ਮਾਈਕਰੋ ਹਾਈਡਲ ਚੈਨਲ ਨਹਿਰ ਟੁੱਟਣ ਦਾ ਖ਼ਦਸ਼ਾ
ਪੱਤਰ ਪ੍ਰੇਰਕ
ਰੂਪਨਗਰ/ਘਨੌਲੀ, 11 ਜੁਲਾਈ
ਗੁਰੂ ਗੋਬੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਦੀ ਕੁਝ ਸਮਾਂ ਪਹਿਲਾਂ ਟੁੱਟ ਚੁੱਕੀ ਮਾਈਕਰੋ ਹਾਈਡਲ ਚੈਨਲ ਨਹਿਰ ਦੇ ਮੁੜ ਨਵੀਂ ਜਗ੍ਹਾ ਤੋਂ ਟੁੱਟਣ ਦੀ ਖ਼ਤਰਾ ਹੈ। ਇਸ ਸਬੰਧੀ ਨਹਿਰ ਥੱਲਿਓਂ ਰਿਸ ਰਹੇ ਪਾਣੀ ਦਾ ਮੌਕਾ ਦਿਖਾਉਂਦਿਆ ਹੋਇਆਂ ਪਿੰਡ ਸਰਸਾ ਨੰਗਲ ਦੇ ਕਿਸਾਨਾਂ ਚਰਨਜੀਤ ਸਿੰਘ ਰਿੰਕੂ, ਕਰਨੈਲ ਸਿੰਘ, ਜਰਨੈਲ ਸਿੰਘ ਤੇ ਹੋਰਾਂ ਨੇ ਦੱਸਿਆ ਕਿ ਥਰਮਲ ਪਲਾਂਟ ਰੂਪਨਗਰ ਅੰਦਰ 400 ਕੇਵੀਏ ਸਬ ਸਟੇਸ਼ਨ ਦੀ ਉਸਾਰੀ ਕੀਤੀ ਜਾ ਰਹੀ ਹੈ। ਇਹ ਉਸਾਰੀ ਕਰਦੇ ਸਮੇਂ ਪਲਾਂਟ ਦੀ ਵਰਕਚਾਰਜ ਕਲੋਨੀ ਨੇੜੇ ਪਾਣੀ ਦੇ ਨਿਕਾਸ ਲਈ ਥਰਮਲ ਪ੍ਰਸ਼ਾਸਨ ਦੁਆਰਾ ਬਣਾਈ ਹੋਈ ਪੁਲੀ ਦੇ ਅੱਗੇ ਕੰਧ ਬਣਾ ਕੇ ਸਬੰਧਤ ਠੇਕੇਦਾਰ ਨੇ ਪਾਣੀ ਦਾ ਨਿਕਾਸ ਬੰਦ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਜਿੱਥੇ ਇਹ ਪਾਣੀ ਤਿੰਨ ਦਨਿਾਂ ਤੋਂ ਵਰਕਚਾਰਜ ਕਲੋਨੀ ਦੇ ਕੁਆਰਟਰਾਂ ਵਿੱਚ ਭਰਿਆ ਖੜ੍ਹਾ ਹੈ, ਉਥੇ ਹੀ ਇਹ ਲਗਾਤਾਰ ਉਨ੍ਹਾਂ ਦੇ ਖੇਤਾਂ ਵੱਲ ਵੀ ਰਿਸ ਰਿਹਾ ਹੈ। ਉਨ੍ਹਾਂ ਨਹਿਰ ਟੁੱਟਣ ਦਾ ਖਦਸ਼ਾ ਪ੍ਰਗਟ ਕਰਦਿਆਂ ਕਿਹਾ ਕਿ ਪਹਿਲਾਂ ਰਣਜੀਤ ਪੁਰਾ ਪਿੰਡ ਨੇੜੇ ਵੀ ਝੀਲਾਂ ਦਾ ਪਾਣੀ ਇਸੇ ਤਰ੍ਹਾਂ ਨਹਿਰ ਦੇ ਥੱਲਿਓਂ ਰਿਸਿਆ ਸੀ। ਉਨ੍ਹਾਂ ਦੋਸ਼ ਲਗਾਇਆ ਕਿ ਉਹ ਪਿਛਲੇ ਤਿੰਨ ਦਨਿਾਂ ਤੋਂ ਥਰਮਲ ਅਧਿਕਾਰੀਆਂ ਨੂੰ ਇਹ ਪਾਣੀ ਬੰਦ ਕਰਨ ਦੀਆਂ ਅਪੀਲਾਂ ਕਰ ਰਹੇ ਹਨ ਪਰ ਹਾਲੇ ਤੱਕ ਥਰਮਲ ਅਧਿਕਾਰੀਆਂ ਨੇ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕੀਤੀ। ਉਨ੍ਹਾਂ ਦੱਸਿਆ ਕਿ ਨਹਿਰ ਟੁੱਟਣ ਦੀ ਸੂਰਤ ਵਿੱਚ ਉਨ੍ਹਾਂ ਦੀਆਂ ਫ਼ਸਲਾਂ ਦਾ ਨੁਕਸਾਨ ਵੀ ਹੋਵੇਗਾ ਤੇ ਥਰਮਲ ਪਲਾਂਟ ਦੇ ਸਾਰੇ ਯੂਨਿਟ ਬੰਦ ਕਰਨੇ ਪੈ ਜਾਣਗੇ, ਜਿਸ ਨਾਲ 840 ਮੈਗਾਵਾਟ ਬਿਜਲੀ ਦਾ ਨੁਕਸਾਨ ਹੋ ਜਾਵੇਗਾ।