For the best experience, open
https://m.punjabitribuneonline.com
on your mobile browser.
Advertisement

ਕੇਜਰੀਵਾਲ ਦੀ ਸਿਹਤ ਵਿਗੜਨ ਦਾ ਖਦਸ਼ਾ: ਆਤਿਸ਼ੀ

10:39 AM Apr 04, 2024 IST
ਕੇਜਰੀਵਾਲ ਦੀ ਸਿਹਤ ਵਿਗੜਨ ਦਾ ਖਦਸ਼ਾ  ਆਤਿਸ਼ੀ
Advertisement

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 3 ਅਪਰੈਲ
‘ਆਪ’ ਦੀ ਸੀਨੀਅਰ ਆਗੂ ਆਤਿਸ਼ੀ ਨੇ ਅੱਜ ਦਾਅਵਾ ਕੀਤਾ ਕਿ 21 ਮਾਰਚ ਨੂੰ ਗ੍ਰਿਫਤਾਰੀ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਭਾਰ ਤੇਜ਼ੀ ਨਾਲ ਘਟ ਰਿਹਾ ਹੈ। ਆਤਿਸ਼ੀ ਨੇ ਭਾਜਪਾ ’ਤੇ ਕੇਜਰੀਵਾਲ ਨੂੰ ਜੇਲ੍ਹ ਵਿੱਚ ਰੱਖ ਕੇ ਉਨ੍ਹਾਂ ਦੀ ਸਿਹਤ ਖ਼ਤਰੇ ਵਿੱਚ ਪਾਉਣ ਦਾ ਦੋਸ਼ ਲਾਇਆ। ਆਤਿਸ਼ੀ ਨੇ ਕਿਹਾ ਕਿ ਪਾਰਟੀ ਮੁੱਖ ਮੰਤਰੀ ਦੀ ਸਿਹਤ ਨੂੰ ਲੈ ਕੇ ਕਾਨੂੰਨੀ ਮਦਦ ਲਵੇਗੀ।
ਤਿਹਾੜ ਜੇਲ੍ਹ ਪ੍ਰਸ਼ਾਸਨ ਨੇ ਕੇਜਰੀਵਾਲ ਦੀ ਸਿਹਤ ਨੂੰ ਲੈ ਕੇ ਆਤਿਸ਼ੀ ਦੇ ਦਾਅਵਿਆਂ ਨੂੰ ਖਾਰਜ ਕਰ ਦਿੱਤਾ ਹੈ। ਕੇਜਰੀਵਾਲ 15 ਅਪਰੈਲ ਤੱਕ ਤਿਹਾੜ ਜੇਲ੍ਹ ਵਿੱਚ ਨਿਆਂਇਕ ਹਿਰਾਸਤ ਵਿੱਚ ਹਨ। ਤਿਹਾੜ ਜੇਲ੍ਹ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਕੇਜਰੀਵਾਲ ਦੀ ਹਾਲਤ ਆਮ ਹੈ। ਤਿਹਾੜ ਜੇਲ੍ਹ ਪ੍ਰਸ਼ਾਸਨ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ, ‘‘ਪਹਿਲੀ ਅਪਰੈਲ ਨੂੰ ਉਨ੍ਹਾਂ ਨੂੰ ਲਿਆਉਣ ਤੋਂ ਬਾਅਦ ਦੋ ਡਾਕਟਰਾਂ ਨੇ ਕੇਜਰੀਵਾਲ ਦੀ ਜਾਂਚ ਕੀਤੀ ਅਤੇ ਸਭ ਕੁੱਝ ਠੀਕ ਸੀ। ਜੇਲ੍ਹ ਵਿੱਚ ਆਉਣ ਤੋਂ ਲੈ ਕੇ ਅੱਜ ਤੱਕ ਉਨ੍ਹਾਂ ਦਾ ਭਾਰ 65 ਕਿਲੋ ’ਤੇ ਸਥਿਰ ਹੈ। ਅਦਾਲਤ ਦੇ ਹੁਕਮਾਂ ਅਨੁਸਾਰ ਉਨ੍ਹਾਂ ਨੂੰ ਘਰ ਦਾ ਖਾਣਾ ਮੁਹੱਈਆ ਕਰਵਾਇਆ ਜਾ ਰਿਹਾ ਹੈ।
ਕੇਜਰੀਵਾਲ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਆਬਕਾਰੀ ਨੀਤੀ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਨੂੰ 15 ਅਪਰੈਲ ਤੱਕ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਆਤਿਸ਼ੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਇਕ ਪੋਸਟ ’ਚ ਕਿਹਾ, ‘‘ਅਰਵਿੰਦ ਕੇਜਰੀਵਾਲ ਨੂੰ ਸ਼ੂਗਰ ਹੈ। ਸਿਹਤ ਸਬੰਧੀ ਸਮੱਸਿਆਵਾਂ ਦੇ ਬਾਵਜੂਦ ਉਹ 24 ਘੰਟੇ ਦੇਸ਼ ਦੀ ਸੇਵਾ ਵਿੱਚ ਲੱਗੇ ਰਹਿੰਦੇ ਹਨ। ਗ੍ਰਿਫਤਾਰੀ ਤੋਂ ਬਾਅਦ ਕੇਜਰੀਵਾਲ ਦਾ ਭਾਰ 4.5 ਕਿਲੋ ਘੱਟ ਗਿਆ ਹੈ। ਇਹ ਚਿੰਤਾਜਨਕ ਹੈ। ਭਾਜਪਾ ਉਨ੍ਹਾਂ ਨੂੰ ਜੇਲ੍ਹ ਵਿੱਚ ਪਾ ਕੇ ਉਨ੍ਹਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੀ ਹੈ।’’ ਆਤਿਸ਼ੀ ਨੇ ਕਿਹਾ ਕਿ ਜੇ ਕੇਜਰੀਵਾਲ ਨੂੰ ਕੁਝ ਹੋ ਗਿਆ ਤਾਂ ਨਾ ਦੇਸ਼ ਵਾਸੀ ‘ਉਨ੍ਹਾਂ ਨੂੰ’ ਮੁਆਫ਼ ਨਹੀਂ ਕਰਨਗੇ।
ਬਾਅਦ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਆਤਿਸ਼ੀ ਨੇ ਦੋਸ਼ ਲਾਇਆ ਕਿ ਕੇਜਰੀਵਾਲ ਨੂੰ ‘ਝੂਠੇ ਕੇਸ’ ਵਿੱਚ ਸਲਾਖਾਂ ਪਿੱਛੇ ਡੱਕਿਆ ਗਿਆ ਹੈ ਅਤੇ ਉਹ ਕੇਜਰੀਵਾਲ ਦੀ ਸਿਹਤ ’ਤੇ ਨੇੜਿਓਂ ਨਜ਼ਰ ਰੱਖ ਰਹੇ ਹਨ। ਉਨ੍ਹਾਂ ਕਿਹਾ, ‘‘ਪੂਰਾ ਦੇਸ਼ ਦੇਖ ਰਿਹਾ ਹੈ। ਗੰਭੀਰ ਸ਼ੂਗਰ ਦੇ ਮਰੀਜ਼ਾਂ ਵਿੱਚ ਜੇ ਬਲੱਡ ਸ਼ੂਗਰ ਦਾ ਪੱਧਰ 50 ਮਿਲੀਗ੍ਰਾਮ ਪ੍ਰਤੀ ਡੇਸੀਲੀਟਰ ਤੋਂ ਹੇਠਾਂ ਆ ਜਾਂਦਾ ਹੈ ਤਾਂ ਇਹ ਕਾਫ਼ੀ ਚਿੰਤਾਜਨਕ ਹੈ। ਜਦੋਂ ਉਹ ਈਡੀ ਦੀ ਹਿਰਾਸਤ ਵਿੱਚ ਸਨ ਤਾਂ ਉਨ੍ਹਾਂ ਦੇ ਬਲੱਡ ਸ਼ੂਗਰ ਦਾ ਪੱਧਰ ਤਿੰਨ ਵਾਰ ਘਟਿਆ ਅਤੇ ਇੱਕ ਵਾਰ ਇਹ 46 ਮਿਲੀਗ੍ਰਾਮ ਪ੍ਰਤੀ ਡੇਸੀਲੀਟਰ ਤੱਕ ਪਹੁੰਚ ਗਿਆ ਸੀ।’’ ਆਤਿਸ਼ੀ ਨੇ ਦਾਅਵਾ ਕੀਤਾ ਕਿ ਪਿਛਲੇ 12 ਦਿਨਾਂ ਵਿੱਚ ਕੇਜਰੀਵਾਲ ਦਾ ਭਾਰ 4.5 ਕਿਲੋਗ੍ਰਾਮ ਘੱਟ ਗਿਆ ਹੈ ਜੋ ਸਿਹਤ ਲਈ ਖਤਰਨਾਕ ਹੈ। ਆਮ ਆਦਮੀ ਪਾਰਟੀ ਦੇ ਵਿਧਾਇਕ ਦਲੀਪ ਪਾਂਡੇ ਨੇ ਆਤਿਸ਼ੀ ਦੇ ਦਾਅਵੇ ਨੂੰ ਦੁਹਰਾਉਂਦਿਆਂ ਕਿਹਾ ਕਿ ਇਹ ਰਿਕਾਰਡ ’ਚ ਹੈ ਕਿ ਕੇਜਰੀਵਾਲ ਦਾ ਭਾਰ 69.5 ਕਿਲੋ ਤੋਂ ਘੱਟ ਕੇ 65 ਕਿਲੋਗ੍ਰਾਮ ਹੋ ਗਿਆ ਹੈ। ਪਾਂਡੇ ਨੇ ਕਿਹਾ, “ਉਹ ਸ਼ੂਗਰ ਦੇ ਮਰੀਜ਼ ਹਨ। ਸ਼ੂਗਰ ਸਿਰਫ਼ ਇੱਕ ਬਿਮਾਰੀ ਨਹੀਂ ਹੈ। ਇਸ ਨਾਲ ਕਈ ਹੋਰ ਗੰਭੀਰ ਬਿਮਾਰੀਆਂ ਹੋ ਸਕਦੀਆਂ ਹਨ। ਪਿਛਲੇ 12 ਦਿਨਾਂ ਵਿੱਚ ਉਨ੍ਹਾਂ ਦਾ ਭਾਰ 69.5 ਕਿਲੋ ਤੋਂ ਘਟ ਕੇ 65 ਕਿਲੋ ਹੋ ਗਿਆ ਹੈ।’’

Advertisement

ਕੇਜਰੀਵਾਲ ਦੀ ਗ੍ਰਿਫਤਾਰੀ ਖ਼ਿਲਾਫ਼ 7 ਨੂੰ ਸਮੂਹਿਕ ਵਰਤ ਰੱਖਣਗੇ ‘ਆਪ’ ਵਰਕਰ

ਗੋਪਾਲ ਰਾਏ

ਨਵੀਂ ਦਿੱਲੀ (ਪੱਤਰ ਪ੍ਰੇਰਕ): ਆਮ ਆਦਮੀ ਪਾਰਟੀ (ਆਪ) ਆਗੂ ਗੋਪਾਲ ਰਾਏ ਨੇ ਅੱਜ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਖ਼ਿਲਾਫ਼ ਪਾਰਟੀ ਆਗੂ 7 ਅਪਰੈਲ ਨੂੰ ਜੰਤਰ-ਮੰਤਰ ’ਤੇ ਸਮੂਹਿਕ ਵਰਤ ਰੱਖਣਗੇ। ਗੋਪਾਲ ਰਾਏ ਨੇ ਪ੍ਰੈਸ ਕਾਨਫਰੰਸ ਵਿੱਚ ਪਾਰਟੀ ਦੇ ਕੌਮੀ ਕਨਵੀਨਰ ਦੀ ਗ੍ਰਿਫਤਾਰੀ ਖ਼ਿਲਾਫ਼ ਦੇਸ਼ ਵਿਆਪੀ ਸਮੂਹਿਕ ਵਰਤ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ, ‘‘ਜੇ ਤੁਸੀਂ ਦਿੱਲੀ ਦੇ ਮੁੱਖ ਮੰਤਰੀ ਦੀ ਗ੍ਰਿਫਤਾਰੀ ਦੇ ਖ਼ਿਲਾਫ਼ ਹੋ ਤਾਂ 7 ਅਪਰੈਲ ਨੂੰ ਵਰਤ ਰੱਖ ਸਕਦੇ ਹੋ। ਤੁਸੀਂ ਆਪਣੇ ਘਰ ਜਾਂ ਕਿਤੇ ਵੀ ਸਮੂਹਿਕ ਵਰਤ ਰੱਖ ਸਕਦੇ ਹੋ।” ਰਾਏ ਨੇ ਕਿਹਾ ਕਿ ‘ਆਪ’ ਨੂੰ ਤਬਾਹ ਕਰਨ ਦੇ ਮਕਸਦ ਨਾਲ ਪਾਰਟੀ ਦੀ ਲੀਡਰਸ਼ਿਪ ਨੂੰ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ। ਦਿੱਲੀ ਸਰਕਾਰ ਦੇ ਮੰਤਰੀ, ‘ਆਪ’ ਦੇ ਸੰਸਦ ਮੈਂਬਰ, ਵਿਧਾਇਕ, ਕੌਂਸਲਰ ਅਤੇ ਅਧਿਕਾਰੀ 7 ਅਪਰੈਲ ਨੂੰ ਜੰਤਰ-ਮੰਤਰ ਵਿੱਚ ਸਮੂਹਿਕ ਵਰਤ ਰੱਖਣਗੇ। ਇਹ ਇੱਕ ਖੁੱਲ੍ਹਾ ਪ੍ਰੋਗਰਾਮ ਹੋਵੇਗਾ। ਇਸ ਵਿੱਚ ਵਿਦਿਆਰਥੀ ਜਥੇਬੰਦੀਆਂ, ਕਿਸਾਨ ਜਥੇਬੰਦੀਆਂ ਤੇ ਵਪਾਰੀ ਵੀ ਹਿੱਸਾ ਲੈ ਸਕਦੇ ਹਨ।’’ ਉਨ੍ਹਾਂ ਕਿਹਾ ਕਿ ਦੇਸ਼ ਵਿਆਪੀ ਲੋਕ ਵਰਤ ਰਾਹੀਂ ਮੋਦੀ ਸਰਕਾਰ ਦੀ ਤਾਨਾਸ਼ਾਹੀ ਨੂੰ ਦੇਸ਼ ਵਿੱਚੋਂ ਉਖਾੜ ਸੁੱਟਣ ਦਾ ਸੰਕਲਪ ਹੋਰ ਮਜ਼ਬੂਤ ਕੀਤਾ ਜਾਵੇਗਾ ਤਾਂ ਜੋ ਸੰਵਿਧਾਨ ਅਤੇ ਲੋਕਤੰਤਰ ਨੂੰ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਸੰਜੈ ਸਿੰਘ ਨੂੰ ਜ਼ਮਾਨਤ ਮਿਲਣਾ ਭਾਜਪਾ ਦੀ ਸਾਜ਼ਿਸ਼ ਅਤੇ ਤਾਨਾਸ਼ਾਹੀ ਦੀ ਹਾਰ ਹੈ। ਈਡੀ ਕੋਲ ਕੋਈ ਸਬੂਤ ਨਹੀਂ। ਇਹ ਹੀ ਇਸ ਮਾਮਲੇ ਦਾ ਸੱਚ ਹੈ। ਉਨ੍ਹਾਂ ਕਿਹਾ ਕਿ ਸੰਜੈ ਸਿੰਘ ਦੀ ਜ਼ਮਾਨਤ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਕੇਜਰੀਵਾਲ ਸਮੇਤ ਸਾਰੇ ‘ਆਪ ਆਗੂਆਂ ਨੂੰ ਝੂਠੇ ਦੋਸ਼ਾਂ ਹੇਠ ਗ੍ਰਿਫਤਾਰ ਕੀਤਾ ਗਿਆ ਹੈ।

Advertisement

ਖ਼ਬਰਾਂ ’ਚ ਰਹਿਣ ਲਈ ਝੂਠੇ ਦਾਅਵੇ ਕਰ ਰਹੀ ਹੈ ‘ਆਪ’: ਭਾਜਪਾ

ਪ੍ਰਵੀਨ ਸ਼ੰਕਰ ਕਪੂਰ

ਦਿੱਲੀ ਭਾਜਪਾ ਦੇ ਤਰਜਮਾਨ ਪ੍ਰਵੀਨ ਸ਼ੰਕਰ ਕਪੂਰ ਨੇ ਕਿਹਾ ਕਿ ਕੇਜਰੀਵਾਲ “ਅਦਾਲਤ ਦੀ ਹਰ ਪੇਸ਼ੀ ਦੌਰਾਨ ਸਿਹਤਮੰਦ ਦਿਖਾਈ ਦਿੱਤੇ’ ਅਤੇ ਅਦਾਲਤ ਦੇ ਇਤਰਾਜ਼ਾਂ ਦੇ ਬਾਵਜੂਦ ਉਨ੍ਹਾਂ ਨੇ ਅਦਾਲਤ ਵਿਚ ਲੰਮਾ ਬਿਆਨ ਦਿੱਤਾ। ਉਨ੍ਹਾਂ ਕਿਹਾ, ‘‘ਪਰ ਜੇਲ੍ਹ ਵਿੱਚ ਜਾਂਦਿਆਂ ਇੱਕ ਦਿਨ ਵਿੱਚ ਹੀ ‘ਆਪ’ ਭਾਰ ਘਟਣ ਅਤੇ ਸ਼ੂਗਰ ਦੇ ਪੱਧਰ ਦੇ ਮੁੱਦਿਆਂ ਦਾ ਦਾਅਵਾ ਕਰ ਰਹੀ ਹੈ। ਇਹ ਸਾਰੇ ਦਾਅਵੇ ਹਮਦਰਦੀ ਪੈਦਾ ਕਰਨ ਅਤੇ ਖ਼ਬਰਾਂ ਵਿੱਚ ਬਣੇ ਰਹਿਣ ਲਈ ਹਨ।’’ ਉਨ੍ਹਾਂ ਕਿਹਾ ਕਿ ਇਸ ਨਾਲ ਕਾਨੂੰਨੀ ਪ੍ਰਕਿਰਿਆ ਵਿੱਚ ਕੋਈ ਫਰਕ ਨਹੀਂ ਪਵੇਗਾ। ਜੇਲ੍ਹ ਵਿੱਚ ਡਾਕਟਰ ਕੇਜਰੀਵਾਲ ਦੀ ਨਿਗਰਾਨੀ ਕਰ ਰਹੇ ਹਨ।

Advertisement
Author Image

sukhwinder singh

View all posts

Advertisement