ਸਪੀਡ ਬਰੇਕਰਾਂ ’ਤੇ ਸਫੈਦ ਪੱਟੀਆਂ ਨਾ ਹੋਣ ਕਾਰਨ ਹਾਦਸਿਆਂ ਦਾ ਖਦਸ਼ਾ
ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 29 ਜੁਲਾਈ
ਮਾਲੇਰਕੋਟਲਾ-ਪਟਿਆਲਾ ਮੁੱਖ ਜ਼ਿਲ੍ਹਾ ਮਾਰਗ-32 ਸਥਿਤ ਸੰਘਣੀ ਆਬਾਦੀ ਵਾਲੇ ਇਲਾਕੇ ਕਿਲ੍ਹਾ ਰਹਿਮਤਗੜ੍ਹ, ਜਮਾਲਪੁਰਾ, ਠੰਡੀ ਸੜਕ ਅਤੇ ਕਾਲਜ ਰੋਡ, ਸਟੇਡੀਅਮ ਰੋਡ, ਰੇਲਵੇ ਰੋਡ, ਜਰਗ ਰੋਡ, ਗੁਰੂ ਤੇਗ਼ ਬਹਾਦਰ ਕਲੋਨੀ, ਜੁਝਾਰ ਸਿੰਘ ਨਗਰ, ਬਠਿੰਡੀਆਂ ਮੁਹੱਲਾ ਅਤੇ ਸ਼ਹਿਰ ਦੇ ਹੋਰਨਾਂ ਹਿੱਸਿਆਂ ਦੀਆਂ ਸੜਕਾਂ ’ਤੇ ਵਾਹਨਾਂ ਦੀ ਰਫ਼ਤਾਰ ਸੀਮਤ ਰੱਖਣ ਅਤੇ ਹਾਦਸਿਆਂ ਨੂੰ ਰੋਕਣ ਲਈ ਬਣਾਏ ਗਏ ਰਫ਼ਤਾਰ ਰੋਕੂ ਅੜਿੱਕੇ (ਸਪੀਡ ਬਰੇਕਰ) ਹਾਦਸਿਆਂ ਦਾ ਕਾਰਨ ਬਣ ਰਹੇ ਹਨ| ਸਪੀਡ ਬਰੇਕਰਾਂ ’ਤੇ ਸਫ਼ੈਦ ਰੰਗ ਦੀਆਂ ਪੱਟੀਆਂ ਨਾ ਹੋਣ ਕਾਰਨ ਤੇਜ਼ ਰਫ਼ਤਾਰ ਨਾਲ ਲੰਘਣ ਵਾਲੇ ਵਾਹਨਾਂ ਕਾਰਨ ਹਰ ਰੋਜ਼ ਕੋਈ ਨਾ ਕੋਈ ਹਾਦਸਾ ਵਾਪਰਨ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ| ਇਨ੍ਹਾਂ ’ਤੇ ਚਿੱਟੀ ਪੱਟੀ ਨਾ ਹੋਣ ਕਰਕੇ ਇਹ ਰਾਤ ਨੂੰ ਦਿਖਾਈ ਨਹੀਂ ਦਿੰਦੇ।
ਰਾਤ ਸਮੇਂ ਸਪੀਡ ਬਰੇਕਰ ਸਾਹਮਣੇ ਆਉਣ ’ਤੇ ਤੇਜ਼ ਰਫ਼ਤਾਰ ਲੰਘਣ ਵਾਲੇ ਵਾਹਨਾਂ ਦਾ ਸੰਤੁਲਨ ਵਿਗੜਨ ਕਾਰਨ ਉਹ ਬੇਕਾਬੂ ਹੋ ਜਾਂਦੇ ਹਨ, ਜਿਸ ਨਾਲ ਹਾਦਸਾ ਵਾਪਰਨ ਦਾ ਖ਼ਦਸ਼ਾ ਰਹਿੰਦਾ ਹੈ| ਇਸ ਤੋਂ ਇਲਾਵਾ ਸਪੀਡ ਬਰੇਕਰਾਂ ਨੇੜੇ ਇਨ੍ਹਾਂ ਦੀ ਹੋਂਦ ਨੂੰ ਦਰਸਾਉਂਦੇ ਸੰਕੇਤਕ ਬੋਰਡ ਵੀ ਨਹੀਂ ਲਾਏ ਗਏ। ਆਲ ਇੰਡੀਆ ਕਿਸਾਨ ਕਾਂਗਰਸ ਦੇ ਕੌਮੀ ਕੋਆਰਡੀਨੇਟਰ ਅਤੇ ਕੌਂਸਲਰ ਕਾਮਰੇਡ ਮੁਹੰਮਦ ਇਸਮਾਈਲ ਨੇ ਕਿਹਾ ਕਿ ਸਪੀਡ ਬਰੇਕਰਾਂ ’ਤੇ ਸਫ਼ੈਦ ਰੰਗ ਦੀ ਪੱਟੀ ਨਾ ਹੋਣ ਕਾਰਨ ਵਾਹਨ ਚਾਲਕਾਂ ਖ਼ਾਸ ਕਰਕੇ ਦੋ ਪਹੀਆ ਵਾਹਨ ਚਾਲਕਾਂ ਨੂੰ ਪ੍ਰੇਸ਼ਾਨੀ ਹੁੰਦੀ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਨ੍ਹਾਂ ਸਪੀਡ ਬਰੇਕਰਾਂ ਦੀ ਉਚਾਈ ਘੱਟ ਕਰਕੇ ਢਾਲ ਲੰਮੀ ਕੀਤੀ ਜਾਵੇ, ਇਨ੍ਹਾਂ ਉਪਰ ਗੂੜ੍ਹੀਆਂ ਸਫ਼ੈਦ ਰੰਗ ਦੀਆਂ ਪੱਟੀਆਂ ਲਾਈਆਂ ਜਾਣ ਅਤੇ ਸਪੀਡ ਬਰੇਕਰਾਂ ਨੇੜੇ ਇਨ੍ਹਾਂ ਦੀ ਹੋਂਦ ਨੂੰ ਦਰਸਾਉਂਦੇ ਸੰਕੇਤਕ ਬੋਰਡ ਲਾਏ ਜਾਣ। ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਅਪਰ ਅਪਾਰ ਸਿੰਘ ਨੇ ਕਿਹਾ ਕਿ ਕੌਂਸਲ ਦੀ ਹੱਦ ਅਧੀਨ ਆਉਂਦੇ ਖੇਤਰ ’ਚ ਬਣੇ ਸਪੀਡ ਬਰੇਕਰਾਂ ’ਤੇ ਜਲਦੀ ਹੀ ਚਿੱਟੇ ਰੰਗ ਦੀਆਂ ਪੱਟੀਆਂ ਲਾਈਆਂ ਜਾਣਗੀਆਂ।