ਤਾਪਮਾਨ ’ਚ ਵਾਧੇ ਕਾਰਨ ਕਣਕ ਦਾ ਝਾੜ ਘਟਣ ਦਾ ਖ਼ਦਸ਼ਾ
ਰਵੇਲ ਸਿੰਘ ਭਿੰਡਰ
ਘੱਗਾ, 15 ਫਰਵਰੀ
ਹਾੜ੍ਹੀ ਦੀ ਮੁੱਖ ਫ਼ਸਲ ਕਣਕ ਲਈ ਪਿਛਲੇ ਦਿਨਾਂ ਤੋਂ ਤੇਜ਼ੀ ਨਾਲ ਵਧ ਰਹੇ ਤਾਪਮਾਨ ਕਾਰਨ ਕਿਸਾਨ ਤੇ ਖੇਤੀ ਮਾਹਿਰ ਚਿੰਤਾ ਵਿੱਚ ਹਨ। ਮੰਨਿਆ ਜਾ ਰਿਹਾ ਹੈ ਕਿ ਕਣਕ ਦੇ ਚੰਗੇ ਝਾੜ ਲਈ ਫਰਵਰੀ ਦੇ ਅਖ਼ੀਰ ਤੱਕ ਜਾਂ ਮਾਰਚ ਦੇ ਪਹਿਲੇ ਹਫ਼ਤੇ ਤੱਕ ਦਿਨ ਦਾ ਤਾਪਮਾਨ 20 ਡਿਗਰੀ ਸੈਲਸੀਅਸ ਤੋਂ ਉੱਪਰ ਨਹੀਂ ਜਾਣਾ ਚਾਹੀਦਾ। ਇਨ੍ਹੀਂ ਦਿਨੀ ਤਾਪਮਾਨ 24 ਡਿਗਰੀ ਤੱਕ ਜਾ ਪੁੱਜਾ ਹੈ।
ਮਾਹਿਰਾਂ ਮੁਤਾਬਕ ਕਣਕ ਲਈ ਹੁਣ ਮੌਸਮ ਵਿੱਚ ਠੰਢਕ ਜ਼ਰੂਰੀ ਹੈ। ਜੇ ਇਨ੍ਹਾਂ ਦਿਨਾਂ ਵਿੱਚ ਤਾਪਮਾਨ ਵਿੱਚ ਵਾਧਾ ਹੁੰਦਾ ਹੈ ਤਾਂ ਫ਼ਸਲ ਦੇ ਝਾੜ ’ਤੇ ਅਸਰ ਪਵੇਗਾ। ਤਾਪਮਾਨ ਜੇ 20 ਡਿਗਰੀ ਤੋਂ ਵਧਦਾ ਹੈ ਤਾਂ ਬੱਲੀਆਂ ਵਿੱਚ ਬਣੇ ਦਾਣੇ ਸੁੰਗੜ ਸਕਦੇ ਹਨ। ਇਸ ਨਾਲ ਜਿੱਥੇ ਦਾਣਿਆਂ ਦਾ ਵਜ਼ਨ ਘਟਦਾ ਹੈ, ਉੱਥੇ ਹੀ ਗੁਣਵੱਤਾ ’ਤੇ ਵੀ ਅਸਰ ਪੈਂਦਾ ਹੈ। ਕਿਸਾਨਾਂ ਮੁਤਾਬਕ ਮਾਰਚ ਦੇ ਪਹਿਲੇ ਤੇ ਦੂਜੇ ਹਫ਼ਤੇ ਤੱਕ ਜੇ ਮੌਸਮ ਠੰਢਾ ਰਹਿੰਦਾ ਹੈ ਤਾਂ ਦਾਣਾ ਨਰੋਆ ਬਣਦਾ ਹੈ|
ਜ਼ਿਲ੍ਹਾ ਮੁੱਖ ਖੇਤੀਬਾੜੀ ਅਫ਼ਸਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਕਿਸਾਨਾਂ ਦੇ ਖਦਸ਼ੇ ਸਹੀ ਹਨ, ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਤਾਪਮਾਨ ਔਸਤ ਨਾਲੋਂ ਵਧ ਰਿਹਾ ਹੈ। ਦਿਨ ਵੇਲੇ ਤਾਪਮਾਨ 24 ਡਿਗਰੀ ਤੱਕ ਪੁੱਜ ਰਿਹਾ ਹੈ। ਖੇਤੀਬਾੜੀ ਅਫ਼ਸਰ ਮੁਤਾਬਕ ਕਣਕ ਦੇ ਚੰਗੇ ਝਾੜ ਲਈ ਫਰਵਰੀ ਦੇ ਅਖੀਰ ਤੱਕ ਤਾਪਮਾਨ 20 ਡਿਗਰੀ ਤੋਂ ਹੇਠਾਂ ਰਹਿਣਾ ਚਾਹੀਦਾ ਹੈ| ਉਨ੍ਹਾਂ ਕਿਸਾਨਾਂ ਨੂੰ ਚੌਕਸ ਕਰਦਿਆਂ ਕਿਹਾ ਹੈ ਕਿ ਫ਼ਸਲ ਨੂੰ ਸਮੇਂ ਸਿਰ ਪਾਣੀ ਲਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇ ਅਗਲੇ ਦਿਨਾਂ ’ਚ ਤਾਪਮਾਨ ਇਸੇ ਤਰ੍ਹਾਂ ਹੀ ਵਧਦਾ ਰਿਹਾ ਤਾਂ ਕਣਕ ’ਤੇ ਪੋਟਾਸ਼ੀਅਮ ਨਾਈਟ੍ਰੇਟ ਦਾ ਛਿੜਕਾਅ ਕੀਤਾ ਜਾ ਸਕਦਾ ਹੈ। ਉਨ੍ਹਾਂ ਆਖਿਆ ਕਿ ਤਾਪਮਾਨ ’ਚ ਵਾਧੇ ਕਾਰਨ ਕਣਕ ’ਤੇ ਪੀਲੀ ਕੁੰਗੀ ਦੇ ਹਮਲੇ ਦਾ ਡਰ ਖੜ੍ਹਾ ਹੋ ਗਿਆ ਹੈ।