ਫੈਸਲਾ 19 ਜਨਵਰੀ 1926 ਨੂੰ ਸੁਣਾਇਆ ਜਿਸ ਵਿਚ ਇਕ ਹੋਰ ਬੱਬਰ ਦੀ ਸਜ਼ਾ ਵਧਾ ਕੇ ਫਾਂਸੀ ਵਿਚ ਬਦਲ ਦਿੱਤੀ ਗਈ। ਇਸ ਫੈਸਲੇ ਉੱਤੇ ਅਮਲ ਵਜੋਂ 27 ਫਰਵਰੀ 1926 ਨੂੰ ਛੇ ਬੱਬਰਾਂ ਕਿਸ਼ਨ ਸਿੰਘ ਗੜਗੱਜ ਪਿੰਡ ਵੜਿੰਗ ਜ਼ਿਲ੍ਹਾ ਜਲੰਧਰ, ਬਾਬੂ ਸੰਤਾ ਸਿੰਘ ਪਿੰਡ ਹਰਿਆਉਂ ਖੁਰਦ ਜ਼ਿਲ੍ਹਾ ਲੁਧਿਆਣਾ, ਦਲੀਪ ਸਿੰਘ ਭੁਜੰਗੀ ਪਿੰਡ ਧਾਮੀਆਂ ਕਲਾਂ ਜ਼ਿਲ੍ਹਾ ਹੁਸ਼ਿਆਰਪੁਰ, ਨੰਦ ਸਿੰਘ ਪਿੰਡ ਘੁੜਿਆਲ ਜ਼ਿਲ੍ਹਾ ਜਲੰਧਰ, ਧਰਮ ਸਿੰਘ ਪਿੰਡ ਹਿਆਤਪੁਰ ਜ਼ਿਲ੍ਹਾ ਹੁਸ਼ਿਆਰਪੁਰ ਅਤੇ ਕਰਮ ਸਿੰਘ ਪਿੰਡ ਮਣਕੋ ਜ਼ਿਲ੍ਹਾ ਜਲੰਧਰ ਨੂੰ ਫਾਂਸੀ ਲਾਇਆ ਗਿਆ।
ਜਦ ਮੁਕੱਦਮਾ ਚੱਲ ਹੀ ਰਿਹਾ ਸੀ, ਪੁਲੀਸ ਨੇ 27 ਮਾਰਚ 1924 ਨੂੰ ਹਿਰਾਸਤ ਵਿਚ ਲਏ ਧੰਨਾ ਸਿੰਘ ਕੋਟਲੀ ਬਾਵਾ ਦਾਸ ਅਤੇ ਬਾਰ ਦੇ ਇਲਾਕੇ ਵਿਚ ਫੜੇ ਰਲਾ ਸਿੰਘ ਦੇ ਇੰਕਸ਼ਾਫ ’ਤੇ ਹੋਰ ਗ੍ਰਿਫ਼ਤਾਰੀਆਂ ਕੀਤੀਆਂ। ਧੰਨਾ ਸਿੰਘ ਨੇ ਪਿੰਡ ਜਾਡਲਾ ਵਿਚ 23 ਫਰਵਰੀ 1923 ਦੇ ਡਾਕੇ, ਕੋਟਲੀ ਬਾਵਾ ਦਾਸ ਵਿਚ 14 ਨਵੰਬਰ 1923 ਨੂੰ ਹੋਏ ਜਵਾਲਾ ਸਿੰਘ ਦੇ ਕਤਲ ਅਤੇ 4 ਫਰਵਰੀ 1924 ਨੂੰ ਪਿੰਡ ਬਲ (ਜ਼ਿਲਾ ਜਲੰਧਰ) ਵਿਚ ਮਾਰੇ ਡਾਕੇ ਵਿਚ ਸ਼ਾਮਿਲ ਵਿਅਕਤੀਆਂ ਦੇ ਨਾਂ ਅਤੇ ਰਲਾ ਸਿੰਘ ਨੇ ਨੰਬਰਦਾਰ ਮੋਹਨ ਸਿੰਘ ਲਾਇਲਪੁਰ ਦੇ ਕਤਲ ਵਿਚ ਸ਼ਾਮਿਲ ਬੱਬਰਾਂ ਦੇ ਨਾਂ ਦੱਸੇ ਸਨ। 12 ਅਕਤੂਬਰ 1923 ਨੂੰ ਮੁੰਡੇਰ ਪਿੰਡ ਵਿਚ ਪੁਲੀਸ ਮੁਕਾਬਲੇ ਵਿਚ ਜ਼ਖਮੀ ਬੱਬਰ ਵਰਿਆਮ ਸਿੰਘ ਧੁੱਗਾ ਸਿਹਤਯਾਬੀ ਵਾਸਤੇ ਲਾਇਲਪੁਰ ਦੇ ਇਲਾਕੇ ਵਿਚ ਗਿਆ ਸੀ ਅਤੇ ਉਸ ਨੇ ਉੱਥੇ ਬੱਬਰ ਅਕਾਲੀ ਜਥਾ ਖੜ੍ਹਾ ਕਰ ਲਿਆ ਸੀ। ਇਸ ਜਥੇ ਨੇ ਬੱਬਰ ਵਰਿਆਮ ਸਿੰਘ ਧੁੱਗਾ ਦੀ ਅਗਵਾਈ ਵਿਚ 12-13 ਅਪਰੈਲ 1924 ਨੂੰ ਪੁਲੀਸ ਮੁਖਬਰ ਚੱਕ ਨੰਬਰ 96 ਦੇ ਨੰਬਰਦਾਰ ਮੋਹਨ ਸਿੰਘ ਅਤੇ ਤਿੰਨ ਹੋਰਾਂ ਨੂੰ ਕਤਲ ਕੀਤਾ ਸੀ। ਇਸ ਲਈ ਵਧੇਰੇ ਦੋਸ਼ੀ ਵੀ ਲਾਇਲਪੁਰ ਇਲਾਕੇ ਦੇ ਸਨ। ਇਨ੍ਹਾਂ ਖਿਲ਼ਾਫ ਹੋਰ ਛੋਟੇ ਦੋਸ਼ਾਂ ਦੇ ਨਾਲ ਕਤਲ ਦਾ ਦੋਸ਼ ਵੀ ਲਾਇਆ ਗਿਆ ਸੀ। ਪੁਲੀਸ ਇਨ੍ਹਾਂ ਨੂੰ ਚੱਲ ਰਹੇ ਮੁਕੱਦਮੇ ਵਿਚ ਘਸੀਟਣਾ ਚਾਹੁੰਦੀ ਸੀ ਪਰ ਅਦਾਲਤ ਨੇ ਇਸ ਦੀ ਇਜਾਜ਼ਤ ਨਾ ਦਿੱਤੀ। ਫਲਸਰੂਪ ਪੁਲੀਸ ਨੇ 37 ਬੱਬਰਾਂ ਖਿਲਾਫ ਇਕ ਹੋਰ ਮੁਕੱਦਮਾ ਚਲਾਉਣ ਵਾਸਤੇ ਸੰਤ ਰਾਮ ਮੈਜਿਸਟਰੇਟ ਦੀ ਅਦਾਲਤ ਵਿਚ ਚਲਾਨ ਪੇੇਸ਼ ਕੀਤਾ। ਮੈਜਿਸਟਰੇਟ ਨੇੇ ਮਾਰਚ 1925 ਵਿਚ ਮੁਕੱਦਮਾ ਸੈਸ਼ਨ ਜੱਜ ਹੈਰਿਸ ਦੇ ਸਪੁਰਦ ਕਰ ਦਿੱਤਾ। ਜਦ ਤੱਕ ਪਹਿਲੇ ਮੁਕੱਦਮੇ ਵਿਚ ਅਪੀਲਾਂ ਅਤੇ ਹੋਰ ਅਦਾਲਤੀ ਚਾਰਾਜੋਈਆਂ ਦਾ ਦੌਰ ਖਤਮ ਹੋਇਆ, ਇਸ ਮੁਕੱਦਮੇ ਦੀ ਕਾਰਵਾਈ ਵੀ ਮੁਕੰਮਲ ਹੋ ਗਈ। ਸੈਸ਼ਨ ਜੱਜ ਨੇ ਫੈਸਲਾ ਰਾਖਵਾਂ ਰੱਖ ਲਿਆ। ਜਦ ਪਿਛਲੇ ਅਕਾਲੀ ਸਾਜ਼ਿਸ਼ ਮੁਕੱਦਮੇ ਵਿਚ 6 ਬੱਬਰ ਅਕਾਲੀਆਂ ਨੂੰ ਐਲਾਨੀ ਫਾਂਸੀ ਦੀ ਸਜ਼ਾ 27 ਫਰਵਰੀ 1926 ਨੰ ਅਮਲ ਵਿਚ ਲਿਆਉਣ ਦੇ ਹੁਕਮ ਹੋਏ ਤਾਂ ਹੈਰਿਸ ਨੇ ਇਸ ਤੋਂ ਅਗਲਾ ਦਿਨ, 28 ਫਰਵਰੀ 1926 (ਭਾਵੇਂ ਛੁੱਟੀ ਦਾ ਦਿਨ ਐਤਵਾਰ ਸੀ) ਨੂੰ ਫੈਸਲਾ ਸੁਣਾਉਣਾ ਮਿਥ ਦਿੱਤਾ। 27 ਫਰਵਰੀ 1926 ਨੂੰ 6 ਬੱਬਰ ਫਾਂਸੀ ਲਾਏ ਗਏ, ਅਗਲੇ ਦਿਨ 7 ਹੋਰ ਬੱਬਰਾਂ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ। ਇਕ ਸਾਲ ਦਾ ਸਮਾਂ ਅਪੀਲ ਦੇ ਫੈਸਲੇ ਵਿਚ ਲੱਗਿਆ। ਹਾਈ ਕੋਰਟ ਨੇ ਇਕ ਬੱਬਰ ਨੂੰ ਦਿੱਤੀ ਮੌਤ ਦੀ ਸਜ਼ਾ ਉਮਰ ਕੈਦ ਵਿਚ ਬਦਲ ਦਿੱਤੀ। ਇਉਂ ਛੇ ਜਣਿਆਂ- ਨਿੱਕਾ ਸਿੰਘ ਪੁੱਤਰ ਧੌਂਕਲ ਸਿੰਘ ਪਿੰਡ ਗਿੱਲ ਜ਼ਿਲ੍ਹਾ ਲਾਇਲਪੁਰ, ਮੁਕੰਦ ਸਿੰਘ ਪੁੱਤਰ ਸਰਮੁਖ ਸਿੰਘ ਪਿੰਡ ਜਵੱਦੀ ਜ਼ਿਲ੍ਹਾ ਲਾਇਲਪੁਰ, ਬੰਤਾ ਸਿੰਘ ਪੁੱਤਰ ਹਜ਼ਾਰਾ ਸਿੰਘ ਪਿੰਡ ਗੁਰੂ ਸਰ ਸੁਲਤਾਨੀ ਜ਼ਿਲ੍ਹਾ ਲਾਇਲਪੁਰ, ਸੁੰਦਰ ਸਿੰਘ ਪੁੱਤਰ ਵਸਾਵਾ ਸਿੰਘ ਪਿੰਡ ਲੋਹਕੇ ਜ਼ਿਲ੍ਹਾ ਲਾਇਲਪੁਰ, ਗੁੱਜਰ ਸਿੰਘ ਪੁੱਤਰ ਕਾਬਲ ਸਿੰਘ ਪਿੰਡ ਢੈਪਈ ਜ਼ਿਲ੍ਹਾ ਲਾਇਲਪੁਰ ਅਤੇ ਨਿੱਕਾ ਸਿੰਘ ਪੁੱਤਰ ਬੂਟਾ ਸਿੰਘ ਪਿੰਡ ਆਲੋਵਾਲ ਜ਼ਿਲ੍ਹਾ ਅੰਮ੍ਰਿਤਸਰ ਦੀ ਸਜ਼ਾ 27 ਫਰਵਰੀ 1927 ਨੂੰ ਅਮਲ ਵਿਚ ਲਿਆਂਦੀ ਗਈ। ਇਉਂ 27 ਫਰਵਰੀ ਦਾ ਦਿਨ 12 ਬੱਬਰਾਂ ਦੀ ਸ਼ਹੀਦੀ ਦਾ ਗਵਾਹ ਬਣ ਗਿਆ।
ਸੰਪਰਕ: 94170-49417