For the best experience, open
https://m.punjabitribuneonline.com
on your mobile browser.
Advertisement

ਡਰ

06:58 AM Aug 04, 2024 IST
ਡਰ
Advertisement

ਜਸਵਿੰਦਰ ਸਿੰਘ ਛਿੰਦਾ

Advertisement

ਬਚਪਨ ਤੋਂ ਹੀ ਬਲਦੇਵ ਸਿੰਘ ਬਿੱਲੂ ਦੇ ਮਨ ’ਚ ਡਰ ਬੈਠਿਆ ਹੋਇਆ ਸੀ। ਉਹ ਹਰ ਗੱਲ ’ਤੇ ਝਿਜਕਦਾ, ਡਰਦਾ ਰਹਿੰਦਾ। ਉਹ ਕੋਈ ਗ਼ਲਤੀ ਵੀ ਨਹੀਂ ਸੀ ਕਰਦਾ ਸਗੋਂ ਸ਼ੁਰੂ ਤੋਂ ਹੀ ਮਾਪਿਆਂ ਦਾ ਆਗਿਆਕਾਰੀ ਪੁੱਤਰ ਰਿਹਾ। ਡਰ ਨੇ ਉਸ ਦੇ ਮਨ ’ਤੇ ਕਬਜ਼ਾ ਕੀਤਾ ਹੋਇਆ ਸੀ। ਬਚਪਨ ਤੋਂ ਸ਼ੁਰੂ ਹੋਇਆ ਡਰ ਜਵਾਨੀ ਤੇ ਆਖ਼ਰੀ ਦਮ ਤੱਕ ਨਾਲ ਹੀ ਰਿਹਾ। ਡਰ-ਡਰ ਕੇ ਹੀ ਪੜ੍ਹਦਾ ਰਿਹਾ। ਸਾਉਣ ਦੇ ਮੌਸਮ ’ਚ ਉਹ ਹੋਰਨਾਂ ਜੁਆਕਾਂ ਨਾਲ ਰਲ ਕੇ ਮੀਂਹ ’ਚ ਇਸ ਕਰਕੇ ਨਾ ਨਹਾਉਂਦਾ ਕਿ ਕਿਧਰੇ ਚਮਕਦੀ-ਗੜ੍ਹਕਦੀ ਬਿਜਲੀ ਉਸ ’ਤੇ ਡਿੱਗ ਹੀ ਨਾ ਪਵੇ। ਖੇਡਾਂ ’ਚ ਭਾਗ ਇਸ ਕਰਕੇ ਨਾ ਲੈਂਦਾ ਕਿ ਜੇ ਕੋਈ ਖੇਡ ਖੇਡਦੇ ਸੱਟ ਲੱਗ ਗਈ ਤਾਂ ਕੀ ਹੋਵੇਗਾ। ਉਹ ਕਿਸੇ ਨਾਲ ਲੜਦਾ ਵੀ ਨਹੀਂ ਸੀ। ਲੜਾਈ ’ਚ ਤਾਂ ਨੁਕਸਾਨ ਹੋਣ ਦਾ ਡਰ ਸਭ ਤੋਂ ਵਧੇਰੇ ਹੁੰਦਾ ਹੈ।
ਬਹੁਤੇ ਮਾਪਿਆਂ ਦੀ ਤਰ੍ਹਾਂ ਇਹ ਡਰ ਉਸ ਦੇ ਮਾਪਿਆਂ ਵੱਲੋਂ ਹੀ ਪਾਇਆ ਜਾਪਦਾ ਸੀ। ਕੋਈ ਵੀ ਅਣਹੋਣੀ ਹੋਣ ਦੇ ਡਰੋਂ ਅਕਸਰ ਮਾਪੇ ਜਿਵੇਂ ਆਪਣੇ ਬੱਚਿਆਂ ਨੂੰ ਹਰ ਪਾਸਿਉਂ ਰੋਕਣ ਲਈ ਕਹਿੰਦੇ ਰਹਿੰਦੇ ਹਨ, ‘‘ਇਉਂ ਨਾ ਕਰੀਂ ਇਉਂ ਹੋ ਜਾਊ’’, ‘‘ਉੱਥੇ ਨਾ ਜਾਈਂ ਇਉਂ ਹੋ ਜਾਊ।’’
ਸ਼ਾਇਦ ਇਸੇ ਵਜ੍ਹਾ ਕਰਕੇ ਉਹ ਕੁਝ ਵੀ ਕਰਨ ਤੋਂ ਹਮੇਸ਼ਾ ਡਰਦਾ ਰਹਿੰਦਾ। ਖੇਤ ਪੱਠੇ ਵੱਢਣ ਲਗਦਾ ਤਾਂ ਉਸ ਦਾ ਬਾਪੂ ‘‘ਦੇਖੀਂ ਕਿਤੇ ਹੱਥ ਨਾ ਵਢਾ ਲਈਂ’’ ਕਹਿ ਕੇ ਝੱਟ ਉਸ ਤੋਂ ਦਾਤੀ ਫੜ ਲੈਂਦਾ। ਕਾਲਜ ਗਿਆ ਤਾਂ ਮੁੰਡੀਹਰ ’ਚ ਨਾ ਪਿਆ। ਮੁੰਡੀਹਰ ਸ਼ਬਦ ਤੋਂ ਹੀ ਉਸ ਨੂੰ ਡਰ ਸੀ। ਉਹ ਕਿਸੇ ਕੁੜੀ ਦੇ ਚੱਕਰ ਵਿੱਚ ਵੀ ਨਾ ਪਿਆ। ਉਸ ਨੂੰ ਡਰ ਸੀ ਮਤੇ ਕੋਈ ਜਾਣਬੁੱਝ ਕੇ ਉਸ ਨੂੰ ਕਿਸੇ ਗੱਲ ’ਚ ਫਸਾ ਦੇਵੇ। ਉਹ ਇਹ ਵੀ ਸੋਚਦਾ ਕਿ ਉਹ ਅੱਜ ਕਿਸੇ ਕੁੜੀ ਬਾਰੇ ਗ਼ਲਤ ਸੋਚੇਗਾ ਤਾਂ ਕੱਲ੍ਹ ਨੂੰ ਕੋਈ ਉਸ ਦੀ ਭੈਣ ਬਾਰੇ ਵੀ ਗ਼ਲਤ ਸੋਚ ਸਕਦਾ ਹੈ।
ਉਸ ਨੂੰ ਆਪਣੀ ਭੈਣ ਦਾ ਫ਼ਿਕਰ ਰਹਿੰਦਾ। ਇਸੇ ਡਰ ਕਰਕੇ ਉਹ ਆਪਣੀ ਭੈਣ ’ਤੇ ਵੀ ਕਰੜੀ ਨਿਗ੍ਹਾ ਰੱਖਦਾ ਜੋ ਉਸ ਨਾਲ ਹੀ ਸ਼ਹਿਰ ਪੜ੍ਹਦੀ ਸੀ। ਪੜ੍ਹਦੇ-ਪੜ੍ਹਦੇ ਹੀ ਉਸ ਦੀ ਭੈਣ ਦਾ ਕੈਨੇਡਾ ਦੇ ਮੁੰਡੇ ਨਾਲ ਵਿਆਹ ਕਰ ਦਿੱਤਾ ਸੀ। ਛੇਤੀ ਹੀ ਉਹ ਕੈਨੇਡਾ ਚਲੀ ਗਈ। ਭੈਣ ਦਾ ਵਿਆਹ ਹੋਣ ’ਤੇ ਜਿਵੇਂ ਉਸ ਨੂੰ ਚੜ੍ਹਿਆ ਤਈਆ ਤਾਪ ਉਤਰ ਗਿਆ ਹੋਵੇ। ਉਹ ਸੁਰਖ਼ੁਰੂ ਹੋ ਕੇ ਪੜ੍ਹਾਈ ਵੱਲ ਧਿਆਨ ਦੇਣ ਲੱਗਾ ਤੇ ਪੜ੍ਹਾਈ ਪੂਰੀ ਕਰ ਲਈ।
ਪੜ੍ਹਾਈ ਉਪਰੰਤ ਆਪਣੀ ਭੱਜ-ਨੱਠ ਨਾਲ ਉਹ ਪੀ.ਏ.ਯੂ. ਲੁਧਿਆਣਾ ਵਿਖੇ ਨੌਕਰੀ ’ਤੇ ਲੱਗ ਗਿਆ। ਨੌਕਰੀ ਉਪਰੰਤ ਪਰਿਵਾਰ ਵਾਲਿਆਂ ਨੇ ਉਸ ਦੇ ਵਿਆਹ ਦੀ ਗੱਲ ਤੋਰੀ। ਸਰਕਾਰੀ ਨੌਕਰੀ ਕਰਦਾ ਹੋਣ ਕਰਕੇ ਕਈ ਥਾਵਾਂ ’ਤੇ ਰਿਸ਼ਤਿਆਂ ਦੀ ਗੱਲ ਚੱਲੀ। ਉਸ ਦੀ ਮਾਂ ਹਰ ਇੱਕ ਨੂੰ ਆਖਦੀ, ‘‘ਸੁੱਖ ਨਾਲ ਮੁੰਡੇ ਨੂੰ ਪੜ੍ਹਾਇਆ-ਲਿਖਾਇਆ, ਹੁਣ ਚੰਗੀ ਸਰਕਾਰੀ ਨੌਕਰੀ ਕਰਦਾ ਭਾਈ; ਕੁੜੀ ਤਾਂ ਅਸੀਂ ਹੇਮਾ ਮਾਲਿਨੀ ਵਰਗੀ ਸੋਹਣੀ-ਸੁਨੱਖੀ ਲੈਣੀ ਹੈ।’’
ਹੇਮਾ ਮਾਲਿਨੀ ਦਾ ਨਾਂ ਸੁਣਦਿਆਂ ਹੀ ਉਸ ਅੱਗੇ ਕਰੀਨਾ ਕਪੂਰ, ਕੈਟਰੀਨਾ ਕੈਫ਼ ਜਿਹੀਆਂ ਉਸ ਦੇ ਜ਼ਮਾਨੇ ਦੀਆਂ ਹੀਰੋਇਨਾਂ ਆ ਜਾਂਦੀਆਂ। ਕੁਝ ਸੋਚ ਕੇ ਉਸ ਨੂੰ ਧੁੜਤੜੀ ਜਿਹੀ ਆ ਜਾਂਦੀ। ਉਸ ਦੇ ਮਨ ’ਚ ਖ਼ਿਆਲ ਆਉਂਦਾ ਕਿ ਉਸ ਦੀ ਪਤਨੀ ਇਨ੍ਹਾਂ ਹੀਰੋਇਨਾਂ ਵਰਗੀ ਸੋਹਣੀ ਨਹੀਂ ਹੋਣੀ ਚਾਹੀਦੀ। ਸੋਹਣੀ ਜ਼ਨਾਨੀ ਨੂੰ ਹਰ ਕੋਈ ਮਾੜੀ ਨਿਗ੍ਹਾ ਨਾਲ ਦੇਖਦਾ ਹੈ। ਬੱਸ! ਕਣਕਵੰਨੇ ਰੰਗ ਦੀ ਸਿੱਧ-ਪੱਧਰੀ ਜਿਹੀ ਕੁੜੀ ਹੀ ਉਸ ਦੀ ਘਰਵਾਲੀ ਹੋਵੇ।
ਆਖ਼ਰ ਉਸ ਦਾ ਵਿਆਹ ਹੋ ਗਿਆ। ਜੋ ਕੁੜੀ ਉਸ ਦਾ ਪੱਲਾ ਫੜ ਕੇ, ਚਾਰ ਲਾਵਾਂ ਲੈ ਕੇ ਜੀਵਨ ਸਾਥਣ ਬਣ ਕੇ ਉਸ ਦੇ ਘਰ ਆਈ, ਉਹ ਨਾ ਤਾਂ ਕਣਕਵੰਨੀ ਸੀ ਅਤੇ ਨਾ ਹੀ ਹੇਮਾ ਮਾਲਿਨੀ ਵਰਗੀ ਸੀ। ਜਿਸ ਤਰ੍ਹਾਂ ਦੀ ਨੂੰਹ ਹਰ ਕੋਈ ਲੋਚਦਾ ਹੈ, ਉਹ ਉਹੀ ਸੀ। ਮਨਜੀਤ ਕੌਰ ਨਾਂ ਸੀ ਉਸ ਦਾ। ਪੇਕੇ ਪਿੰਡ ਉਸ ਨੂੰ ਪਿਆਰ ਨਾਲ ਮੀਤੀ ਕਹਿ ਕੇ ਵੀ ਬੁਲਾਉਂਦੇ ਸਨ। ਸਹੁਰਾ ਪਰਿਵਾਰ ਉਸ ਦਾ ਪੂਰਾ ਨਾਂ ਲੈ ਕੇ ਹੀ ਬੁਲਾਉਂਦਾ। ਉਸ ਨੇ ਬੀ.ਏ. ਕੀਤੀ ਹੋਈ ਸੀ, ਪਰ ਉਹ ਘਰੇਲੂ ਔਰਤ ਰਹਿ ਕੇ ਖ਼ੁਸ਼ ਸੀ। ਬਿੱਲੂ ਵੀ ਇਹੀ ਚਾਹੁੰਦਾ ਸੀ।
ਨਵਾਂ ਪਰਿਵਾਰ ਵੀ ਆਪਣੀ ਪਟੜੀ ’ਤੇ ਚੱਲ ਪਿਆ ਸੀ। ਬਿੱਲੂ ਦੀ ਘਰਵਾਲੀ ਹਰ ਕੰਮ ’ਚ ਨਿਪੁੰਨ ਸੀ। ਸੱਸ-ਸਹੁਰੇ ਦਾ ਸਤਿਕਾਰ ਕਰਨਾ ਉਸ ਦੇ ਪੇਕਿਆਂ ਦੀ ਸਿੱਖਿਆ ਦਾ ਅਸਰ ਵੀ ਸੀ। ਘਰ ’ਚ ਕਦੇ ਵੀ ਕੋਈ ਉੱਚੀ ਆਵਾਜ਼ ਵਿੱਚ ਨਾ ਬੋਲਦਾ। ਬਿੱਲੂ ਡਿਊਟੀ ਜਾਣ ਲਈ ਤਿਆਰ ਹੁੰਦਾ ਤਾਂ ਉਹ ਉਸ ਦੇ ਕੱਪੜੇ ਪ੍ਰੈੱਸ ਕਰਕੇ ਰੱਖਦੀ। ਉਹ ਸਾਰਾ ਦਿਨ ਘਰ ’ਚ ਕੋਈ ਨਾ ਕੋਈ ਕੰਮ ਕਰਦੀ ਰਹਿੰਦੀ। ਸੱਸ ਮਾਂ ਉਸ ਨੂੰ ਆਰਾਮ ਕਰਨ ਲਈ ਆਖਦੀ, ਪਰ ਉਹ ਹੱਸ ਕੇ ਆਪਣੇ ਕੰਮਾਂ ’ਚ ਮਸਤ ਰਹਿੰਦੀ। ਆਪਣੇ ਮਾਪਿਆਂ, ਭੈਣ-ਭਰਾਵਾਂ ਨਾਲ ਗੱਲ ਕਰਨ ਲਈ ਅਜੇ ਤੱਕ ਉਸ ਕੋਲ ਆਪਣਾ ਮੋਬਾਈਲ ਨਹੀਂ ਸੀ। ਸ਼ੁਰੂ-ਸ਼ੁਰੂ ’ਚ ਲੈਂਡਲਾਈਨ ਫੋਨ ਸੀ, ਪਰ ਮੋਬਾਈਲ ਦਾ ਬੋਲਬਾਲਾ ਵਧਣ ਕਾਰਨ ਉਹ ਬੰਦ ਕਰਵਾ ਦਿੱਤਾ ਸੀ। ਪਤੀ ਦੇਵ ਦੇ ਮੋਬਾਈਲ ਤੋਂ ਹੀ ਉਹ ਗੱਲ ਕਰਦੀ। ਉਂਝ ਸੱਸ-ਸਹੁਰਾ ਕੋਲ ਵੀ ਮੋਬਾਈਲ ਸੀ, ਪਰ ਉਸ ਨੇ ਕਦੇ ਵੀ ਉਨ੍ਹਾਂ ਦਾ ਫੋਨ ਲੈ ਕੇ ਗੱਲ ਨਾ ਕਰਨੀ ਚਾਹੀ। ਇੱਕ ਦੋ ਵਾਰ ਉਸ ਨੇ ਬਲਦੇਵ ਨੂੰ ਫੋਨ ਲੈ ਕੇ ਦੇਣ ਲਈ ਵੀ ਕਿਹਾ। ਉਸ ਨੇ ਹਾਂ-ਹੂੰ ਕਰ ਛੱਡੀ ਸੀ। ਘਰਵਾਲੀ ਵੱਲੋਂ ਮੋਬਾਈਲ ਫੋਨ ਮੰਗਣ ਕਰਕੇ ਉਸ ਦੇ ਮਨ ’ਚ ਇੱਕ ਵਾਰ ਫਿਰ ਡਰ ਉੱਭਰ ਆਇਆ। ਡਰ ਸੀ ਕਿ ਜੇ ਉਸ ਨੇ ਫੋਨ ਲੈ ਕੇ ਦੇ ਦਿੱਤਾ ਤਾਂ ਕਿਤੇ ਉਹ ਕਿਸੇ ਨਾਲ...। ਇਸੇ ਵਜ੍ਹਾ ਕਰਕੇ ਉਸ ਨੇ ਪਤਨੀ ਨੂੰ ਫੋਨ ਨਾ ਲੈ ਕੇ ਦਿੱਤਾ।
ਸਾਲ ਕੁ ਬਾਅਦ ਉਨ੍ਹਾਂ ਦੇ ਘਰ ਨੰਨ੍ਹੀ ਪਰੀ ਨੇ ਜਨਮ ਲਿਆ। ਸੱਸ ਮਾਂ ਨੇ ਹਸਪਤਾਲ ’ਚ ਹੀ ਬਰਫ਼ੀ ਵੰਡੀ। ‘‘ਧੀਆਂ ਤਾਂ ਲੱਛਮੀ ਹੁੰਦੀਆਂ ਨੇ’’ ਕਹਿ ਕੇ ਉਹ ਹਰ ਇੱਕ ਨਾਲ ਖ਼ੁਸ਼ੀਆਂ ਸਾਂਝੀਆਂ ਕਰਦੀ। ਦਾਦੀ ਨੇ ਹੀ ਉਸ ਦਾ ਨਾਂ ਦਿਲਪ੍ਰੀਤ ਕੌਰ ਰੱਖਿਆ। ਬਲਦੇਵ ਸਿੰਘ ਉਂਝ ਤਾਂ ਧੀ ਦੇ ਜਨਮ ’ਤੇ ਖ਼ੁਸ਼ ਸੀ, ਪਰ ਧੀਆਂ ਪ੍ਰਤੀ ਮੌਜੂਦਾ ਹਾਲਾਤ ਨੇ ਉਸ ਦੇ ਮਨ ’ਚ ਡਰ ਪੈਦਾ ਕਰ ਦਿੱਤਾ ਸੀ।
ਦਿਲਪ੍ਰੀਤ ਕੌਰ ਤਿੰਨ ਸਾਲ ਦੀ ਹੋ ਗਈ। ਪਿਉ-ਧੀ ਇੱਕ-ਦੂਜੇ ਦਾ ਵਧ ਕੇ ਪਿਆਰ ਕਰਦੇ। ਧੀ ਉਸ ਦੇ ਢਿੱਡ ’ਤੇ ਹੀ ਸੌਂ ਜਾਂਦੀ। ਮਾਂ ਨੇ ਕਈ ਵਾਰ ਆਪਣੇ ਪੁੱਤ ਤੇ ਨੂੰਹ ਨੂੰ ਕਿਹਾ ਕਿ ਲੱਛਮੀ ਤਾਂ ਆ ਗਈ ਹੁਣ ਵੰਸ ਅੱਗੇ ਚਲਾਉਣ ਲਈ ਪੋਤੇ ਦਾ ਮੂੰਹ ਵੀ ਦਿਖਾਉਣ।
ਮਨਜੀਤ ਹੱਸ ਕੇ ਸਾਰ ਦਿੰਦੀ, ਪਰ ਬਲਦੇਵ ਦੇ ਮਨ ’ਚ ਇੱਕ ਹੋਰ ਡਰ ਬੈਠ ਗਿਆ, ਕਿਤੇ ਫੇਰ ਕੁੜੀ ਨਾ ਹੋ ਜਾਵੇ। ਕੁੜੀ ਤਾਂ ਇੱਕ ਪਾਲਣੀ ਔਖੀ ਹੈ ਇਸ ਜ਼ਮਾਨੇ ’ਚ। ਘਰਵਾਲੀ ਨੇ ਉਸ ਦਾ ਡਰ ਦੂਰ ਕੀਤਾ। ਉਹ ਤਿਆਰ ਹੋ ਗਿਆ। ਧੀ ਨਾਲੋਂ ਚਾਰ ਸਾਲ ਛੋਟਾ ਮੁੰਡਾ ਵੀ ਉਨ੍ਹਾਂ ਦੇ ਘਰ ਅੰਤਾਂ ਦੀਆਂ ਖ਼ੁਸ਼ੀਆਂ ਲੈ ਕੇ ਆਇਆ। ਉਸ ਦਾ ਨਾਂ ਮਨਪ੍ਰੀਤ ਸਿੰਘ ਰੱਖਿਆ। ਲੋਹੜੀ ਵੰਡੀ। ਮਨਜੀਤ ਦੋਵੇਂ ਬੱਚਿਆਂ ਦੀ ਖ਼ੂਬ ਦੇਖਭਾਲ ਕਰਦੀ। ਉਹ ਉਨ੍ਹਾਂ ’ਚ ਹੀ ਰੁੱਝੀ ਰਹਿੰਦੀ। ਇਹ ਦੇਖ ਬਲਦੇਵ ਦੇ ਮਨ ਦਾ ਡਰ ਘਟ ਗਿਆ ਸੀ। ਹੁਣ ਉਸ ਨੂੰ ਲੱਗਦਾ ਕਿ ਮਨਜੀਤ ਫੋਨ ਦਾ ਗ਼ਲਤ ਇਸਤੇਮਾਲ ਨਹੀਂ ਕਰੇਗੀ। ਚਾਰ ਸਾਲਾਂ ਬਾਅਦ ਦਿਲਪ੍ਰੀਤ ਕੌਰ ਦੇ ਜਨਮ ਮੌਕੇ ਬਲਦੇਵ ਨੇ ਮਨਜੀਤ ਨੂੰ ਫੋਨ ਲੈ ਕੇ ਦਿੱਤਾ।
ਉਸ ਨੂੰ ਹੁਣ ਇੱਕ ਹੋਰ ਡਰ ਨੇ ਘੇਰ ਲਿਆ। ਦਰਅਸਲ, ਉਨ੍ਹਾਂ ਨੇ ਆਪਣੀ ਧੀ ਦਿਲਪ੍ਰੀਤ ਨੂੰ ਸ਼ਹਿਰ ਦੇ ਚੰਗੇ ਪ੍ਰਾਈਵੇਟ ਸਕੂਲ ’ਚ ਲਾਇਆ ਸੀ ਅਤੇ ਉਸ ਨੂੰ ਵੈਨ ਰਾਹੀਂ ਸਕੂਲ ਭੇਜਿਆ ਜਾਂਦਾ। ਬਲਦੇਵ ਦੇ ਮਨ ’ਚ ਡਰ ਰਹਿੰਦਾ, ਕਿਤੇ ਉਸ ਦੀ ਧੀ ਦੇ ਸਕੂਲ ਦੀ ਬੱਸ ਦਾ ਹਾਦਸੇ ਦਾ ਸ਼ਿਕਾਰ ਹੀ ਨਾ ਹੋ ਜਾਵੇ। ਉਹ ਆਪਣੀ ਧੀ ਨੂੰ ਕਦੇ ਬੱਸ ਦੇ ਬਿਲਕੁਲ ਪਿੱਛੇ ਇਹ ਸੋਚ ਕੇ ਬਿਠਾਉਂਦਾ ਕਿ ਜੇ ਆਹਮੋ-ਸਾਹਮਣੇ ਕੋਈ ਦੁਰਘਟਨਾ ਹੋ ਵੀ ਜਾਵੇ ਤਾਂ ਸਭ ਤੋਂ ਪਿੱਛੇ ਬੈਠੇ ਬੱਚੇ ਦੇ ਸੱਟ ਘੱਟ ਲੱਗੇਗੀ। ਅਗਲੇ ਦਿਨ ਉਹ ਸੋਚਦਾ, ‘ਨਹੀਂ ਨਹੀਂ, ਜੇ ਕਿਸੇ ਗੱੱਡੀ ਨੇ ਪਿੱਛਿਉਂ ਟੱਕਰ ਮਾਰੀ ਫੇਰ...?’
ਫਿਰ ਉਹ ਸੋਚ ਕੇ ਧੀ ਨੂੰ ਵਿਚਾਲੇ ਬੈਠਣ ਲਈ ਕਹਿੰਦਾ। ਅੱਗਿਉਂ ਜਾਂ ਪਿੱਛਿਉਂ ਜੇ ਕੋਈ ਹਾਦਸਾ ਹੁੰਦਾ ਵੀ ਹੈ ਤਾਂ ਵਿਚਕਾਰਲੇ ਬੱਚਿਆਂ ਨੂੰ ਘੱਟ ਸੱਟਾਂ ਵੱਜਣਗੀਆਂ। ਫੇਰ ਅਗਲੇ ਪਲ ਸੋਚਦਾ, ‘ਨਾ ਨਾ... ਜੇ ਅੱਗੋਂ-ਪਿੱਛੋਂ ਕੋਈ ਹਾਦਸਾ ਹੁੰਦਾ ਹੈ ਤਾਂ ਵਿਚਕਾਰਲੇ ਬੱਚੇ ਨੂੰ ਤਾਂ ਦੋਵੇਂ ਪਾਸਿਉਂ ਹੀ ਸੱਟਾਂ ਲੱਗ ਸਕਦੀਆਂ ਨੇ...!’ ਇਹ ਸੋਚ-ਸੋਚ ਉਹ ਚਿੰਤਾ ’ਚ ਡੁੱਬ ਜਾਂਦਾ ਤੇ ਮਨ ਹੀ ਮਨ ਅਰਦਾਸਾਂ ਕਰਦਾ।
ਇਸੇ ਡਰ ਦੇ ਨਾਲ ਇੱਕ ਹੋਰ ਡਰ ਜੁੜ ਗਿਆ। ਆਏ ਦਿਨ ਅਖ਼ਬਾਰਾਂ ’ਚ ਛਪਦੀਆਂ ਖ਼ਬਰਾਂ ਨੂੰ ਪੜ੍ਹ-ਸੁਣ ਕੇ ਉਹ ਡਰ ਜਾਂਦਾ। ਸੋਚਦਾ ਕਿਤੇ ਡਰਾਈਵਰ ਉਸ ਦੀ ਨੰਨ੍ਹੀ ਪਰੀ ਨਾਲ ਛੇੜਛਾੜ ਨਾ ਕਰੇ। ਉਹ ਆਪਣੀ ਧੀ ਨੂੰ ਬੱਸ ’ਚ ਚੜ੍ਹਾਉਣ ਆਇਆ ਹਰ ਰੋਜ਼ ਡਰਾਈਵਰ ਦੇ ਚਿਹਰੇ ਵੱਲ ਦੇਖਦਾ। ਉਸ ਦਾ ਚਿਹਰਾ ਪੜ੍ਹਨ ਦੀ ਕੋਸ਼ਿਸ਼ ਕਰਦਾ। ਡਰਾਈਵਰ ਜੇ ਉਸ ਨੂੰ ਹੱਸਕੇ ਸਤਿ ਸ੍ਰੀ ਅਕਾਲ ਕਹਿੰਦਾ ਤਾਂ ਉਹ ਮਸਾਂ ਜਵਾਬ ਦਿੰਦਾ। ਜੇ ਉਸ ਦੀ ਧੀ ਨੂੰ ਹੱਸਕੇ ਬੁਲਾਉਂਦਾ ਤੇ ਅਗਲੀ ਸੀਟ ’ਤੇ ਬੈਠਣ ਲਈ ਕਹਿੰਦਾ ਤਾਂ ਉਸ ਨੂੰ ਬਹੁਤ ਬੁਰਾ ਲਗਦਾ। ਡਰਾਈਵਰ ਪ੍ਰਤੀ ਬਿਨਾਂ ਗੱਲੋਂ ਉਸ ਦੇ ਮਨ ’ਚ ਅਨੇਕਾਂ ਖ਼ਿਆਲ ਘੁੰਮਣਘੇਰੀ ਪਾ ਬੈਠਦੇ ਜੋ ਖ਼ਤਮ ਹੋਣ ਦਾ ਨਾਂ ਹੀ ਨਾ ਲੈਂਦੇ ਸਗੋਂ ਸਾਰੀ ਦਿਹਾੜੀ ਉਸ ਦਾ ਪਿੱਛਾ ਕਰਦੇ।
ਆਪਣੀ ਡਿਊਟੀ ਜਾਂਦੇ ਸਮੇਂ ਬੱਸ ’ਚ ਬੈਠਾ, ਸ਼ੀਸ਼ੇ ਵਿਚਦੀ ਬੱਸ ਦੇ ਡਰਾਈਵਰ ਨੂੰ ਪਿੱਛੇ ਸੋਹਣੀਆਂ ਕੁੜੀਆਂ ਵੱਲ ਦੇਖਦੇ ਨੂੰ ਦੇਖ ਕੇ ਮਨ ਹੀ ਮਨ ਉਸ ਨੂੰ ਗਾਲ੍ਹਾਂ ਕੱਢਣ ਲੱਗਦਾ। ਉਸ ਨੂੰ ਉਹ ਆਪਣੀ ਧੀ ਦੀ ਬੱਸ ਦਾ ਡਰਾਈਵਰ ਲੱਗਣ ਲਗਦਾ।
ਸਮਾਂ ਲੰਘਦਿਆਂ ਪਤਾ ਨਹੀਂ ਲਗਦਾ। ਧੀਆਂ ਕਦੋਂ ਕੋਠੇ ਜਿੱਠੀਆਂ ਹੋ ਜਾਂਦੀਆਂ ਨੇ, ਇਹ ਵੀ ਪਤਾ ਨਹੀਂ ਲਗਦਾ। ਬਲਦੇਵ ਦੀ ਧੀ ਨੇ 10 ਜਮਾਤਾਂ ਕਰ ਲਈਆਂ ਸਨ। ਉਹ ਮੁਟਿਆਰ ਹੋ ਗਈ ਸੀ। ਉੁਹ ਨਾ ਮਾਂ ’ਤੇ ਗਈ ਸੀ ਤੇ ਨਾ ਪਿਉ ’ਤੇ। ਉਹ ਤਾਂ ਫਿਲਮੀ ਹੀਰੋਇਨਾਂ ਨੂੰ ਵੀ ਮਾਤ ਪਾਉਂਦੀ ਸੀ। ਜਿੱਥੇ ਮਾਂ ਆਪਣੀ ਧੀ ਦੀ ਸੁੰਦਰਤਾ ਨੂੰ ਰੱਜ-ਰੱਜ ਸਲਾਹੁੰਦੀ, ਉੱਥੇ ਬਲਦੇਵ ਜਦੋਂ ਵੀ ਆਪਣੀ ਧੀ ਦੇ ਚਿਹਰੇ ਵੱਲ ਦੇਖਦਾ ਤਾਂ ਉਸ ਨੂੰ ਤ੍ਰੇਲ਼ੀਆਂ ਆ ਜਾਂਦੀਆਂ। ਉਸ ਨੂੰ ਹੁਣ ਜਵਾਨ ਧੀ ਦਾ ਡਰ ਸਤਾਉਣ ਲੱਗਾ।
ਭਾਵੇਂ ਬਲਦੇਵ ਆਪਣੇ ਬੱਚਿਆਂ ਦੀ ਪੜ੍ਹਾਈ ’ਚ ਕੋਈ ਕਸਰ ਨਹੀਂ ਛੱਡਣਾ ਚਾਹੁੰਦਾ ਸੀ, ਪਰ ਉਸ ਦੇ ਮਨ ’ਚ ਧੀ ਨੂੰ ਇਕੱਲੀ ਸ਼ਹਿਰ ਤੋਰਨ ਦਾ ਡਰ ਵੀ ਸੀ। ਉਸ ਦੀ ਕੈਨੇਡਾ ਰਹਿੰਦੀ ਭੈਣ ਨੇ ਕਿਹਾ ਸੀ ਕਿ ਬੱਚਿਆਂ ਨੂੰ ਚੰਗੀ ਪੜ੍ਹਾਈ ਕਰਵਾਉਣ। ਉਹ ਇਨ੍ਹਾਂ ਨੂੰ ਜਲਦੀ ਹੀ ਕੈਨੇਡਾ ਬੁਲਾ ਲਵੇਗੀ। ਧੀ ਵੀ ਕੈਨੇਡਾ ਆਪਣੀ ਭੂਆ ਕੋਲ ਜਾਣ ਲਈ ਉਤਾਵਲੀ ਸੀ। ਇਸ ਲਈ ਪੜ੍ਹਾਈ ਜ਼ਰੂਰੀ ਸੀ। ਆਖ਼ਰ ਉਸ ਨੇ ਧੀ ਨੂੰ ਸ਼ਹਿਰ ਪੜ੍ਹਨ ਲਾ ਦਿੱਤਾ। ਉਸ ਦਾ ਮੁੰਡਾ ਵੀ ਹੁਣ ਅੱਠਵੀਂ ’ਚ ਹੋ ਗਿਆ ਸੀ। ਦੋਵੇਂ ਬੱਚਿਆਂ ਦੀ ਪੜ੍ਹਾਈ ਉਸ ਦੀ ਪਤਨੀ ਦੀ ਦੇਖ-ਰੇਖ ਕਾਰਨ ਬਹੁਤ ਵਧੀਆ ਸੀ। ਬਲਦੇਵ ਸਿੰਘ ਦੇ ਮਨ ਦਾ ਡਰ ਉਵੇਂ ਬਰਕਰਾਰ ਸੀ ਤੇ ਧੀ ਦੀ ਪੜ੍ਹਾਈ ਵੀ ਨਿਰੰਤਰ ਜਾਰੀ ਸੀ। ਉਸ ਦਾ ਬੀ.ਏ. ਫਾਈਨਲ ਦੇ ਪੇਪਰ ਦੇਣ ਦਾ ਸਮਾਂ ਆ ਗਿਆ।
ਘਰ ਲਈ ਜ਼ਰੂਰੀ ਖਰੀਦੋ-ਫਰੋਖਤ ਲਈ ਛੁੱਟੀ ਵਾਲੇ ਦਿਨ ਉਹ ਸਾਰੇ ਸ਼ਹਿਰ ਗਏ। ਸਾਮਾਨ ਲੈਣ ਉਪਰੰਤ ਆਖ਼ਰੀ ਕੱਪੜੇ ਵਾਲੀ ਦੁਕਾਨ ਤੋਂ ਕੱਪੜੇ ਖਰੀਦ ਕੇ ਜਿਉਂ ਹੀ ਉਹ ਦੁਕਾਨ ’ਚੋਂ ਬਾਹਰ ਨਿਕਲ਼ੇ ਤਾਂ ਇੱਕ ਪਰਵਾਸੀ ਪੰਜਾਬੀ ਪਰਿਵਾਰ ਕੱਪੜੇ ਵਾਲੀ ਦੁਕਾਨ ਅੰਦਰ ਆਇਆ। ਦੁਕਾਨ ਦੀ ਦੇਹਲ਼ੀ ’ਤੇ ਉਹ ਇੱਕ-ਦੂਜੇ ਕੋਲੋਂ ਲੰਘੇ। ਅੰਦਰ ਵੜਦਿਆਂ ਹੀ ਪਰਵਾਸੀ ਪਰਿਵਾਰ ’ਚ ਸ਼ਾਮਲ ਲੜਕੇ ਨੇ ਕੁਝ ਕਹਿਣਾ ਸ਼ੁਰੂ ਕੀਤਾ। ਨਾਲ ਆਏ ਸਿਆਣੇ ਬੰਦੇ ਨੇ ਕਿਹਾ, ‘‘ਇੱਕ ਮਿੰਟ ਰੁਕ ਜਾ ਬੇਟਾ।’’
ਫਿਰ ਉਸ ਨੇ ਜੀ ਆਇਆਂ ਆਖ ਰਹੇ ਦੁਕਾਨਦਾਰ ਨੂੰ ਉਸ ਦੀ ਸਤਿ ਸ੍ਰੀ ਅਕਾਲ ਦਾ ਜਵਾਬ ਦਿੱਤੇ ਬਿਨਾਂ ਹੀ ਕਿਹਾ, ‘‘ਸੇਠ ਜੀ, ਇਹ ਜੋ ਪਰਿਵਾਰ ਹੁਣੇ ਤੁਹਾਡੀ ਦੁਕਾਨ ’ਚੋਂ ਬਾਹਰ ਨਿਕਲਿਆ ਹੈ, ਕਿੱਥੋਂ ਹੈ? ਪਲੀਜ਼ ਜ਼ਰਾ ਬੁਲਾਉ ਤਾਂ ਉਨ੍ਹਾਂ ਨੂੰ।’’
ਦੁਕਾਨਦਾਰ ਉਸ ਪਰਿਵਾਰ ਨੂੰ ਚੰਗੀ ਤਰ੍ਹਾਂ ਜਾਣਦਾ ਸੀ। ਉਸ ਨੇ ਨਾ ਆ ਦੇਖਿਆ ਨਾ ਤਾਅ, ਝੱਟ ਨੌਕਰ ਨੂੰ ਉਨ੍ਹਾਂ ਮਗਰ ਦੌੜਾ ਦਿੱਤਾ। ਉਹ ਅਜੇ ਆਪਣੀ ਕਾਰ ’ਚ ਸਾਮਾਨ ਰੱਖ ਰਹੇ ਸਨ। ਨੌਕਰ ਨੇ ਉਨ੍ਹਾਂ ਨੂੰ ਦੁਕਾਨਦਾਰ ਵੱਲੋਂ ਬੁਲਾਏ ਜਾਣ ਦਾ ਸੁਨੇਹਾ ਦਿੱਤਾ। ਬਲਦੇਵ ਨੇ ਸੋਚਿਆ ਕਿ ਕੋਈ ਸਾਮਾਨ ਰਹਿ ਗਿਆ ਹੋਵੇਗਾ। ਉਹ ਪਰਿਵਾਰ ਨੂੰ ਗੱਡੀ ’ਚ ਬੈਠਣ ਲਈ ਕਹਿ ਕੇ ਨੌਕਰ ਨਾਲ ਤੁਰਨ ਲੱਗਾ। ਨੌਕਰ ਨੇ ਦੱਸਿਆ ਕਿ ਸਾਰਿਆਂ ਨੂੰ ਬੁਲਾਇਆ ਹੈ। ਇਹ ਸੁਣ ਕੇ ਸਾਰੇ ਵਾਪਸ ਦੁਕਾਨ ’ਚ ਆ ਗਏ। ਇੰਨੇ ਨੂੰ ਉਸ ਐੱਨ.ਆਰ.ਆਈ. ਪਰਿਵਾਰ ਨੇ ਦੁਕਾਨਦਾਰ ਨੂੰ ਸਾਰੀ ਗੱਲ ਸਮਝਾ ਦਿੱਤੀ ਸੀ। ਦੁਕਾਨਦਾਰ ਨੇ ਬਲਦੇਵ ਹੋਰਾਂ ਨੂੰ ਬੈਠਣ ਲਈ ਕਿਹਾ ਅਤੇ ਬੋਲਿਆ, ‘‘ਬਲਦੇਵ ਸਿੰਘ ਜੀ, ਜਿਵੇਂ ਤੁਸੀਂ ਮੇਰੇ ਪੁਰਾਣੇ ਗਾਹਕ ਹੋ, ਇਸੇ ਤਰ੍ਹਾਂ ਇਹ ਵੀ ਸਿੱਧਵਾਂ ਬੇਟ ਤੋਂ ਆਪਣੇ ਪੁਰਾਣੇ ਗਾਹਕ ਨੇ ਸਰਦਾਰ ਬਹਾਦਰ ਸਿੰਘ ਖਹਿਰਾ। ਇਹ ਪਿਛਲੇ 8 ਸਾਲਾਂ ਤੋਂ ਕੈਨੇਡਾ ਪੱਕੇ ਰਹਿੰਦੇ ਹਨ ਅਤੇ ਆਏ ਸਾਲ ਇੱਥੇ ਆਉਂਦੇ ਨੇ। ਆਪਣੀ ਹੀ ਦੁਕਾਨ ਤੋਂ ਕੱਪੜੇ ਖਰੀਦਦੇ ਹਨ।’’
ਬਲਦੇਵ ਸਿੰਘ ਬਿਨਾਂ ਜਵਾਬ ਦਿੱਤੇ ਕਦੇ ਦੁਕਾਨਦਾਰ ਤੇ ਕਦੇ ਉਨ੍ਹਾਂ ਵੱਲ ਗਹੁ ਨਾਲ ਦੇਖਣ ਲੱਗਾ। ਇਹ ਦੇਖ ਕੇ ਦੁਕਾਨਦਾਰ ਫਿਰ ਬੋਲਿਆ, ‘‘ਦਰਅਸਲ ਤੁਹਾਨੂੰ ਇੱਥੇ ਬੁਲਾਉਣ ਤੇ ਇਹ ਸਭ ਦੱਸਣ ਦਾ ਮੇਰਾ ਮਤਲਬ ਇਹ ਹੈ ਕਿ...’’।
‘‘ਮੈਂ ਦੱਸਦਾਂ...’’ ਦੁਕਾਨਦਾਰ ਦੀ ਗੱਲ ਕੱਟਦਿਆਂ ਐੱਨ.ਆਰ.ਆਈ. ਪਰਿਵਾਰ ਦਾ ਮੁਖੀ ਬੋਲਿਆ ਜੋ ਕਿ ਚੰਗਾ ਪੜ੍ਹਿਆ-ਲਿਖਿਆ ਅਮੀਰ ਲਗਦਾ ਸੀ। ਉਸ ਨੇ ਬਲਦੇਵ ਸਿੰਘ ਵੱਲ ਘੁੰਮ ਕੇ ਕਹਿਣਾ ਸ਼ੁਰੂ ਕੀਤਾ, ‘‘ਸਤਿ ਸ੍ਰੀ ਅਕਾਲ ਜੀ, ਮੈਂ ਕੋਈ ਬੁਝਾਰਤ ਪਾਉਣ ਦੀ ਬਜਾਏ ਸਿੱਧੀ ਤੇ ਸਪੱਸ਼ਟ ਗੱਲ ਦੱਸਦਾਂ। ਮੇਰਾ ਨਾਂ ਬਹਾਦਰ ਸਿੰਘ ਹੈ, ਇਹ ਮੇਰੀ ਪਤਨੀ ਸਤਿੰਦਰ ਕੌਰ ਹੈ। ਅਸੀਂ ਦੋਵੇਂ ਸਰਕਾਰੀ ਅਧਿਆਪਕ ਸੀ ਤੇ ਨੌਕਰੀ ਛੱਡ ਕੇ ਕੈਨੇਡਾ ਪੀ.ਆਰ. ਹਾਂ। ਇਹ ਮੇਰੀ ਧੀ ਪਿੰਕੀ ਅਤੇ ਇਹ ਮੇਰਾ ਪੁੱਤਰ ਜਤਿੰਦਰ ਸਿੰਘ ਹੈ। ਦਰਅਸਲ, ਮੇਰੇ ਪੁੱਤਰ ਨੂੰ ਤੁਹਾਡਾ ਇਹ ਜਿਗਰ ਦਾ ਟੋਟਾ, ਪਿਆਰੀ ਧੀ ਪਸੰਦ ਆ ਗਈ ਹੈ ਸਗੋਂ ਸਾਨੂੰ ਸਾਰਿਆਂ ਨੂੰ ਪਹਿਲੀ ਨਜ਼ਰੇ ਹੀ ਤੁਹਾਡੀ ਧੀ ਬੇਹੱਦ ਪਸੰਦ ਆ ਗਈ ਹੈ। ਜੇਕਰ ਤੁਹਾਨੂੰ ਬੁਰਾ ਨਾ ਲੱਗੇ ਤਾਂ ਮੈਂ ਤੁਹਾਡੀ ਧੀ ਦਾ ਹੱਥ ਆਪਣੇ ਪੁੱਤਰ ਲਈ ਮੰਗਦਾਂ। ਯਕੀਨ ਕਰਿਉ ਅਸੀਂ ਇਸ ਨੂੰ ਆਪਣੀ ਧੀ ਬਣਾ ਕੇ ਹੀ ਰੱਖਾਂਗੇ। ਅਸੀਂ ਇੱਥੇ ਇਸ ਵਾਰ ਆਪਣੇ ਲੜਕੇ ਦਾ ਰਿਸ਼ਤਾ ਕਰਨ ਲਈ ਹੀ ਆਏ ਹਾਂ। ਸੋ ਮਨ੍ਹਾਂ ਨਾ ਕਰਿਉ ਪਲੀਜ਼! ਮੈਂ ਤੁਹਾਡੇ ਪਿੰਡ ਹਾਈ ਸਕੂਲ ’ਚ ਪਿਛਲੇ ਦੋ ਸਾਲ ਪੜ੍ਹਾਉਂਦਾ ਵੀ ਰਿਹਾਂ। ਬਾਕੀ ਤੁਸੀਂ ਮੇਰੇ ਜਾਂ ਮੇਰੇ ਖਾਨਦਾਨ ਬਾਰੇ ਪਤਾ ਕਰਨਾ ਤਾਂ ਬੇਸ਼ੱਕ ਕਰ ਲਉ।’’
ਉਹ ਇੱਕੋ ਸਾਹੇ ਸਾਰਾ ਕੁਝ ਕਹਿ ਗਿਆ। ਉਨ੍ਹਾਂ ਨੂੰ ਕੁਝ ਸੋਚਣ-ਸਮਝਣ ਜਾਂ ਕਹਿਣ ਦਾ ਮੌਕਾ ਹੀ ਨਾ ਦਿੱਤਾ। ਐੱਨ.ਆਰ.ਆਈ. ਗੱਲ ਕਹਿ ਕੇ ਹਟਦਾ ਤਾਂ ਉਸ ਦੀ ਪਤਨੀ ਧੀ ਦਾ ਹੱਥ ਮੰਗਣ ਲਈ ਕਹਿਣਾ ਸ਼ੁਰੂ ਕਰਦੀ। ਰਹਿੰਦੀ-ਖੂੰਹਦੀ ਕਸਰ ਦੁਕਾਨਦਾਰ ਕੱਢੀ ਜਾ ਰਿਹਾ ਸੀ। ਭਾਵੇਂ ਉਹ ਦੋ ਪਰਿਵਾਰਾਂ ਨੂੰ ਜੋੜਨ ਜਿਹਾ ਪੁੰਨ ਕਰ ਰਿਹਾ ਸੀ, ਪਰ ਫਿਰ ਵੀ ਲਗਦਾ ਸੀ ਜਿਵੇਂ ਉਸ ਨੂੰ ਆਪਣੇ ਕੱਪੜਿਆਂ ਦੇ ਢੇਰ ਵਿਕਰੀ ਹੁੰਦੀ ਨਜ਼ਰੀਂ ਪੈ ਰਹੀ ਸੀ। ਬਲਦੇਵ ਸਿੰਘ ਨੂੰ ਉਹ ਮਾਸਟਰ ਦੇਖਿਆ-ਦੇਖਿਆ ਲੱਗਿਆ। ਐੱਨ.ਆਰ.ਆਈ. ਨੇ ਫਿਰ ਕਿਹਾ, ‘‘ਦੇਖੋ ਅਸੀਂ ਇਕੱਲੀ ਚੁੰਨੀ ਚੜ੍ਹਾਵਾ ਕਰ ਕੇ ਹੀ ਧੀ ਨੂੰ ਲੈ ਜਾਣੈ ਕੋਈ ਦਾਜ ਨਹੀਂ ਚਾਹੀਦਾ। ਦਰਅਸਲ, ਜਿਸ ਇਨਸਾਨ ਨੇ ਆਪਣਾ ਦਿਲ ਕੱਢ ਕੇ ਹੀ ਅਗਲੇ ਦੀ ਝੋਲ਼ੀ ਪਾ ਦੇਣਾ, ਉਸ ਤੋਂ ਕੀਮਤੀ ਹੋਰ ਕਿਹੜੀ ਚੀਜ਼ ਦਾਜ ’ਚ ਕੋਈ ਲੈ ਲਵੇਗਾ! ਬੱਸ ਤੁਸੀਂ ਨਾਂਹ ਨਾ ਕਰਿਉ।’’
ਇਹ ਸੁਣ ਕੇ ਦੁਕਾਨਦਾਰ ਫਿਰ ਬੋਲਿਆ, ‘‘ਨਾ ਨਾ ਇਹ ਚੁੰਨੀ ਚੜ੍ਹਾਵੇ ਵਾਲੀ ਗੱਲ ਨਹੀਂ ਕਰਨੀ ਜੀ। ਮੈਂ ਤਾਂ ਸਾਰਾ ਜ਼ੋਰ ਲਾਈ ਜਾ ਰਿਹਾਂ ਇਹ ਮੁਲਾਕਾਤ ਰਿਸ਼ਤੇਦਾਰੀ ’ਚ ਬਦਲਣ ਲਈ ਤੇ ਤੁਸੀਂ ਕਹਿੰਦੇ ਓ ਇਕੱਲੀ ਚੁੰਨੀ ਚੜ੍ਹਾ ਕੇ ਧੀ ਰਾਣੀ ਨੂੰ ਲੈ ਜਾਣਾ। ਮੇਰਾ ਤਾਂ ਫਿਰ ਜ਼ੋਰ ਲਾਇਆ ਐਵੇਂ ਗਿਆ। ਮੇਰੇ ਤਾਂ ਕੱਪੜੇ ਵਿਕਣੋਂ ਗਏ।’’
ਇਹ ਕਹਿ ਕੇ ਉਹ ਆਪ ਹੀ ਤਾੜੀ ਮਾਰ ਕੇ ਹੱਸ ਪਿਆ। ਉਹ ਸਾਰੇ ਵੀ ਹੱਸਣੋਂ ਨਾ ਰਹਿ ਸਕੇ। ਮੁੰਡੇ ਨੇ ਹੱਸਦਿਆਂ-ਹੱਸਦਿਆਂ ਕੁੜੀ ਵੱਲ ਇਸ ਤਰ੍ਹਾਂ ਦੇਖਿਆ ਜਿਵੇਂ ਕਹਿ ਰਿਹਾ ਹੋਵੇ ‘ਕੀ ਮੈਂ ਤੈਨੂੰ ਪਸੰਦ ਹਾਂ?’ ਕੁੜੀ ਨੇ ਵੀ ਮੁਸਕਰਾ ਕੇ ਹਾਮੀ ਭਰ ਦਿੱਤੀ ਜਿਸ ਨੂੰ ਐੱਨ.ਆਰ.ਆਈ. ਬਹਾਦਰ ਸਿੰਘ ਨੇ ਦੇਖ ਲਿਆ। ਉਸ ਨੇ ਫਿਰ ਕਿਹਾ, ‘‘ਬੇਟਾ ਜੀ, ਕੋਈ ਜ਼ਬਰਦਸਤੀ ਨਹੀਂ, ਸਭ ਤੋਂ ਪਹਿਲਾਂ ਤਾਂ ਤੁਹਾਡੀ ਪਸੰਦ ਨਾਪਸੰਦ ਦੀ ਗੱਲ ਹੈ। ਜੇਕਰ ਤੁਹਾਨੂੰ ਮੇਰਾ ਲੜਕਾ ਪਸੰਦ ਹੈ ਤਾਂ ਹੀ ਮੈਂ ਤੁਹਾਡੇ ਮਾਤਾ-ਪਿਤਾ ਨੂੰ ਇਸ ਰਿਸ਼ਤੇ ਲਈ ਮਨਾ ਸਕਦਾਂ। ਬੋਲੋ ਬੇਟਾ ਮੇਰਾ ਬੇਟਾ ਪਸੰਦ ਹੈ ਤੁਹਾਨੂੰ?’’
‘‘ਮੰਮੀ-ਡੈਡੀ ਜਿਵੇਂ ਕਹਿਣਗੇ।’’
ਕੁੜੀ ਨੇ ਭਾਵੇਂ ਇਹ ਗੱਲ ਕਹਿ ਕੇ ਆਪਣੇ ਮਾਪਿਆਂ ’ਤੇ ਛੱਡ ਦਿੱਤੀ ਸੀ, ਪਰ ਇਹ ਕਹਿਣ ਵਿੱਚ ਉਸ ਦੀ ਹਾਮੀ ਸਾਫ਼ ਨਜ਼ਰ ਆ ਰਹੀ ਸੀ। ਬਲਦੇਵ ਸਿੰਘ ਨੇ ਮਨਜੀਤ ਨਾਲ ਪਾਸੇ ਹੋ ਕੇ ਗੱਲ ਕੀਤੀ। ਦੋਵਾਂ ਦੀ ਇੱਕੋ ਸੁਰ ਸੀ। ਮੁੰਡਾ ਤੇ ਪਰਿਵਾਰ ਉਨ੍ਹਾਂ ਨੂੰ ਪਸੰਦ ਸੀ, ਪਰ ਉਹ ਜਲਦਬਾਜ਼ੀ ਨਹੀਂ ਕਰਨਾ ਚਾਹੁੰਦੇ ਸਨ। ਇਸ ਲਈ ਉਨ੍ਹਾਂ ਨੇ ਸੋਚਣ ਦਾ ਸਮਾਂ ਮੰਗਿਆ ਪਰ ਦੁਕਾਨਦਾਰ ਨੇ ਪੂਰਾ ਭਰੋਸਾ ਦਿੱਤਾ ਤੇ ਉਸ ਪਰਿਵਾਰ ਦੀ ਹਰ ਪੱਖੋਂ ਗਾਰੰਟੀ ਲਈ। ਬਲਦੇਵ ਸਿੰਘ ਨੇ ਜਕੋ-ਤਕੀ ’ਚ ਹਾਮੀ ਭਰ ਦਿੱਤੀ। ਉਸ ਦੇ ਹਾਮੀ ਭਰਨ ਦੀ ਦੇਰ ਸੀ। ਦੁਕਾਨਦਾਰ ਨੇ ਸ਼ਗਨ ਪਾਉਣ ਦੀ ਸਾਰੀ ਰਸਮ ਲਈ ਜ਼ਰੂਰੀ ਸਾਮਾਨ ਮਿੰਟਾਂ ’ਚ ਮੰਗਵਾ ਲਿਆ। ਆਪਣੀ ਦੁਕਾਨ ਉੱਪਰ ਬਣੀ ਜਗ੍ਹਾ ਵਿੱਚ ਜਾ ਕੇ ਸਭ ਨੇ ਸ਼ਗਨ ਪਾ ਦਿੱਤਾ ਤੇ ਇੱਕ-ਦੂਜੇ ਨੂੰ ਵਧਾਈਆਂ ਦਿੱਤੀਆਂ।
ਮਾਸਟਰ ਬਹਾਦਰ ਸਿੰਘ ਨੇ ਕਿਹਾ, ‘‘ਅੱਜ ਤੋਂ ਇਹ ਸਾਡੀ ਧੀ ਹੈ ਤੇ ਤੁਹਾਡੇ ਕੋਲ ਅਮਾਨਤ ਹੈ।’’ ਸਾਰੇ ਖ਼ੁਸ਼ ਸਨ। 15 ਕੁ ਦਿਨਾਂ ’ਚ ਹੀ ਵਿਆਹ ਹੋ ਗਿਆ। ਅਜੇ ਦਿਲਪ੍ਰੀਤ ਨੇ ਬੀ.ਏ. ਫਾਈਨਲ ਦੇ ਪੇਪਰ ਦੇਣੇ ਸਨ। ਐੱਨ.ਆਰ.ਆਈ. ਪਰਿਵਾਰ ਨੇ ਪਤਾ ਨਹੀਂ ਸਫ਼ਾਰਤਖ਼ਾਨੇ ਨਾਲ ਕੀ ਰਾਬਤਾ ਕਾਇਮ ਕੀਤਾ ਕਿ ਉਹ ਆਪਣੇ ਨਾਲ ਹੀ ਦਿਲਪ੍ਰੀਤ ਨੂੰ ਕੈਨੇਡਾ ਲੈ ਗਏ। ਬਲਦੇਵ ਸਿੰਘ ਦਾ ਧੀ ਦੇ ਭਵਿੱਖ ਨੂੰ ਲੈ ਕੇ ਜੋ ਡਰ ਸੀ ਉਹ ਜਾਂਦਾ ਰਿਹਾ।
ਉਸ ਦੇ ਪੁੱਤਰ ਨੇ ਵੀ ਦਸਵੀਂ ਜਮਾਤ ਪਾਸ ਕਰ ਲਈ ਸੀ। ਹੁਣ ਉਸ ਨੇ ਸ਼ਹਿਰ ਗਿਆਰ੍ਹਵੀਂ ਜਮਾਤ ’ਚ ਦਾਖ਼ਲਾ ਲੈਣਾ ਸੀ। ਜਿੱਥੇ ਉਸ ਨੂੰ ਸ਼ਹਿਰ ਪੜ੍ਹਨ ਲੱਗਣ ਦਾ ਚਾਅ ਸੀ, ਉੱਥੇ ਉਸ ਦਾ ਪਿਤਾ ਬਲਦੇਵ ਸਿੰਘ ਸੋਚਣ ਲੱਗਾ, ‘ਸ਼ਹਿਰ ਪੜ੍ਹਦਿਆਂ ਕਿਤੇ ਮੁੰਡੀਹਰ ਮੇਰੇ ਪੁੱਤਰ ਨੂੰ ਨਸ਼ਿਆਂ ਦੀ ਦਲਦਲ ਵਿੱਚ ਨਾ ਘੜੀਸ ਲਵੇ। ਖਾਸਕਰ ਚਿੱਟਾ ਨਾ ਲੈਣ ਲੱਗ ਜਾਵੇ! ਇਸ ਨੇ ਤਾਂ ਲੱਖਾਂ ਘਰਾਂ ਦੇ ਦੀਵੇ ਗੁੱਲ ਕਰ ਦਿੱਤੇ ਹਨ।’
ਹੁਣ ਅਗਲਾ ਡਰ ਉਸ ਨੂੰ ਆਪਣੇ ਪੁੱਤਰ ਦੇ ਭਵਿੱਖ ਦਾ ਸਤਾਉਣ ਲੱਗਾ।
ਸੰਪਰਕ: 98721-93320

Advertisement

Advertisement
Author Image

Advertisement