ਸਰਕਾਰ ਦੇ ਡਰੋਂ ਬਾਦਲ ਦਲ ਦੇ ਬਹੁਤੇ ਸ਼੍ਰੋਮਣੀ ਕਮੇਟੀ ਮੈਂਬਰ ਅੰਮ੍ਰਿਤਸਰ ਪੁੱਜੇ
ਸਰਬਜੀਤ ਸਿੰਘ ਭੰਗੂ
ਪਟਿਆਲਾ, 27 ਅਕਤੂਬਰ
ਪੰਥ ਰਤਨ ਗੁਰਚਰਨ ਸਿੰਘ ਟੌਹੜਾ ਦੇ ਢਾਈ ਦਹਾਕੇ ਪ੍ਰਧਾਨ ਰਹਿਣ ਕਰਕੇ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਮੌਕੇ ਪਟਿਆਲਾ ਕੇਂਦਰ ਬਿੰਦੂ ਰਹਿੰਦਾ ਰਿਹਾ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਵਕਾਰੀ ਅਹੁਦੇ ਲਈ 28 ਅਕਤੂਬਰ ਨੂੰ ਹੋਣ ਵਾਲੀ ਚੋਣ ਨੂੰ ਲੈ ਕੇ ਪਟਿਆਲਾ ਜ਼ਿਲ੍ਹਾ ਐਤਕੀਂ ਵੀ ਸਰਗਰਮੀਆਂ ਦਾ ਧੁਰਾ ਬਣਿਆ ਹੋਇਆ ਹੈ। ਇਥੋਂ ਤੱਕ ਕਿ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਬਾਦਲ ਖੇਮੇ ਦੇ ਮੈਬਰਾਂ ਨਾਲ ਇਥੇ ਹੀ ਮੀਟਿੰਗਾਂ ਕਰਦੇ ਰਹੇ ਹਨ। ਇਨ੍ਹਾਂ ਚੋਣਾਂ ਦੌਰਾਨ ਸਰਗਰਮ ਭੂਮਿਕਾ ਨਿਭਾਉਣ ਕਰਕੇ ਸੱਤਾਧਾਰੀ ਧਿਰ ਦੇ ਵਿਧਾਇਕਾਂ ਵੱਲੋੋਂ ਨਿਸ਼ਾਨੇ ’ਤੇ ਲਏ ਗਏ ਬਾਦਲ ਖੇਮੇ ਦੇ ਮੈਂਬਰ ਸੁਰਜੀਤ ਸਿੰਘ ਗੜ੍ਹੀ ਵੀ ਇਸੇ ਜ਼ਿਲ੍ਹੇ ਨਾਲ ਸਬੰਧਤ ਹਨ। ਜਿਸ ਨੂੰ ਵਿਰੋਧੀ ਧਿਰ ਦੀ ਹਮਾਇਤ ਕਰਨ ਲਈ ਅਸਿੱਧੇ ਢੰਗ ਨਾਲ ਧਮਕੀਆਂ ਵੀ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਅਕਾਲੀ ਦਲ ਸੁਧਾਰ ਲਹਿਰ ਦੇ ਕੁਝ ਆਗੂਆਂ ਵੱਲੋਂ ਵੀ ਗੜ੍ਹੀ ਦੀਆਂ ਸਰਗਰਮੀਆ ਰੋਕਣ ਲਈ ਜ਼ੋਰ ਅਜ਼ਮਾਈ ਕੀਤੀ ਗਈ ਹੈ। ਉਧਰ, ਸੁਖਬੀਰ ਬਾਦਲ ਦੇ ਭਰੋਸੇਯੋਗ ਆਗੂਆਂ ਦੀ ਸੂਚੀ ’ਚ ਸ਼ੁਮਾਰ ਸੁਰਜੀਤ ਗੜ੍ਹੀ ਨੇ ਇਸ ਖੇਤਰ ਦੋ ਦੋ ਅਜਿਹੇ ਮੈਂਬਰਾਂ ਨੂੰ ਬਾਦਲ ਖੇਮੇ ਨਾਲ ਜੋੜਿਆ ਹੈ ਜੋ ਅਕਾਲੀ ਦਲ ਸੁਧਾਰ ਲਹਿਰ ਦੀ ਮੂਹਰਲੀ ਕਤਾਰ ਵਿੱਚ ਰਹਿ ਕੇ ਕੰਮ ਕਰਦੇ ਰਹੇ ਹਨ। ਇਸੇ ਦੌਰਾਨ ਬਾਦਲ ਖੇਮੇ ਨੂੰ ਇਹ ਵੀ ਖਦਸ਼ਾ ਹੈ ਕਿ ਕੇਂਦਰ ਅਤੇ ਪੰਜਾਬ ਸਰਕਾਰ ਬਾਦਲ ਖੇਮੇ ਦੇ ਮੈਂਬਰਾਂ ਨੂੰ ਵੋਟਾਂ ਵਾਲ਼ੇ ਦਿਨ ਸ੍ਰੀ ਅੰਮ੍ਰਿਤਸਰ ਪਹੁੰਚਣ ਤੋਂ ਰੋਕ ਸਕਦੀਆਂ ਹਨ। ਇਸ ਕਰਕੇ ਬਾਦਲ ਖੇਮੇ ਦੇ ਬਹੁਤੇ ਮੈਂਬਰਾਂ ਨੂੰ ਅੱਜ ਹੀ ਸ੍ਰੀ ਅੰਮ੍ਰਿਤਸਰ ਸੱਦ ਲਿਆ ਜਾਂ ਕਈਆਂ ਨੂੰ ਉਚੇਚੇ ਪ੍ਰਬੰਧਾਂ ਦੇ ਤਹਿਤ ਉਥੇ ਪੁੱਜਦਾ ਕਰ ਦਿਤਾ ਗਿਆ ਹੈ। ਇਹ ਜ਼ਿੰਮੇਵਾਰੀ ਸੁਰਜੀਤ ਸਿੰਘ ਗੜ੍ਹੀ ਨੂੰ ਸੌਂਪੀ ਗਈ ਸੀ। ਉਂਜ ਅਕਾਲੀ ਦਲ ਸੁਧਾਰ ਲਹਿਰ ਨਾਲ ਸਬੰਧਤ ਬਹੁਤੇ ਮੈਂਬਰ ਵੀ ਅੱਜ ਅੰਮ੍ਰਿਤਸਰ ਪਹੁੰਚ ਗਏ ਹਨ। ਚੋਣ ਸਬੰਧੀ ਜਿਥੇ ਸ੍ਰੀ ਧਾਮੀ ਨੇ ਮੈਂਬਰਾਂ ਨਾਲ ਪਿਛਲੇ ਦਿਨੀਂ ਪਟਿਆਲਾ ’ਚ ਮੀਟਿੰਗ ਕੀਤੀ ਉਥੇ ਹੀ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਸੁਰਜੀਤ ਸਿੰਘ ਗੜ੍ਹੀ ਅਤੇ ਜਸਮੇਰ ਸਿੰਘ ਲਾਛੜੂ ਨੇ ਵੀ ਬਾਕੀ ਮੈਂਬਰਾਂ ਨਾਲ ਮੀਟਿੰਗਾਂ ਕੀਤੀਆਂ। ਇਸੇ ਦੌਰਾਨ ਕੁਝ ਸਮਾਂ ਪਹਿਲਾਂ ਅਮਰੀਕਾ ਗਏ ਪਟਿਆਲਾ ਜ਼ਿਲ੍ਹੇ ਦੇ ਸ਼੍ਰੋਮਣੀ ਕਮੇਟੀ ਮੈਂਬਰ ਕੁਲਦੀਪ ਸਿੰਘ ਨੱਸੂਪੁਰ ਅਤੇ ਮੁਹਾਲੀ ਤੋਂ ਹਰਦੀਪ ਸਿੰਘ ਸਣੇ ਕੁਝ ਹੋਰ ਮੈਂਬਰਾਂ ਦੇ ਵੀ ਵਿਦੇਸ਼ੋਂ ਵਤਨ ਪਰਤਣ ਦਾ ਪਤਾ ਲੱਗਿਆ ਹੈ।