ਪੰਜ ਐੱਨਜੀਓਜ਼ ਦੀ ਐੱਫਸੀਆਰਏ ਰਜਿਸਟਰੇਸ਼ਨ ਰੱਦ
ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰਾਲੇ ਨੇ ਵਿਦੇਸ਼ੀ ਯੋਗਦਾਨ ਰੈਗੂਲੇਸ਼ਨ ਐਕਟ (ਐੱਫਸੀਆਰਏ) ਦੀਆਂ ਵੱਖ ਵੱਖ ਧਾਰਾਵਾਂ ਦੀ ਕਥਿਤ ਉਲੰਘਣਾ ਲਈ ਪੰਜ ਗ਼ੈਰ ਸਰਕਾਰੀ ਸੰਸਥਾਵਾਂ (ਐੱਨਜੀਓਜ਼) ਦੀ ਰਜਿਸਟਰੇਸ਼ਨ ਰੱਦ ਕਰ ਦਿੱਤੀ ਹੈ। ਸੂਤਰਾਂ ਨੇ ਕਿਹਾ ਕਿ ਗ੍ਰਹਿ ਮੰਤਰਾਲੇ ਵੱਲੋਂ ਜਿਨ੍ਹਾਂ ਐੱਨਜੀਓਜ਼ ਦੀ ਰਜਿਸਟਰੇਸ਼ਨ ਰੱਦ ਕੀਤੀ ਗਈ ਹੈ, ਉਨ੍ਹਾਂ ’ਚ ਸੀਐੱਨਆਈ ਸਾਇਨੋਡੀਕਲ ਬੋਰਡ ਆਫ਼ ਸੋਸ਼ਲ ਸਰਵਿਸ, ਵਾਲੰਟਰੀ ਹੈਲਥ ਐਸੋਸੀਏਸ਼ਨ ਆਫ਼ ਇੰਡੀਆ, ਇੰਡੋ-ਗਲੋਬਲ ਸੋਸ਼ਲ ਸਰਵਿਸ ਸੁਸਾਇਟੀ, ਚਰਚ ਔਗਜ਼ਿਲਰੀ ਫਾਰ ਸੋਸ਼ਲ ਐਕਸ਼ਨ ਅਤੇ ਇਵੈਂਨਜੈਲੀਕਲ ਫੈਲੋਸ਼ਿਪ ਆਫ਼ ਇੰਡੀਆ ਸ਼ਾਮਲ ਹਨ। ਐੱਫਸੀਆਰਏ ਰਜਿਸਟਰੇਸ਼ਨ ਰੱਦ ਹੋਣ ਨਾਲ ਇਨ੍ਹਾਂ ਐੱਨਜੀਓਜ਼ ਨੂੰ ਨਾ ਤਾਂ ਵਿਦੇਸ਼ ਤੋਂ ਦਾਨ ਲੈਣ ਦਾ ਹੱਕ ਹੋਵੇਗਾ ਅਤੇ ਨਾ ਹੀ ਮੌਜੂਦਾ ਫੰਡਾਂ ਦੀ ਵਰਤੋਂ ਕਰ ਸਕਣਗੀਆਂ। ਸੂਤਰਾਂ ਨੇ ਕਿਹਾ ਕਿ ਗ੍ਰਹਿ ਮੰਤਰਾਲੇ ਨੇ ਐੱਨਜੀਓਜ਼ ਵੱਲੋਂ ਉਨ੍ਹਾਂ ਕੰਮਾਂ ਲਈ ਫੰਡਾਂ ਦੀ ਵਰਤੋਂ ਕਰਨ ਦਾ ਨੋਟਿਸ ਲਿਆ ਜਿਨ੍ਹਾਂ ਦਾ ਉਨ੍ਹਾਂ ਨੂੰ ਕੋਈ ਅਧਿਕਾਰ ਨਹੀਂ ਸੀ। ਉਨ੍ਹਾਂ ਕਿਹਾ ਕਿ ਐੱਨਜੀਓਜ਼ ਨੇ ਅਜਿਹਾ ਕਰਕੇ ਐੱਫਸੀਆਰਏ ਦੀਆਂ ਧਾਰਾਵਾਂ ਦੀ ਉਲੰਘਣਾ ਕੀਤੀ ਹੈ। ਦੇਸ਼ ’ਚ 17 ਜੁਲਾਈ, 2023 ਤੱਕ ਵੈਧ ਐੱਫਸੀਆਰਏ ਲਾਇਸੈਂਸਾਂ ਵਾਲੀਆਂ 16,301 ਐੱਨਜੀਓਜ਼ ਸਨ। ਕੇਂਦਰ ਨੇ ਪਿਛਲੇ ਪੰਜ ਸਾਲਾਂ ਦੌਰਾਨ ਕਾਨੂੰਨ ਦੀ ਉਲੰਘਣਾ ਲਈ 6600 ਤੋਂ ਜ਼ਿਆਦਾ ਐੱਨਜੀਓਜ਼ ਦੇ ਐੱਫਸੀਆਰਏ ਲਾਇਸੈਂਸ ਰੱਦ ਕੀਤੇ ਹਨ। ਪਿਛਲੇ ਇਕ ਦਹਾਕੇ ਦੌਰਾਨ ਕੁੱਲ ਮਿਲਾ ਕੇ 20,693 ਐੱਨਜੀਓਜ਼ ਦੇ ਐੱਫਸੀਆਰਏ ਲਾਇਸੈਂਸ ਰੱਦ ਕੀਤੇ ਜਾ ਚੁੱਕੇ ਹਨ। -ਪੀਟੀਆਈ