ਹਰਦੀਪ ਸਿੰਘ ਸੋਢੀਧੂਰੀ, 5 ਜੂਨਸ਼ਹਿਰ ਦੇ ਕੱਕੜਵਾਲ ਚੌਕ ’ਚ ਕਾਫ਼ੀ ਸਮੇਂ ਤੋਂ ਖਰਾਬ ਪਈਆਂ ਟਰੈਫਿਕ ਲਾਈਟਾਂ ਕਾਰਨ ਜਿੱਥੇ ਜਾਮ ਲੱਗਿਆ ਰਹਿੰਦਾ ਹੈ ਉਥੇ ਹੀ ਇੱਥੇ ਹਾਦਸੇ ਵਾਪਰਨ ਦਾ ਖ਼ਦਸ਼ਾ ਹੈ। ਜਾਣਕਾਰੀ ਅਨੁਸਾਰ ਇਸ ਚੌਕ ਤੋਂ ਬਰਨਾਲਾ, ਧੂਰੀ, ਸੰਗਰੂਰ ਤੇ ਲੁਧਿਆਣਾ ਤਰਫੋਂ ਆਉਂਦੇ ਜਾਂਦੇ ਵਾਹਨ ਲੰਘਦੇ ਹਨ ਤੇ ਟਰੈਫਿਕ ਲਾਈਟਾਂ ਬੰਦ ਹੋਣ ਕਾਰਨ ਇੱਥੇ ਜਾਮ ਦੀ ਸਥਿਤੀ ਹੋਰ ਗੰਭੀਰ ਹੋ ਜਾਂਦੀ ਹੈ। ਦੁਪਹਿਰ ਸਮੇਂ ਸਕੂਲਾਂ ਨੂੰ ਛੁੱਟੀ ਹੋਣ ਕਾਰਨ ਇਸ ਚੌਕ ’ਚ ਅੱਧਾ ਅੱਧਾ ਕਿਲੋਮੀਟਰ ਦਾ ਲੰਮਾ ਜਾਮ ਲੱਗ ਜਾਂਦਾ ਹੈ ਜਿਸ ਕਾਰਨ ਬੱਚੇ ਆਪਣੇ ਘਰਾਂ ਵਿੱਚ ਸਮੇਂ ਸਿਰ ਨਹੀਂ ਪਹੁੰਚ ਪਾਉਂਦੇ। ਇਸ ਸਬੰਧੀ ਕਿਰਪਾਲ ਸਿੰਘ ਰਾਜੋਮਾਜਰਾ, ਹਰਬੰਸ ਸਿੰਘ ਸੋਢੀ ਅਤੇ ਜਗਦੀਸ਼ ਸ਼ਰਮਾ ਨੇ ਕਿਹਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸ਼ਹਿਰ ਅੰਦਰ ਟਰੈਫਿਕ ਦੀ ਸਮੱਸਿਆ ਗੰਭੀਰ ਬਣ ਚੁੱਕੀ ਹੈ। ਉਨ੍ਹਾਂ ਕਿਹਾ ਕਿ ਕੱਕੜਵਾਲ ਚੌਕ ਤੋਂ ਇਲਾਵਾ ਸ਼ਹਿਰ ਦੇ ਹੋਰ ਅਹਿਮ ਖੇਤਰਾਂ ਵਿੱਚ ਜਾਮ ਲੱਗਣਾ ਆਮ ਗੱਲ ਹੋ ਗਈ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕੱਕੜਵਾਲ ਚੌਕ ਵਿੱਚ ਸਕੂਲੀ ਬੱਚਿਆਂ ਦੀਆਂ ਬੱਸਾਂ ਦਾ ਸਮਾਂ ਅੱਗੇ ਪਿੱਛੇ ਕਰਨ ਦੇ ਨਾਲ-ਨਾਲ ਟਰੈਫਿਕ ਲਾਈਟਾਂ ਫੌਰੀ ਚਾਲੂ ਕੀਤੀਆਂ ਜਾਣ। ਕਾਰਜ ਸਾਧਕ ਅਫ਼ਸਰ ਗੁਰਵਿੰਦਰ ਸਿੰਘ ਨੇ ਕਿਹਾ ਇਹ ਮਾਮਲਾ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਦਿੱਤਾ ਅਤੇ ਸਮੱਸਿਆ ਦਾ ਜਲਦ ਹੱਲ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਬੰਦ ਟਰੈਫਿਕ ਲਾਈਟਾਂ ਨੂੰ ਠੀਕ ਕਰਵਾਉਣ ਦੇ ਯਤਨ ਕੀਤੇ ਜਾਣਗੇ।