ਵਾਂਗਚੁਕ ਦਾ ਖ਼ੌਫ਼
ਲੱਦਾਖੀ ਕਾਰਕੁਨ ਸੋਨਮ ਵਾਂਗਚੁਕ ਤੋਂ ਕੌਣ ਡਰਦਾ ਹੈ? ਮਹੀਨਾ ਪਹਿਲਾਂ ਉਸ ਦੀ ‘ਦਿੱਲੀ ਚਲੋ ਪਦ ਯਾਤਰਾ’ ਲੇਹ ਤੋਂ ਸ਼ੁਰੂ ਹੋਈ ਸੀ ਅਤੇ ਸੋਮਵਾਰ ਰਾਤੀਂ ਉਨ੍ਹਾਂ ਨੂੰ ਦਿੱਲੀ ਦੇ ਸਿੰਘੂ ਬਾਰਡਰ ’ਤੇ ਰੋਕ ਲਿਆ ਗਿਆ ਅਤੇ ਵਾਂਗਚੁਕ ਤੇ ਉਨ੍ਹਾਂ ਦੇ ਕਰੀਬ 120 ਸਾਥੀਆਂ ਨੂੰ ਦਿੱਲੀ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ। ਇਹ ਪ੍ਰਦਰਸ਼ਨਕਾਰੀ ਮੰਗ ਕਰ ਰਹੇ ਸਨ ਕਿ ਲੱਦਾਖ ਨੂੰ ਸੰਵਿਧਾਨ ਦੀ ਛੇਵੀਂ ਅਨੁਸੂਚੀ ਵਿੱਚ ਸ਼ਾਮਿਲ ਕੀਤਾ ਜਾਵੇ ਤਾਂ ਜੋ ਉਸ ਖਿੱਤੇ ਦੇ ਲੋਕਾਂ ਨੂੰ ਆਪਣੇ ਵਿਧਾਨਕ ਹੱਕ ਪ੍ਰਾਪਤ ਹੋ ਸਕਣ ਅਤੇ ਹਿਮਾਲਿਆ ਪਰਬਤ ਨੂੰ ਬਰਬਾਦੀ ਤੋਂ ਬਚਾਇਆ ਜਾ ਸਕੇ। ਵਾਂਗਚੁਕ ਤੇ ਸਾਥੀਆਂ ਨੂੰ ਹਿਰਾਸਤ ਵਿੱਚ ਲੈਣ ਦਾ ਇਹੀ ਕਾਰਨ ਨਜ਼ਰ ਆ ਰਿਹਾ ਹੈ ਕਿ ਕੌਮੀ ਰਾਜਧਾਨੀ ਖੇਤਰ ਵਿੱਚ ਛੇ ਦਿਨਾਂ ਲਈ ਧਰਨੇ ਪ੍ਰਦਰਸ਼ਨ ਕਰਨ ਖਿ਼ਲਾਫ਼ ਮਨਾਹੀ ਹੁਕਮ ਲਾਗੂ ਕੀਤੇ ਗਏ ਹਨ। ਇਨ੍ਹਾਂ ਮਨਾਹੀ ਹੁਕਮਾਂ ਲਈ ਇਹ ਆਧਾਰ ਬਣਾਇਆ ਗਿਆ ਹੈ ਕਿ ਗਾਂਧੀ ਜੈਅੰਤੀ ਅਤੇ ਜੰਮੂ ਕਸ਼ਮੀਰ ਤੇ ਹਰਿਆਣਾ ਵਿੱਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਵੀਵੀਆਈਪੀਜ਼ ਦੀ ਭਾਰੀ ਨਕਲੋ-ਹਰਕਤ ਹੋਣ ਦੀ ਸੰਭਾਵਨਾ ਹੈ ਪਰ ਇਹ ਕੋਈ ਠੋਸ ਆਧਾਰ ਨਹੀਂ ਕਿਹਾ ਜਾ ਸਕਦਾ। ਅਸਲ ਵਿੱਚ ਵਾਂਗਚੁਕ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਆਪਣੇ ਖਿ਼ੱਤੇ ਦੇ ਭਖਵੇਂ ਮੁੱਦਿਆਂ ’ਤੇ ਦੇਸ਼ਵਾਸੀਆਂ ਦਾ ਧਿਆਨ ਖਿੱਚਣ ਲਈ ਕੀਤੀ ਜਾ ਰਹੀ ਇਸ ਪੈਦਲ ਯਾਤਰਾ ਨੂੰ ਰੋਕਣ ਲਈ ਇਹ ਚਾਰਾਜੋਈ ਕੀਤੀ ਗਈ ਹੈ।
ਸੋਨਮ ਵਾਂਗਚੁਕ ਨੇ ਅੱਜ ਰਾਜਘਾਟ ’ਤੇ ਪਹੁੰਚ ਕੇ ਕੁਝ ਹੋਰ ਲੋਕਾਂ ਵਾਂਗ ਹੀ ਰਾਸ਼ਟਰਪਿਤਾ ਨੂੰ ਸ਼ਰਧਾ ਦੇ ਫੁੱਲ ਭੇਟ ਕਰਨੇ ਸਨ। ਅਸਲ ਵਿੱਚ ਵਾਂਗਚੁਕ ਨੇ ਮਹਾਤਮਾ ਗਾਂਧੀ ਦੇ ਸਤਿਆਗ੍ਰਹਿ ਦੇ ਉਪਦੇਸ਼ ਨੂੰ ਆਤਮਸਾਤ ਕੀਤਾ ਹੈ। ਲੰਘੇ ਮਾਰਚ ਮਹੀਨੇ ਉਸ ਨੇ ਲੱਦਾਖ ਨੂੰ ਰਾਜ ਦਾ ਦਰਜਾ ਦੇਣ, ਇਸ ਨੂੰ ਸੰਵਿਧਾਨ ਦੀ ਛੇਵੀਂ ਅਨੁਸੂਚੀ ਵਿੱਚ ਸ਼ਾਮਿਲ ਕਰਨ ਅਤੇ ਉੱਥੋਂ ਦੇ ਚੌਗਿਰਦੇ ਨੂੰ ਸਨਅਤੀ ਹਮਲੇ ਤੋਂ ਬਚਾਉਣ ਲਈ 21 ਦਿਨ ਦੀ ਭੁੱਖ ਹੜਤਾਲ ਕਰ ਕੇ ਲੋਕਾਂ ਨੂੰ ਲਾਮਬੰਦ ਕੀਤਾ ਸੀ ਤੇ ਪੂਰੀ ਦੁਨੀਆ ਦਾ ਧਿਆਨ ਇਸ ਮੁੱਦੇ ਵੱਲ ਖਿੱਚਿਆ ਸੀ। ਸਬਬੀਂ ਵਾਂਗਚੁਕ ਨੇ ਆਪਣਾ ਇਹ ਮਾਰਚ ਮੁਕੰਮਲ ਕਰਨ ਲਈ ਗਾਂਧੀ ਜੈਅੰਤੀ ਦਾ ਭਲਾ ਮੌਕਾ ਚੁਣਿਆ ਸੀ ਪਰ ਉਸ ਦੇ ਮਾਰਚ ਨੂੰ ਸਰਕਾਰ ਵੱਲੋਂ ਯਕਦਮ ਬੇਰਹਿਮੀ ਨਾਲ ਵਿਚਾਲੇ ਹੀ ਰੋਕ ਦਿੱਤਾ ਗਿਆ।
ਕੇਂਦਰ ਸਰਕਾਰ ਨੇ ਇਸ ਅਣਥੱਕ ਸੁਧਾਰਕ ਨੂੰ ਦਿੱਲੀ ਦੀਆਂ ਹੱਦਾਂ ਉੱਤੇ ਰੋਕਣ ਦਾ ਰਾਹ ਚੁਣਿਆ ਹੈ ਜਿਵੇਂ ਉਨ੍ਹਾਂ ਸਾਰੇ ਕਿਸਾਨਾਂ ਨੂੰ ਰੋਕਿਆ ਗਿਆ ਸੀ ਜਿਹੜੇ ਖੇਤੀ ਕਾਨੂੰਨਾਂ ਵਿਰੁੱਧ ਸਾਲ ਭਰ ਰੋਸ ਪ੍ਰਦਰਸ਼ਨ ਕਰਦੇ ਰਹੇ ਸਨ। ਕੁਝ ਨਵੇਂ ਜਿ਼ਲ੍ਹੇ ਬਣਾ ਦੇਣੇ ਹੀ ਲੱਦਾਖੀ ਲੋਕਾਂ ਦੀਆਂ ਸ਼ਿਕਾਇਤਾਂ ਦੇ ਹੱਲ ਲਈ ਕਾਫ਼ੀ ਨਹੀਂ ਹਨ। ਭਾਜਪਾ ਪ੍ਰਤੀ ਉਨ੍ਹਾਂ ਦਾ ਭੰਗ ਹੋਇਆ ਮੋਹ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਪ੍ਰਤੱਖ ਨਜ਼ਰ ਆਇਆ ਜਿੱਥੇ ਪਾਰਟੀ ਨੂੰ ਲੱਦਾਖ ਦੇ ਕੇਂਦਰ ਸ਼ਾਸਿਤ ਪ੍ਰਦੇਸ਼ (ਯੂਟੀ) ਬਣਨ ਤੋਂ ਬਾਅਦ ਹਾਰ ਦੇ ਰੂਪ ਵਿੱਚ ਪਹਿਲੀ ਨਮੋਸ਼ੀ ਸਹਿਣੀ ਪਈ ਹੈ। ਭਗਵਾਂ ਪਾਰਟੀ ਨੇ ਇਸ ਤੋਂ ਪਹਿਲਾਂ 2014 ਤੇ 2019 ਦੀਆਂ ਚੋਣਾਂ ਵਿੱਚ ਜਿੱਤ ਹਾਸਿਲ ਕੀਤੀ ਸੀ ਪਰ ਇਸ ਵਾਰ ਆਜ਼ਾਦ ਉਮੀਦਵਾਰ ਮੁਹੰਮਦ ਹਨੀਫਾ ਨੇ ਜਿੱਤ ਹਾਸਿਲ ਕੀਤੀ ਹੈ। ਹਨੀਫਾ ਨੇ ਕੇਂਦਰ ਨੂੰ ਅਪੀਲ ਕੀਤੀ ਹੈ ਕਿ ਰੋਸ ਜ਼ਾਹਿਰ ਕਰ ਰਹੇ ਸਮੂਹਾਂ ਨਾਲ ਵਾਰਤਾ ਦੁਬਾਰਾ ਆਰੰਭੀ ਜਾਵੇ। ਲੰਮੇ ਸਮੇਂ ਤੋਂ ਨਕਾਰੇ ਜਾਂਦੇ ਰਹੇ ਇਸ ਖੇਤਰ ਦੇ ਨਿਵਾਸੀਆਂ ਨੂੰ ਸੁਣਨ ਦੀ ਜਿ਼ੰਮੇਵਾਰੀ ਸਰਕਾਰ ਦੀ ਹੈ ਜਿਸ ਦੀ ਸ਼ੁਰੂਆਤ ਵਾਂਗਚੁਕ ਤੋਂ ਹੋ ਸਕਦੀ ਹੈ।