ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅਚੇਤ ਮਨ ਦਾ ਖ਼ੌਫ਼

11:31 AM Jan 12, 2023 IST

ਰਣਜੀਤ ਲਹਿਰਾ

Advertisement

ਹ 12 ਜਨਵਰੀ 2007 ਦਾ ਦਿਨ ਸੀ ਜਦੋਂ ਮਾਤਾ ਜਿ਼ੰਦਗੀ ਦਾ ਸਫ਼ਰ ਮੁਕਾ ਕੇ ਚਲੀ ਗਈ। ਪਰਿਵਾਰ ਤੇ ਗੁਆਂਢ ਦੀਆਂ ਔਰਤਾਂ ਮੰਜੇ ਦੁਆਲੇ ਖੜ੍ਹੀਆਂ ਉਹਦੇ ਬੇਸੁਰਤ ਜਿਹੀ ਪਈ ਦੇ ਮੂੰਹ ਵਿਚ ਚਮਚ ਨਾਲ ਪਾਣੀ ਪਾ ਰਹੀਆਂ ਸਨ। ਕਿਸੇ ਨੇ ਮੈਨੂੰ ਕਿਹਾ, “ਵੇ ਤੂੰ ਵੀ ਪਾ ਦੇ, ਕੀ ਪਤਾ ਤੇਰੇ ਹੱਥੋਂ ਹੀ ਆਖ਼ਰੀ ਘੁੱਟ ਪੀ ਕੇ ਛੁਟਕਾਰਾ ਹੋ ਜੇ।” ਮੈਂ ਪਾਣੀ ਦਾ ਚਮਚਾ ਫੜਿਆ ਤੇ ਬੇਬੇ ਦੇ ਮੂੰਹ ਨੂੰ ਲਾਉਂਦਿਆਂ ਹੱਸਦੇ ਨੇ ਕਿਹਾ, “ਲੈ ਬੇਬੇ, ਪੀ ਪਾਣੀ ਤੇ ਚੱਲ ਜਾਹ ਸੁਰਗ ਨੂੰ।” ਤੇ ਸੱਚੀਂ, ਪਾਣੀ ਦੀ ਘੁੱਟ ਅੰਦਰ ਜਾਂਦਿਆਂ ਹੀ ਮਾਤਾ ਦੇ ਪ੍ਰਾਣ-ਪੰਖੇਰੂ ਉਡਾਰੀ ਮਾਰ ਗਏ। ਮਾਂ ਕਿਰਤ ਦਾ ਮੁਜੱਸਮਾ ਸੀ। ਆਪਣੇ ਛੇ ਬੱਚਿਆਂ ਦਾ ਭਵਿੱਖ ਸੰਵਾਰਦੀ ਦੇ ਨਾ ਉਹਦੇ ਸਾਰੀ ਉਮਰ ਨਹੁੰਆਂ ‘ਚੋਂ ਡੰਗਰਾਂ ਦਾ ਗੋਹਾ ਨਿੱਕਲਿਆ, ਨਾ ਹੱਥਾਂ-ਪੈਰਾਂ ‘ਚੋਂ ਬਿਆਈਆਂ ਗਈਆਂ।

ਗੁਰਨਾਮ ਕੌਰ ਦਾ ਜਨਮ 1940ਵਿਆਂ ਦੇ ਪਹਿਲੜੇ ਸਾਲਾਂ ਵਿਚ ਬੁਢਲਾਡੇ ਨੇੜਲੇ ਪਿੰਡ ਬੱਛੋਆਣਾ ਵਿਚ ਹੋਇਆ ਸੀ। ਡਸਕਾ, ਰੱਤਾ, ਹਰਿਆਊ ਵਰਗੇ ਮੁਸਲਿਮ ਬਹੁਲ ਕਈ ਪਿੰਡ ਬੱਛੋਆਣੇ ਦੇ ਇਰਦ-ਗਿਰਦ ਸਨ। 47 ਦੇ ਹੱਲਿਆਂ ਵਾਲੇ ਸਾਲ ਤੇ ਉਹਦੇ ਅੱਗੜ-ਪਿੱਛੜ ਇਨ੍ਹਾਂ ਪਿੰਡਾਂ ਵਿਚ ਵੀ ਧਰਮੀ ਮਨੁੱਖ ਧਰਮ ਭੁੱਲ ਕੇ ਸ਼ੈਤਾਨ ਬਣ ਗਏ ਸਨ। ਭਰਾ ਭਰਾਵਾਂ ਦੇ ਵੈਰੀ ਅਤੇ ਦੁੱਖ-ਸੁੱਖ ਦੇ ਸਾਂਝੀ ਇੱਕ-ਦੂਜੇ ਦੇ ਦਾਨੀ ਦੁਸ਼ਮਣ ਬਣ ਬੈਠੇ ਸਨ। ਧਰਮੀ ਬਾਬਲਾਂ ਨੇ ਧੀਆਂ-ਭੈਣਾਂ ਦੇ ਨਗਨ ਜਲੂਸ ਕੱਢਣ ਅਤੇ ਚੰਮ ਨੋਚਣ ਵਿਚ ਭੋਰਾ ਵੀ ਸ਼ਰਮ-ਹਯਾ ਮਹਿਸੂਸ ਨਹੀਂ ਸੀ ਕੀਤੀ। ਇਨ੍ਹਾਂ ਪਿੰਡਾਂ ਵਿਚ ਕਤਲ, ਉਧਾਲ਼ੇ, ਬਲਾਤਕਾਰ, ਲੁੱਟ-ਮਾਰ, ਸਾੜ-ਫੂਕ, ਉਜਾੜੇ; ਕੀ ਕੁਝ ਨਹੀਂ ਸੀ ਹੋਇਆ। ਹਰ ਪਾਸੇ ਕੂਕਾਂ-ਕੁਰਲਾਹਟਾਂ ਸਨ। ਬੋਲੇ ਸੋ ਨਿਹਾਲ ਜਾਂ ਅੱਲਾ ਹੂ ਅਕਬਰ ਤੇ ਹਰ ਹਰ ਮਹਾਂਦੇਵ ਦੇ ਨਾਅਰੇ ਸਨ। ਪਿੰਡਾਂ ਦੀਆਂ ਗਲੀਆਂ ਵਿਚ ‘ਮੁਸਲੇ ਆ ਗੇ ਓਏ’, ‘ਸਿਖਦੇ ਆ ਗੇ ਓਏ’, ,ਘੇਰ ਲਓ ਓਏ, ਜਾਣ ਨਾ ਦਿਓ’ ਦੇ ਲਲਕਾਰੇ ਸਨ।

Advertisement

ਲੁੱਟ-ਮਾਰ, ਕਤਲੋਗਾਰਤ, ਉਧਾਲਿਆਂ ਤੇ ਉਜਾੜਿਆਂ ਦੇ ਅਜਿਹੇ ਮਨਹੂਸ ਸਮਿਆਂ ਵਿਚ ਕੁੜੀਆਂ ਦੀ ਜਿਹੜੀ ਪੀੜ੍ਹੀ ਅੱਲ੍ਹੜ ਬਰੇਸ ਸੀ, ਉਡਾਰ ਹੋ ਰਹੀ ਸੀ, ਉਹ ਕਿਹੋ ਜਿਹੇ ਸ਼ੰਕਿਆਂ, ਸੰਸਿਆਂ ਤੇ ਡਰੂ ਭਾਵਨਾਵਾਂ ਵਾਲੀ ਮਨੋਦਸ਼ਾ ਲੈ ਕੇ ਜਵਾਨ ਹੋਈ ਹੋਵੇਗੀ, ਇਹਦਾ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ। ਮਾਂ ਵੀ ਉਸੇ ਪੀੜ੍ਹੀ ਵਿਚੋਂ ਸੀ। ਉਹਦਾ ਵਿਆਹ ਹੱਲਿਆਂ ਵਾਲੇ ਸਾਲਾਂ ਦੇ ਨੇੜੇ-ਤੇੜੇ ਹੋਇਆ ਸੀ।

ਮਾਂ ਨੇ ਸਾਡੇ ਨਾਲ ਜਾਂ ਅਸੀਂ ਉਹਦੇ ਨਾਲ ਕਦੇ ਉਨ੍ਹਾਂ ਦਿਨਾਂ ਬਾਰੇ ਬਹੁਤੀ ਗੱਲ ਨਹੀਂ ਸੀ ਕੀਤੀ। ਆਮ ਵਰਤੋਂ ਵਿਹਾਰ ਵਿਚ ਅਸੀਂ ਕਦੇ ਇਹ ਮਹਿਸੂਸ ਨਹੀਂ ਸੀ ਕੀਤਾ ਕਿ ਮਾਂ ਕਿਸੇ ਵਿਸ਼ੇਸ਼ ਧਰਮ, ਜਾਤੀ ਜਾਂ ਫਿ਼ਰਕੇ ਦੇ ਲੋਕਾਂ ਨੂੰ ਨਫ਼ਰਤ ਕਰਦੀ ਹੈ ਜਾਂ ਸਾੜਾ ਰੱਖਦੀ ਹੈ। ਹਾਂ, ਉਹਨੇ 1947 ਦੇ ਸਾਲ ਨੂੰ ਕਦੇ ਆਜ਼ਾਦੀ ਦਾ ਸਾਲ ਨਹੀਂ ਸੀ ਕਿਹਾ, ਉਹ ਉਸ ਨੂੰ ਹੱਲਿਆਂ ਵਾਲਾ ਸਾਲ ਹੀ ਕਹਿੰਦੀ ਹੁੰਦੀ ਸੀ।

ਖ਼ੈਰ, ਹੱਲਿਆਂ ਨੇ ਉਹਦੀ ਮਾਨਸਿਕਤਾ ‘ਤੇ ਕੀ ਅਸਰ ਪਾਇਆ ਸੀ, ਇਹਦਾ ਪਤਾ ਸਾਨੂੰ ਬਹੁਤ ਬਾਅਦ ਵਿਚ ਉਹਦੀ ਪਿਛਲੀ ਉਮਰੇ ਲੱਗਿਆ ਸੀ। ਉਹ ਅਸਰ ਉਮਰ ਭਰ ਉਹਦੇ ਅਚੇਤ ਮਨ ਵਿਚ ਕਿਤੇ ਦੱਬਿਆ ਪਿਆ ਸੀ। ਜਦੋਂ ਉਹ ਸੱਤਰਾਂ ਕੁ ਸਾਲਾਂ ਦੀ ਸੀ, ਉਹਨੂੰ ਪਹਿਲਾਂ ਮਿਰਗੀ ਦੇ ਦੌਰੇ ਪੈਣ ਲੱਗੇ ਤੇ ਫਿਰ ਉਹਦਾ ਦਿਮਾਗੀ ਸੰਤੁਲਨ ਵਿਗੜ ਗਿਆ। ਵਿਗੜੇ ਦਿਮਾਗੀ ਸੰਤੁਲਨ ਦੀ ਹਾਲਤ ਵਿਚ ਉਹ ਜਦੋਂ ਤਾਂ ਸੁਚੇਤ ਅਵਸਥਾ ਵਿਚ ਹੁੰਦੀ, ਉਦੋਂ ਤਾਂ ਚੰਗੀਆਂ ਭਲੀਆਂ ਗੱਲਾਂ ਕਰਦੀ, ਤੇ ਜਦੋਂ ਇਕਾਂਤ ‘ਚ ਬੈਠੀ ਅਚੇਤ ਅਵਸਥਾ ਵਿਚ ਹੁੰਦੀ ਤਾਂ ਪਤਾ ਨਹੀਂ ਕਦੋਂ ਕਦੋਂ ਦੀਆਂ ਤੇ ਕਿਸ ਕਿਸ ਨਾਲ ਉੱਚੀ ਉੱਚੀ ਗੱਲਾਂ ਕਰਦੀ, ਬਹਿਸਦੀ, ਗਾਲ਼ਾਂ ਕੱਢਦੀ। ਸਾਡੇ ਨਾਲ ਲੱਗਵਾਂ ਘਰ ਮੇਰੇ ਪਟਿਆਲੇ ਰਹਿੰਦੇ ਭਰਾ ਦਾ ਸੀ ਜਿਹੜਾ ਮੇਰੇ ਦੋ ਅਧਿਆਪਕ ਦੋਸਤਾਂ ਨੂੰ ਕਿਰਾਏ ‘ਤੇ ਦਿੱਤਾ ਹੋਇਆ ਸੀ। ਮਾਂ ਦੇ ਦਿਮਾਗ ਵਿਚ ਇਹ ਗੱਲ ਘਰ ਕਰ ਗਈ ਸੀ ਕਿ ‘ਮੁਸਲਿਆਂ ਦੇ ਮੁੰਡਿਆਂ’ ਨੇ ਉਹਦੇ ਪੁੱਤ ਦੇ ਘਰ ‘ਤੇ ਕਬਜ਼ਾ ਕੀਤਾ ਹੋਇਆ ਹੈ। ਉਹ ਜਦੋਂ ਵੀ ਗਲੀ ਵਿਚ ਉਨ੍ਹਾਂ ਨੂੰ ਆਉਂਦੇ ਜਾਂਦੇ ਦੇਖਦੀ, ‘ਵੇ ਮੁਸਲੇ ਆ’ਗੇ, ਮੁਸਲੇ ਆ’ਗੇ, ਆਈਂ ਵੇ ਗੁਰਚਰਨ, ਆਇਓ ਵੇ ਲੋਕੋ…’ ਕੂਕਦੀ। ਕਦੇ ਕਦੇ ਤਾਂ ਉਹ ਉਨ੍ਹਾਂ ਦੇ ਗੇਟ ‘ਤੇ ਸੋਟੀਆਂ ਮਾਰਦੀ, ਉਨ੍ਹਾਂ ਨੂੰ ਬਾਹਰ ਨਿਕਲਣ ਲਈ ਕਹਿੰਦੀ। ਵਾਰ ਵਾਰ ਸਮਝਾਉਣ ਦੇ ਬਾਵਜੂਦ ਉਹ ਗੱਲ ਉਹਦੇ ਦਿਮਾਗ ਵਿਚੋਂ ਨਹੀਂ ਸੀ ਨਿੱਕਲੀ।

ਸਵਾਲ ਹੈ ਕਿ ਨਫ਼ਰਤ ਵਿਚ ਗੜੁੱਚ ਇਹ ਸ਼ਬਦ ਮਾਂ ਦੇ ਦਿਮਾਗ ਵਿਚ ਕਿੱਥੋਂ ਆ ਵੜਿਆ? ਸਾਡੇ ਤਾਂ ਨੇੜੇ ਤੇੜੇ ਮੁਸਲਮਾਨਾਂ ਦਾ ਕੋਈ ਘਰ ਵੀ ਨਹੀਂ ਸੀ ਜੀਹਦੇ ਕਰ ਕੇ ਕਿਸੇ ਅਣਬਣ ਵਿਚੋਂ ਅਜਿਹਾ ਹੋ ਸਕਦਾ। ਇਹਦਾ ਇੱਕੋ ਹੀ ਸਰੋਤ ਸੀ ਤੇ ਉਹ ਸੀ 47 ਦੇ ਹੱਲਿਆਂ ਵੇਲੇ ਦਾ ਦਿਮਾਗ ਦੇ ਕਿਸੇ ਕੋਨੇ ਵਿਚ ਬੈਠਾ ਖੌਫ਼ ਤੇ ਖੌਫ਼ ਵਿਚੋਂ ਪੈਦਾ ਹੋਈ ਨਫ਼ਰਤ। ਇਹ ਗੱਲ ਦੱਸਦੀ ਹੈ ਕਿ ਫਿ਼ਰਕੂ ਤਾਕਤਾਂ ਵੱਲੋਂ ਸਮਾਜ ਵਿਚ ਫੈਲਾਈ ਨਫ਼ਰਤ ਲੋਕਾਂ ਦੀ ਮਾਨਸਿਕਤਾ ਨੂੰ ਸਾਲਾਂ ਨਹੀਂ ਦਹਾਕਿਆਂ ਤੇ ਪੀੜ੍ਹੀਆਂ ਤੱਕ ਮਾਰ ਕਰਦੀ ਹੈ। ਫਿ਼ਰਕੂ ਨਫ਼ਰਤ ਤੇ ਦੰਗਿਆਂ ਦਾ ਦੁਰਪ੍ਰਭਾਵ ਦਹਾਕਿਆਂ ਤੱਕ ਵੀ ਸਮਾਜੀ ਭਾਈਚਾਰੇ ਨੂੰ ਸਾਵਾਂ ਨਹੀਂ ਹੋਣ ਦਿੰਦਾ।

ਸੰਨ 2017 ਵਿਚ ਅਮਰੀਕਾ ਦੀ ਇੰਡੀਆਨਾ ਯੂਨੀਵਰਸਿਟੀ ਨੇ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਪੰਦਰਾਂ ਪੰਦਰਾਂ ਲੜਕੇ-ਲੜਕੀਆਂ ਦੀ ਸ਼ੌਰਟ ਡਾਕੂਮੈਂਟਰੀ ਫਿਲਮਾਂ ਬਾਰੇ ਵਰਕਸ਼ਾਪ ਲਾਈ ਜੀਹਦੇ ਲਈ ਅਰਜ਼ੀ-ਦਾਤਾਵਾਂ ਤੋਂ ਇੱਕ ਮਿੰਟ (60 ਸਕਿੰਟ) ਦੀ ਡਾਕੂਮੈਂਟਰੀ ਮੰਗੀ ਗਈ ਸੀ। ਮੇਰੀ ਧੀ ਅਰਸ਼ਦੀਪ ਸੰਧੂ ਨੇ ਇਸੇ ਥੀਮ ਨੂੰ ਲੈ ਕੇ ਆਪਣੀ ਦਾਦੀ ਦੇ ਅਚੇਤ ਮਨ ਦੀ ਮਨੋਦਸ਼ਾ ਦੀਆਂ ਜੜ੍ਹਾਂ ਫਰੋਲਦੀ ਡਾਕੂਮੈਂਟਰੀ ਬਣਾ ਕੇ ਭੇਜੀ ਜਿਹੜੀ ਸਲਾਹੀ ਤੇ ਪਰਵਾਨ ਕੀਤੀ ਗਈ ਸੀ।

ਉਨ੍ਹਾਂ ਦਿਨਾਂ ਦੇ ਹਾਲਾਤ ਬਾਰੇ ਜਦੋਂ ਗੱਲ ਤੁਰਦੀ ਹੈ ਤਾਂ ਬਜ਼ੁਰਗਾਂ ਨੂੰ ਇਹ ਕਹਿੰਦੇ ਸੁਣਦੇ ਹਾਂ ਕਿ ਭਾਈ ਉਦੋਂ ‘ਵਾ ਹੀ ਪਤਾ ਨਹੀਂ ਚੰਦਰੀ ਕਿਹੋ ਜਿਹੀ ਵਗ ਪਈ ਸੀ ਜੀਹਨੇ ਭਾਈਆਂ ਹੱਥੋਂ ਭਾਈ ਮਰਵਾ ਦਿੱਤੇ। ਹਕੀਕਤ ਇਹ ਹੈ ਕਿ ‘ਵਾ ਆਪੇ ਨਹੀਂ ਵਗਦੀ ਹੁੰਦੀ, ਵਗਾਈ ਜਾਂਦੀ ਹੈ। ਉਹ ਜ਼ਹਿਰੀ ‘ਵਾ ਅੰਗਰੇਜ਼ਾਂ ਦੀ ਥਾਪੜਾ ਪ੍ਰਾਪਤ ਹਿੰਦੂ ਮਹਾਂਸਭਾ ਤੇ ਮੁਸਲਿਮ ਲੀਗ ਨੇ ਦੋ ਕੌਮਾਂ ਦਾ ਸਿਧਾਂਤ ਘੜ ਕੇ, ਹਿੰਦੂਆਂ ਦਾ ਹਿੰਦੋਸਤਾਨ ਅਤੇ ਮੁਸਲਮਾਨਾਂ ਦਾ ਪਾਕਿਸਤਾਨ ਦੇ ਨਾਂ ‘ਤੇ ਵਗਾਈ ਸੀ।

ਹੁਣ ਫਿਰ ਬਿਲਕੁਲ ਉਵੇਂ ਹੀ ਸੱਤਾ ਦੀ ਸਰਪ੍ਰਸਤੀ ਹੇਠ ਉਹੋ ਜਿਹੀ ਜ਼ਹਿਰੀ ‘ਵਾ ਵਗਾਉਣ ਲਈ ਨਿੱਤ ਦਿਨ ਕੋਈ ਨਾ ਕੋਈ ਨਵਾਂ ਦੱਬਿਆ ਮੁਰਦਾ ਉਖਾੜਿਆ ਜਾ ਰਿਹਾ ਹੈ; ਕਦੇ ਮੰਦਰ-ਮਸਜਿਦ, ਕਦੇ ਨਾਗਰਿਕਤਾ ਕਾਨੂੰਨ, ਕਦੇ ਲਵ ਜਹਾਦ, ਕਦੇ ਜਬਰੀ ਧਰਮ ਪਰਿਵਰਤਨ, ਕਦੇ ਗਊ ਮਾਸ, ਕਦੇ ਹਿਜਾਬ ਅਤੇ ਕਦੇ ਕੋਈ ਹੋਰ। ਰਾਸ਼ਟਰਵਾਦ ਦੇ ਨਾਂ ‘ਤੇ ਨਫ਼ਰਤੀ ਭਾਸ਼ਨਾਂ ਤੇ ਫੇਕ ਨਿਊਜ਼ ਦੀ ਜਿਹੜੀ ਬਵਾ ਹਨੇਰੀ ਬਣ ਰਹੀ ਹੈ ਜੇ ਅਸੀਂ ਵੇਲੇ ਸਿਰ ਉਹਦੇ ਬਾਰੇ ਚੁਕੰਨੇ ਨਾ ਹੋਏ ਅਤੇ ਉਹਨੂੰ ਠੱਲ੍ਹਣ ਲਈ ਇੱਕਜੁੱਟ ਨਾ ਹੋਏ ਤਾਂ ਇਹ ਜ਼ਹਿਰੀ ‘ਵਾ ਮੁਲਕ ਨੂੰ ਇੱਕ ਹੋਰ ਵੰਡ, ਕਤਲੇਆਮ ਤੇ ਹੱਲਿਆਂ ਵੱਲ ਧੱਕਣ ਤੋਂ ਉਰਾਂ ਰੁਕੇਗੀ ਨਹੀਂ।

ਸ਼ੁਕਰ ਹੈ, ਮਾਂ ਨੇ ਆਪਣੇ ਅਚੇਤ ਮਨ ਵਿਚ ਦੱਬੇ ਪਏ ਖੌਫ਼ ਤੇ ਨਫ਼ਰਤ ਨੂੰ ਜ਼ੁਬਾਨ ‘ਤੇ ਲਿਆ ਕੇ ਆਪਣੀ ਔਲਾਦ ਨੂੰ ਵਿਰਾਸਤ ਵਿਚ ਨਾ ਵੰਡਿਆ ਪਰ ਕੀ ਅਸੀਂ ਆਪਣੀ ਔਲਾਦ ਨੂੰ ਵਿਰਾਸਤ ਵਿਚ ਧਰਮ ਨਿਰਪੱਖ ਤੇ ਜਮਹੂਰੀ ਭਾਰਤ ਛੱਡ ਕੇ ਜਾ ਸਕਾਂਗੇ?

ਸੰਪਰਕ: 94175-88616

Advertisement