ਪੁਲੀਸ ਦੇ ਡਰੋਂ ਨੌਜਵਾਨ ਨੇ ਦਰਿਆ ’ਚ ਛਾਲ ਮਾਰੀ
ਐੱਨਪੀ ਧਵਨ
ਪਠਾਨਕੋਟ, 10 ਮਾਰਚ
ਸਰਹੱਦੀ ਖੇਤਰ ਦੇ ਪਿੰਡ ਜਨਿਆਲ ਨੇੜੇ ਪੁਲੀਸ ਤੋਂ ਡਰਦੇ ਨੌਜਵਾਨ ਵੱਲੋਂ ਕੱਲ੍ਹ ਉੱਝ ਦਰਿਆ ਵਿੱਚ ਛਾਲ ਮਾਰ ਦਿੱਤੀ ਗਈ ਸੀ। ਇਸ ਕਾਰਨ ਗੁੱਜਰਾਂ ਅਤੇ ਪੁਲੀਸ ਦਰਮਿਆਨ ਤਣਾਅ ਪੈਦਾ ਹੋ ਗਿਆ ਪਰ ਅੱਜ ਲਾਸ਼ ਮਿਲਣ ਮਗਰੋਂ ਤਣਾਅ ਟਲ ਗਿਆ। ਮ੍ਰਿਤਕ ਦਾ ਨਾਂ ਸ਼ਰੀਫ ਅਲੀ ਦੱਸਿਆ ਜਾ ਰਿਹਾ ਹੈ। ਮ੍ਰਿਤਕ ਸ਼ਰੀਫ ਅਲੀ ਦੇ ਭਰਾ ਕਾਕਾ ਉਰਫ ਸਲੀਮ ਨੇ ਕਿਹਾ ਕਿ ਉਸ ਦਾ ਭਰਾ ਪਸ਼ੂਆਂ ਨੂੰ ਗੱਡੀ ਵਿੱਚ ਚੜ੍ਹਾ ਰਿਹਾ ਸੀ ਤਾਂ ਬਮਿਆਲ ਚੌਕੀ ਤੋਂ ਪੁਲੀਸ ਉੱਥੇ ਪਹੁੰਚ ਗਈ। ਪੁਲੀਸ ਵੱਲੋਂ ਤੰਗ ਕਰਨ ਕਾਰਨ ਉਸ ਦਾ ਭਰਾ ਭੱਜ ਗਿਆ ਤੇ ਪੁਲੀਸ ਵੱਲੋਂ ਪਿੱਛਾ ਕਰਨ ’ਤੇ ਬਚਾਅ ਲਈ ਉਸ ਨੇ ਦਰਿਆ ਵਿੱਚ ਛਾਲ ਮਾਰ ਦਿੱਤੀ। ਇਸ ਦੌਰਾਨ ਇੱਕ ਪੁਲੀਸ ਮੁਲਾਜ਼ਮ ਨੇ ਉਸ ਦੇ ਸਿਰ ’ਤੇ ਪੱਥਰ ਮਾਰ ਦਿੱਤਾ। ਸੱਟ ਲੱਗਣ ਕਾਰਨ ਸ਼ਰੀਫ ਅਲੀ ਪਾਣੀ ਵਿੱਚ ਡੁੱਬ ਗਿਆ। ਉਸ ਨੇ ਦੋਸ਼ ਲਾਇਆ ਕਿ ਪੁਲੀਸ ਨੇ ਉਸ ਦੇ ਭਰਾ ਨੂੰ ਮਾਰ ਦਿੱਤਾ ਹੈ।
ਪੱਥਰਬਾਜ਼ੀ ’ਚ ਤਿੰਨ ਮੁਲਾਜ਼ਮ ਜ਼ਖਮੀ: ਡੀਐੱਸਪੀ
ਡੀਐੱਸਪੀ (ਦਿਹਾਤੀ) ਸੁਖਜਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਚੌਕੀ ਬਮਿਆਲ ਦੇ ਇੰਚਾਰਜ ਏਐੱਸਆਈ ਵਿਜੇ ਕੁਮਾਰ ਨੇ 9 ਮਾਰਚ ਨੂੰ ਪਿੰਡ ਭੱਖੜੀ ਵਿੱਚ ਨਾਕਾ ਲਾਇਆ ਹੋਇਆ ਸੀ। ਇਸ ਦੌਰਾਨ ਲਾਪਤਾ ਨੌਜਵਾਨ ਸਣੇ 2 ਜਣੇ ਛੋਟਾ ਹਾਥੀ ਵਿੱਚ ਆਏ, ਪੁਲੀਸ ਨੂੰ ਦੇਖ ਕੇ ਰੁਕਣ ਦੀ ਬਜਾਏ ਉਹ ਭੱਜ ਗਏ। ਪੁਲੀਸ ਨੇ ਉਨ੍ਹਾਂ ਦਾ ਪਿੱਛਾ ਕੀਤਾ ਤਾਂ ਇੱਕ ਨੌਜਵਾਨ ਉਝ ਦਰਿਆ ਵਿੱਚ ਲਾਪਤਾ ਹੋ ਗਿਆ, ਦੂਜਾ ਜੰਮੂ-ਕਸ਼ਮੀਰ ਵੱਲ ਭੱਜ ਗਿਆ। ਜਦੋਂ ਪੁਲੀਸ ਉਨ੍ਹਾਂ ਦੇ ਵਾਹਨ ਦੀ ਤਲਾਸ਼ੀ ਲੈ ਰਹੀ ਸੀ ਤਾਂ ਉਨ੍ਹਾਂ ਦੇ ਕੁਝ ਵਿਅਕਤੀ ਆ ਗਏ ਅਤੇ ਵਾਹਨ ’ਤੇ ਪੱਥਰਬਾਜ਼ੀ ਕੀਤੀ। ਇਸ ਨਾਲ ਦੋ ਮਹਿਲਾ ਅਤੇ ਇੱਕ ਪੁਰਸ਼ ਪੁਲੀਸ ਮੁਲਾਜ਼ਮ ਜ਼ਖ਼ਮੀ ਹੋ ਗਏ। ਇਸ ਸਬੰਧੀ ਨਰੋਟ ਜੈਮਲ ਸਿੰਘ ਵਿੱਚ ਕੇਸ ਦਰਜ ਕੀਤਾ ਗਿਆ ਹੈ। ਜਦਕਿ ਪੁਲੀਸ ਨੂੰ ਗੱਡੀ ਵਿੱਚੋਂ 4 ਪਸ਼ੂ ਬਰਾਮਦ ਹੋਏ ਹਨ।