ਪੌਂਗ ਡੈਮ ਦਾ ਪਾਣੀ ਛੱਡਣ ਕਾਰਨ ਹੜ੍ਹ ਦਾ ਖਦਸ਼ਾ
ਜਗਜੀਤ ਸਿੰਘ
ਮੁਕੇਰੀਆਂ, 14 ਅਗਸਤ
ਪੌਂਗ ਡੈਮ ਦਾ ਪਾਣੀ ਛੱਡਣ ਕਾਰਨ ਹੜ੍ਹ ਦਾ ਖਦਸ਼ਾ ਬਣ ਗਿਆ ਹੈ। ਪੌਂਗ ਡੈਮ ਪ੍ਰਸਾਸ਼ਨ ਵੱਲੋਂ ਸ਼ਾਮ 7 ਵਜੇ ਕਰੀਬ ਇੱਕ ਲੱਖ ਕਿਊਸਿਕ ਪਾਣੀ ਛੱਡੇ ਜਾਣ ਕਾਰਨ ਬਿਆਸ ਦਰਿਆ ਕਿਨਾਰੇ ਵੱਸਦੇ ਲੋਕ ਡਰੇ ਹੋਏ ਹਨ। ਇਸ ਕਾਰਨ ਸਥਿਤੀ ਹੰਗਾਮੇ ਵਾਲੀ ਬਣੀ ਹੋਈ ਹੈ।
ਉਧਰ ਇਸ ਸਥਿਤੀ ਨਾਲ ਨਜਿੱਠਣ ਲਈ ਵਾਧੂ ਚਾਰਜ ਸੰਭਾਲ ਰਹੇ ਐੱਸਡੀਐੱਮ ਦਸੂਹਾ ਅਤੇ ਡੀਸੀ ਹੁਸ਼ਿਆਰਪੁਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਫੋਨ ਨਹੀਂ ਚੁੱਕਿਆ। ਪਿੰਡ ਮਹਿਤਾਬਪੁਰ ਦੇ ਕੁਲਦੀਪ ਸਿੰਘ ਨੇ ਦੱਸਿਆ ਕਿ ਪਿੰਡ ਦੇ ਇੱਕ ਪਾਸੇ ਦਰਿਆ ਦਾ ਪਾਣੀ ਵਹਿ ਰਿਹਾ ਹੈ ਅਤੇ ਦੂਜੇ ਪਾਸੇ ਡਰੇਨਾਂ ਊਫਾਨ ’ਤੇ ਹੋਣ ਕਾਰਨ ਪਿੰਡ ਪਾਣੀ ਵਿੱਚ ਘਿਰ ਗਿਆ ਹੈ ਅਤੇ ਜੇਕਰ ਰਾਤ ਪਾਣੀ ਦੀ ਆਮਦ ਜਾਂ ਬਰਸਾਤ ਹੁੰਦੀ ਹੈ ਤਾਂ ਉਨ੍ਹਾਂ ਲਈ ਪਿੰਡੋਂ ਬਾਹਰ ਜਾਣ ਦਾ ਕੋਈ ਰਸਤਾ ਨਹੀਂ ਰਹਿ ਜਾਂਦਾ। ਇਹੋ ਹਾਲਾਤ ਮਿਆਣੀ ਮਲਾਹ ਦੇ ਬਣੇ ਹੋਏ ਹਨ। ਬਿਆਸ ਦਰਿਆ ਕਿਨਾਰੇ ਵੱਸਦੇ ਪਿੰਡ ਸਨਿਆਲ, ਹਲੇੜ ਜਨਾਰਧਨ, ਮੋਤਲਾ, ਮਹਿਤਾਬਪੁਰ, ਕਲੋਤਾ, ਨੌਸ਼ਹਿਰਾ ਪੱਤਣ, ਤੱਗੜਾਂ, ਛਾਟਾਂ, ਮੌਲੀ, ਧਨੋਆ ਸਮੇਤ ਦਰਜਨ ਦੇ ਕਰੀਬ ਪਿੰਡਾਂ ਦੀ ਗੰਨੇ ਅਤੇ ਝੋਨੇ ਦੀ ਫ਼ਸਲ ਜੋ ਪਹਿਲਾਂ ਪਾਣੀ ਵਿੱਚ ਡੁੱਬੀ ਹੋਈ ਸੀ, ਦੇ ਤਬਾਹ ਹੋਣ ਦਾ ਖਦਸ਼ਾ ਹੈ। ਉਧਰ ਹੜ੍ਹ ਰੋਕੂ ਪ੍ਰਬੰਧਾਂ ਬਾਰੇ ਜਾਣਕਾਰੀ ਲਈ ਤਹਿਸੀਲਦਾਰ ਮੁਕੇਰੀਆਂ ਅੰਮ੍ਰਿਤਬੀਰ ਸਿੰਘ ਨੂੰ ਫੋਨ ਕੀਤਾ ਗਿਆ, ਪਰ ਉਨ੍ਹਾਂ ਦਾ ਫੋਨ ਨਹੀਂ ਲੱਗ ਰਿਹਾ ਸੀ। ਡੀਐੱਸਪੀ ਕੁਲਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਪੁਲੀਸ ਹੰਗਾਮੀ ਹਾਲਾਤ ਲਈ ਹਰ ਪੱਧਰ ’ਤੇ ਡਟੀ ਹੋਈ ਹੈ ਅਤੇ ਸੈਕਟਰ ਵਾਈਜ਼ ਮਾਲ ਤੇ ਹੋਰ ਅਧਿਕਾਰੀਆਂ ਦੀਆਂ ਡਿਊਟੀਆਂ ਬਾਰੇ ਤਹਿਸੀਲਦਾਰ ਹੀ ਜਾਣਕਾਰੀ ਦੇ ਸਕਦੇ ਹਨ।